ਸੋਸ਼ਲ ਮੀਡੀਆ ਦਾ ਜ਼ਿੰਦਗੀ ’ਤੇ ਪ੍ਰਭਾਵ
ਹਰਪ੍ਰੀਤ ਕੌਰ ਸੰਧੂ
ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਜੇਕਰ ਅਸੀਂ ਇਸ ਨੂੰ ਸਾਵਧਾਨੀ ਨਾਲ ਵਰਤੀਏ ਤਾਂ ਇਹ ਸਾਡੇ ਲਈ ਵਰਦਾਨ ਹੈ, ਪਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਸੋਸ਼ਲ ਮੀਡੀਆ ਬਾਰੇ ਬਹਿਸ ਛਿੜਨ ਦਾ ਮੁੱਖ ਕਾਰਨ ਇਹ ਹੀ ਹੈ ਕਿ ਇਸ ਦੀ ਦੁਰਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਬਣਨ ਦੇ ਨੁਕਸਾਨ ਨਹੀਂ ਹਨ, ਉਸ ਨੂੰ ਇਸਤੇਮਾਲ ਕਰਨ ਦੇ ਤਰੀਕਿਆਂ ਦੇ ਨੁਕਸਾਨ ਹਨ। ਤਕਨਾਲੋਜੀ ਕਦੀ ਵੀ ਨੁਕਸਾਨਦਾਇਕ ਨਹੀਂ ਹੁੰਦੀ ਜਦੋਂ ਤੱਕ ਉਸ ਨੂੰ ਗ਼ਲਤ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ।
ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਅਸੀਂ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਰੱਖ ਸਕਦੇ ਹਾਂ। ਇਸ ਮਾਧਿਅਮ ਨੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਇੱਕ ਦੂਜੇ ਤੋਂ ਜਾਣੂ ਹਾਂ। ਗੱਲ ਪਲਾਂ ਵਿੱਚ ਕਿਤੋਂ ਦੀ ਕਿਤੇ ਪਹੁੰਚ ਜਾਂਦੀ ਹੈ। ਆਪਣੇ ਵਰਗੀ ਵਿਚਾਰਧਾਰਾ ਦੇ ਲੋਕ ਮਿਲਣ ਤਾਂ ਗੱਲਬਾਤ ਕਰਨ ਵਿੱਚ ਜਾਂ ਆਪਣੀਆਂ ਲਿਖਤਾਂ ਸਾਂਝੀਆਂ ਕਰਨ ਵਿੱਚ ਚੰਗਾ ਲੱਗਦਾ ਹੈ। ਕਿਸੇ ਮੁਸੀਬਤ ਦੇ ਵੇਲੇ ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੁਕਾਰ ਨਾਲ ਹਜ਼ਾਰਾਂ ਹੱਥ ਮਦਦ ਲਈ ਅੱਗੇ ਆ ਜਾਂਦੇ ਹਨ।
ਸੋਸ਼ਲ ਮੀਡੀਆ ਦੇ ਅਣਗਿਣਤ ਫਾਇਦੇ ਹੋਣ ਦੇ ਬਾਵਜੂਦ ਇਸ ਦਾ ਇਸਤੇਮਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਇਸ ਦੇ ਨੁਕਸਾਨ ਵੱਧ ਹੋ ਰਹੇ ਹਨ। ਸੋਸ਼ਲ ਮੀਡੀਆ ਉਹ ਜਾਣਕਾਰੀ ਵੀ ਦੇ ਰਿਹਾ ਹੈ ਜਿਸ ਦੀ ਜ਼ਰੂਰਤ ਨਹੀਂ ਹੈ ਖ਼ਾਸ ਤੌਰ ’ਤੇ ਬੱਚਿਆਂ ਨੂੰ। ਅਸੀਂ ਆਪਣੇ ਪਰਿਵਾਰ ਦੇ ਚਾਰ ਜੀਆਂ ਨਾਲ ਗੱਲਬਾਤ ਨਹੀਂ ਕਰਦੇ, ਪਰ ਸੋਸ਼ਲ ਮੀਡੀਆ ’ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ। ਬਹੁਤ ਹਾਸੋਹੀਣੀ ਗੱਲ ਉਦੋਂ ਲੱਗਦੀ ਹੈ ਜਦੋਂ ਆਪਣੇ ਜੀਵਨ ਸਾਥੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਸੀਂ ਸੋਸ਼ਲ ਮੀਡੀਆ ’ਤੇ ਦਿੰਦੇ ਹਾਂ। ਕਈ ਵਾਰ ਮਨ ਵਿੱਚ ਸਵਾਲ ਉੱਠਦਾ ਹੈ ਕਿ ਸਾਡੇ ਨਾਲ ਦੇ ਬੈੱਡ ’ਤੇ ਬੈਠੇ ਬੰਦੇ ਨੂੰ ਵਧਾਈ ਦੇਣ ਲਈ ਸੋਸ਼ਲ ਮੀਡੀਆ ਦੀ ਕੀ ਜ਼ਰੂਰਤ ਹੈ? ਦਰਅਸਲ, ਸੋਸ਼ਲ ਮੀਡੀਆ ਨੇ ਜ਼ਿੰਦਗੀ ਵਿੱਚ ਵਿਖਾਵੇ ਨੂੰ ਬਹੁਤ ਵਧਾ ਦਿੱਤਾ ਹੈ। ਬਹੁਤੇ ਪਰਿਵਾਰ ਤਾਂ ਸਿਰਫ਼ ਇਸ ਲਈ ਹੀ ਛੁੱਟੀ ’ਤੇ ਜਾਂਦੇ ਹਨ ਕਿ ਸੋਸ਼ਲ ਮੀਡੀਆ ’ਤੇ ਫੋਟੋਆਂ ਪਾ ਸਕਣ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਹਾਈਟੈਕ ਹੋਏ ਚੋਰਾਂ ਨੇ ਸੋਸ਼ਲ ਮੀਡੀਆ ਤੋਂ ਸੂਹ ਲੈ ਕੇ ਘੁੰਮਣ ਗਿਆਂ ਦੇ ਘਰਾਂ ਵਿੱਚ ਚੋਰੀ ਕਰ ਲਈ। ਹੁਣ ਹਰ ਥਾਂ ਜਾਣ ਦੀ ਲਾਈਵ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਜਾਂਦੀ ਹੈ। ਬਾਹਰ ਜਾ ਕੇ ਕੀ ਖਾਧਾ-ਪੀਤਾ ਇਸ ਸਭ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ’ਤੇ ਦਿੱਤੀ ਜਾ ਰਹੀ ਹੈ।
ਅੱਜ ਅਸੀਂ ਨੱਚ-ਨੱਚ ਕੇ ਰੀਲ੍ਹਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਹਨੇਰੀ ਲਿਆ ਦਿੱਤੀ ਹੈ। ਹਰ ਕੋਈ ਆਪਣੇ ਨੱਚਣ ਦੇ ਹੁਨਰ ਦੀ ਨੁਮਾਇਸ਼ ਕਰ ਰਿਹਾ ਹੈ। ਇਹ ਦੱਸਦਾ ਹੈ ਕਿ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਅਜੇ ਵੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸੀ ਤੇ ਕੋਈ ਮੁੰਡਾ ਸਾਨੂੰ ਵੇਖ ਕੇ ਸੀਟੀ ਮਾਰ ਦਿੰਦਾ ਸੀ ਤਾਂ ਅਸੀਂ ਉਸ ਦਾ ਮੂੰਹ ਤੋੜਨ ਤੱਕ ਜਾਂਦੀਆਂ ਸੀ। ਇੰਝ ਲੱਗਦਾ ਸੀ ਕਿ ਇਸ ਨੇ ਮੈਨੂੰ ਦੇਖ ਕੇ ਸੀਟੀ ਮਾਰ ਕਿਵੇਂ ਦਿੱਤੀ, ਪਰ ਹੁਣ ਹਰ ਕੋਈ ਸੋਸ਼ਲ ਮੀਡੀਆ ’ਤੇ ਆਪਣੀਆਂ ਨੱਚਣ ਗਾਉਣ ਦੀਆਂ ਵੀਡੀਓ ਇਸ ਤਰ੍ਹਾਂ ਪਾ ਰਿਹਾ ਹੈ ਕਿ ਲੋਕ ਉਨ੍ਹਾਂ ਨੂੰ ਵੇਖਣ ਤੇ ਖ਼ੁਸ਼ ਹੋਣ। ਰੀਲ੍ਹਾਂ ਨੇ ਤਾਂ ਸੱਭਿਆਚਾਰ ਦਾ ਸੱਤਿਆਨਾਸ਼ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਕਰਕੇ ਅਨੇਕਾਂ ਪਰਿਵਾਰ ਟੁੱਟ ਰਹੇ ਹਨ। ਪਤੀ-ਪਤਨੀ ਇੱਕ ਕਮਰੇ ਵਿੱਚ ਬੈਠੇ ਆਪਣੇ ਦਿਲ ਦਾ ਦਰਦ ਕਿਸੇ ਦੂਰ ਸ਼ਹਿਰ ਵਿੱਚ ਰਹਿੰਦੇ ਇਸਤਰੀ ਜਾਂ ਪੁਰਸ਼ ਨਾਲ ਸਾਂਝਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਬੈਠੇ ਜੀਵਨ ਸਾਥੀ ਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿੰਨੀ ਅਜੀਬ ਗੱਲ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਸਿਰ ’ਤੇ ਰਿਸ਼ਤੇ ਬਣਾਉਂਦੇ ਹਾਂ ਤੇ ਸੋਸ਼ਲ ਮੀਡੀਆ ਕਰਕੇ ਹੀ ਰਿਸ਼ਤੇ ਤੋੜ ਦਿੰਦੇ ਹਾਂ। ਦੋ ਬੰਦੇ ਫੇਸਬੁੱਕ ’ਤੇ ਮਿਲਦੇ ਹਨ ਅਤੇ ਦੋਸਤ ਬਣ ਜਾਂਦੇ ਹਨ। ਫਿਰ ਇੱਕ ਦੂਜੇ ਨਾਲ ਵਟਸਐਪ ਦਾ ਨੰਬਰ ਸਾਂਝਾ ਕਰਦੇ ਹਨ। ਗੱਲਬਾਤ ਹੋਣ ਲੱਗਦੀ ਹੈ। ਹੌਲੀ ਹੌਲੀ ਇਹ ਗੱਲਬਾਤ ਇੱਕ ਰਿਸ਼ਤੇ ਵਿੱਚ ਬਦਲ ਜਾਂਦੀ ਹੈ। ਬਸ ਰਿਸ਼ਤੇ ਦੀ ਮੋਹਰ ਲੱਗਦੇ ਹੀ ਇੱਕ ਦੂਜੇ ਦੇ ਸੋਸ਼ਲ ਮੀਡੀਆ ’ਤੇ ਕਿਸੇ ਹੋਰ ਲਈ ਕੀਤੇ ਕੁਮੈਂਟ ਨਾਲ ਨੁਕਤਾਚੀਨੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਰਿਸ਼ਤਾ ਬਣਿਆ ਹੀ ਇਸ ਮਾਧਿਅਮ ਨਾਲ ਹੁੰਦਾ ਹੈ। ਇਸ ਲਈ ਮਨ ਵਿੱਚ ਕਿਤੇ ਡਰ ਹੁੰਦਾ ਹੈ ਕਿ ਅਜਿਹਾ ਕੋਈ ਹੋਰ ਰਿਸ਼ਤਾ ਨਾ ਬਣ ਜਾਵੇ।
ਕੋਈ ਕਿਸੇ ਦੀ ਤਸਵੀਰ ਜਾਂ ਵੀਡੀਓ ’ਤੇ ਕੀ ਕੁਮੈਂਟ ਕਰਦਾ ਹੈ, ਇਸ ’ਤੇ ਸਭ ਤੋਂ ਵੱਧ ਤਲਖ਼ੀ ਹੁੰਦੀ ਹੈ। ਜਿਹੜੇ ਘਰ ਵਿੱਚ ਬੈਠੇ ਆਪਣੀ ਪਤਨੀ ਨੂੰ ਕਦੀ ਖ਼ੂਬਸੂਰਤ ਨਹੀਂ ਕਹਿੰਦੇ, ਉਹ ਲੋਕਾਂ ਦੀਆਂ ਔਰਤਾਂ ਦੀਆਂ ਤਸਵੀਰਾਂ ’ਤੇ ਬਹੁਤ ਖ਼ੂਬਸੂਰਤ, ਬਿਊਟੀਫੁਲ, ਅਤੀ ਸੁੰਦਰ ਆਦਿ ਲਿਖਦੇ ਹਨ। ਜੇਕਰ ਪਤਨੀ ਇਸ ਨੂੰ ਦੇਖੇਗੀ ਤਾਂ ਉਸ ਨੂੰ ਬੁਰਾ ਤਾਂ ਲੱਗੇਗਾ ਹੀ। ਇਹੀ ਗੱਲ ਪੁਰਸ਼ਾਂ ਨਾਲ ਵੀ ਹੁੰਦੀ ਹੈ। ਸਮਾਜਿਕ ਰਿਸ਼ਤਿਆਂ ਦਾ ਸਾਰਾ ਤਾਣਾ ਬਾਣਾ ਸੋਸ਼ਲ ਮੀਡੀਆ ਨੇ ਉਧੇੜ ਕੇ ਰੱਖ ਦਿੱਤਾ ਹੈ। ਗ੍ਰਹਿਸਤ ਜੀਵਨ ਵਿੱਚ ਸਭ ਤੋਂ ਜ਼ਿਆਦਾ ਤਣਾਅ ਸੋਸ਼ਲ ਮੀਡੀਆ ਕਰਕੇ ਹੈ। ਪਤਨੀ ਨਹੀਂ ਜਾਣਦੀ ਕਿ ਪਤੀ ਕਿਸ ਨਾਲ ਕੀ ਗੱਲ ਕਰ ਰਿਹਾ ਹੈ, ਠੀਕ ਇਸੇ ਤਰ੍ਹਾਂ ਪਤੀ ਨਹੀਂ ਜਾਣਦਾ ਕਿ ਪਤਨੀ ਕਿਸੇ ਨਾਲ ਕੀ ਗੱਲ ਕਰ ਰਹੀ ਹੈ। ਹਰ ਕਿਸੇ ਨੇ ਆਪਣੇ ਮੋਬਾਈਲ ਨੂੰ ਲੌਕ ਲਾ ਰੱਖਿਆ ਹੈ।
ਇੱਕ ਦਿਨ ਕੁਝ ਸਹੇਲੀਆਂ ਵਿੱਚ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇੱਕ ਨੇ ਦੂਜੀ ਨੂੰ ਕਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸਭ ਤੋਂ ਪਹਿਲਾਂ ਮੇਰੇ ਘਰ ਆ ਕੇ ਮੇਰੇ ਫੋਨ ਨੂੰ ਰੀਸੈੱਟ ਕਰ ਦੇਵੀਂ ਨਹੀਂ ਤਾਂ ਘਰਦਿਆਂ ਨੇ ਮਰੀ ਨੂੰ ਵੀ ਨਹੀਂ ਰੋਣਾ। ਕਿਉਂਕਿ ਜੇਕਰ ਸੱਸ ਨੇ ਮੋਬਾਈਲ ਦੇਖ ਲਿਆ ਤਾਂ ਮਾਂ ਨਾਲ ਸਾਰੀਆਂ ਕੀਤੀਆਂ ਹੋਈਆਂ ਉਸ ਦੀਆਂ ਚੁਗਲੀਆਂ ਵੇਖ ਲਏਗੀ। ਸੋਸ਼ਲ ਮੀਡੀਆ ਨੇ ਸਾਡੇ ਤੋਂ ਅਜਿਹਾ ਬਹੁਤ ਕੁਝ ਕਰਵਾਇਆ ਹੈ ਅਤੇ ਕਰਵਾ ਰਿਹਾ ਹੈ ਜੋ ਸਾਡੇ ਲਈ ਹੀ ਕਦੀ ਨਾ ਕਦੀ ਮੁਸੀਬਤ ਬਣ ਸਕਦਾ ਹੈ।
ਮਨੁੱਖੀ ਸੁਭਾਅ ਵਿੱਚ ਈਰਖਾ ਅਤੇ ਸਾੜਾ ਕੁਦਰਤੀ ਹੈ। ਸੋਸ਼ਲ ਮੀਡੀਆ ’ਤੇ ਜਦੋਂ ਇੱਕ ਬੰਦਾ ਕਿਸੇ ਦੂਜੇ ਨੂੰ ਕੋਈ ਕੁਮੈਂਟ ਦਿੰਦਾ ਹੈ ਤਾਂ ਉਸ ਨਾਲ ਜੁੜੇ ਹੋਏ ਬੰਦੇ ਨੂੰ ਬੁਰਾ ਲੱਗਣਾ ਜਾਇਜ਼ ਹੈ। ਹੁਣ ਜੇ ਉਹ ਟੋਕਦਾ ਹੈ ਤਾਂ ਉਹ ਬੁਰਾ ਬਣਦਾ ਹੈ ਕਿਉਂਕਿ ਸਾਹਮਣੇ ਵਾਲਾ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣਾ ਚਾਹੁੰਦਾ ਹੈ। ਜੇਕਰ ਉਹ ਨਹੀਂ ਟੋਕਦਾ ਤਾਂ ਉਹ ਆਪਣੇ ਅੰਦਰ ਹੀ ਅੰਦਰ ਕੁੜ੍ਹਦਾ ਹੈ। ਜੋ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ, ਉਹ ਸੌਖਾ ਰਹਿੰਦਾ ਹੈ ਨਹੀਂ ਤਾਂ ਆਪਣੇ ਅੰਦਰ ਹੀ ਅੰਦਰ ਕੁੜ੍ਹਦਾ ਰਹਿੰਦਾ ਹੈ। ਲੋਕ ਵੀ ਕਿਸੇ ਦੀਆਂ ਤਸਵੀਰਾਂ ਵੇਖ ਕੇ ਉਸ ਬਾਰੇ ਆਪਣੇ ਹਿਸਾਬ ਨਾਲ ਕਿਆਸ ਲਾਉਣ ਲੱਗਦੇ ਹਨ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਨਜ਼ਰੀਏ ਨਾਲ ਤੁਸੀਂ ਕਿਸੇ ਤਸਵੀਰ ਨੂੰ ਵੇਖ ਕੇ ਅੰਦਾਜ਼ਾ ਲਾਉਂਦੇ ਹੋ, ਉਸ ਵਿੱਚ ਮੌਜੂਦ ਲੋਕਾਂ ਦਾ ਅਜਿਹਾ ਕੋਈ ਅਹਿਸਾਸ ਰਿਹਾ ਹੋਵੇ। ਦੂਜੇ ਪਾਸੇ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਿੱਥੇ ਕਰਦੇ ਹਾਂ। ਸਾਨੂੰ ਤਾਂ ਬਸ ਗੱਲ ਚਾਹੀਦੀ ਹੈ।
ਸੋਸ਼ਲ ਮੀਡੀਆ ਤੋਂ ਤਸਵੀਰਾਂ ਚੁੱਕ ਕੇ ਉਨ੍ਹਾਂ ਦੀ ਗ਼ਲਤ ਵਰਤੋਂ ਕਰਨੀ ਬਹੁਤ ਆਮ ਗੱਲ ਹੈ। ਸੋਸ਼ਲ ਮੀਡੀਆ ਅਕਾਊਂਟ ਤੋਂ ਫੋਟੋਆਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਈ ਜਾ ਸਕਦੀ ਹੈ। ਇਹ ਸਭ ਜਾਣਦੇ ਹੋਏ ਵੀ ਅਸੀਂ ਆਪਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਪਾਉਂਦੇ ਹਾਂ। ਸਾਡੇ ਵੱਲੋਂ ਪਾਈ ਤਸਵੀਰ ’ਤੇ ਜਦੋਂ ਕੋਈ ਵਿਪਰੀਤ ਲਿੰਗ ਦਾ ਬੰਦਾ ਦਿਲ ਬਣਾਉਂਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਕੁਮੈਂਟ ਕਰਦਾ ਹੈ ਤਾਂ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਜੀਵਨ ਸਾਥੀ ’ਤੇ ਉਸ ਦਾ ਕੀ ਅਸਰ ਹੋਵੇਗਾ। ਉਸ ਨੂੰ ਯਕੀਨਨ ਇਹ ਚੰਗਾ ਨਹੀਂ ਲੱਗਦਾ। ਅਸੀਂ ਆਪਣਿਆਂ ਨੂੰ ਲੈ ਕੇ ਥੋੜ੍ਹੇ ਜਿਹੇ ਭਾਵੁਕ ਤਾਂ ਹੁੰਦੇ ਹਾਂ। ਹੋਣਾ ਬਣਦਾ ਵੀ ਹੈ।
ਅੱਜ ਕੱਚ ਵਾਂਗ ਤਿੜਕ ਰਹੇ ਰਿਸ਼ਤਿਆਂ ਦੇ ਪਿੱਛੇ ਮੁੱਖ ਕਾਰਨ ਸੋਸ਼ਲ ਮੀਡੀਆ ਹੀ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਦਾ ਸਹੀ ਇਸਤੇਮਾਲ ਕਰਨਾ ਸਿੱਖੀਏ। ਅਸੀਂ ਇਸ ਨੂੰ ਇਸਤੇਮਾਲ ਕਰਨਾ ਹੈ ਇਸ ਦੇ ਗ਼ੁਲਾਮ ਨਹੀਂ ਬਣਨਾ। ਇੰਝ ਨਾ ਹੋਵੇ ਕਿ ਸਾਨੂੰ ਸੋਸ਼ਲ ਮੀਡੀਆ ਚਲਾ ਰਿਹਾ ਹੋਵੇ। ਸੋਸ਼ਲ ਮੀਡੀਆ ਵਰਤਦੇ ਹੋਏ ਵੀ ਆਪਣੀ ਜ਼ਿੰਦਗੀ ਦੀ ਨਿੱਜਤਾ ਨੂੰ ਕਾਇਮ ਰੱਖੋ। ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਹੀ ਰਹਿਣ ਦਿਓ। ਹਰ ਗੱਲ ਸੋਸ਼ਲ ਮੀਡੀਆ ’ਤੇ ਸਾਂਝੀ ਕਰਨੀ ਜ਼ਰੂਰੀ ਨਹੀਂ ਹੁੰਦੀ। ਕੋਸ਼ਿਸ਼ ਕਰੋ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਉਸ ਤਰ੍ਹਾਂ ਹੀ ਕੀਤਾ ਜਾਵੇ ਜਿਸ ਤਰ੍ਹਾਂ ਇਹ ਸਾਡੀ ਜ਼ਿੰਦਗੀ ਵਿੱਚ ਸਹਾਈ ਹੋਵੇ। ਰਿਸ਼ਤੇ ਅਤੇ ਸੋਸ਼ਲ ਮੀਡੀਆ ਵਿੱਚੋਂ ਜੇ ਇੱਕ ਚੁਣਨਾ ਹੋਵੇ ਤਾਂ ਰਿਸ਼ਤਾ ਚੁਣੋ।