ਨਿਗਮ ਦੀ ਮਾੜੀ ਆਰਥਿਕਤਾ ਦਾ ਸ਼ਹਿਰ ਦੇ ਵਿਕਾਸ ’ਤੇ ਅਸਰ
ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੁਲਾਈ
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਨਗਰ ਨਿਗਮ ਦੀ ਮਾੜੀ ਆਰਥਿਕ ਹਾਲਤ ਦਾ ਅਸਰ ਸਾਫ ਤੌਰ ’ਤੇ ਦਿਖਾਈ ਦਿੱਤਾ। ਮੇਅਰ ਰਾਜਬਾਲਾ ਮਲਿਕ ਦੀ ਪ੍ਰਧਾਨਗੀ ਹੇਠ ਅੱਜ ਹੋਈ ਇਸ ਮੀਟਿੰਗ ਵਿੱਚ ਸੈਕਟਰ-25 ਸ਼ਮਸ਼ਾਨ ਘਾਟ ਵਿੱਚ ਲੱਕੜੀ ਲਈ ਵਾਟਰ ਪਰੂਫ ਸ਼ੈੱਡ ਬਣਾਉਣ ਲਈ 48 ਲੱਖ ਦਾ ਏਜੰਡਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਨੂੰ ਸਿਰਫ ਡੰਗ ਟਪਾਊ ਸਲਾਹ ਮਸ਼ਵਰੇ ਅਤੇ ਆਦੇਸ਼ ਹੀ ਦਿੱਤੇ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਨਾਲ ਸ਼ਹਿਰ ਲਈ ਵਿਕਾਸ ਪ੍ਰਾਜੈਕਟਾਂ ਸਬੰਧੀ ਚਰਚਾ ਕੀਤੀ ਅਤੇ ਨਿਗਮ ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ, ਸੀਵਰੇਜ ਸਿਸਟਮ ਨੂੰ ਮਜ਼ਬੂਤ ਕਰਣ ਅਤੇ ਪਾਣੀ ਭੰਡਾਰਨ ਟੈਂਕਾਂ ਸਬੰਧੀ ਜਾਰੀ ਪ੍ਰਾਜੈਕਟ ਨੂੰ ਹੋਰ ਰਫ਼ਤਾਰ ਦੇਣ ਲਈ ਕਿਹਾ। ਨਿਗਮ ਵੱਲੋਂ ਇਸ ਪ੍ਰਾਜੈਕਟ ਲਈ ਪਹਿਲਾਂ ਹੀ ਖ਼ਰਚੇ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ। ਕਮੇਟੀ ਨੇ ਨਿਗਮ ਦੇ ਅਧਿਕਾਰਤ ਖੇਤਰ ਅਧੀਨ ਪਿੰਡ ਮਲੋਆ, ਪਲਸੋਰਾ ਅਤੇ ਕਜੇਹੜੀ ਦੀਆਂ ਦੁਕਾਨਾਂ ਦੇ ਸੋਧੇ ਹੋਏ ਕਿਰਾਏ ਬਾਰੇ ਪੇਸ਼ ਏਜੰਡੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਚੰਦਰਵਤੀ ਸ਼ੁਕਲਾ, ਦਲੀਪ ਸ਼ਰਮਾ, ਰਾਜੇਸ਼ ਕੁਮਾਰ ਗੁਪਤਾ, ਰਵਿੰਦਰ ਕੌਰ ਗੁਜਰਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਨਿਗਮ ਵੱਲੋਂ ਹਟਾਏ ਜਾਣਗੇ ਡੰਪ ਕੀਤੇ ਕੰਡਮ ਵਾਹਨ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਡੰਪ ਕੀਤੇ ਕੰਡਮ ਵਾਹਨਾਂ ਨੂੰ ਹਟਾਉਣ ਲਈ ਛੇਤੀ ਹੀ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਕੌਂਸਲਰ ਕੰਵਰਜੀਤ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਐਨਫੋਰਸੇਮੈਂਟ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਨਿਗਮ ਦੇ ਐਨਫੋਰਸੇਮੈਂਟ ਵਿੰਗ ਦੇ ਸਟੋਰ ਵਿੱਚ ਲਾਵਾਰਿਸ ਸਾਮਾਨ ਨੂੰ ਨਿਲਾਮੀ ਜ਼ਰੀਏ ਸਾਫ਼ ਕਰਨ ਦੀ ਹਦਾਇਤ ਵੀ ਦਿੱਤੀ।
ਜਾਇਦਾਦ ਟੈਕਸ ਭਰਨ ਦੀ ਆਖਰੀ ਤਰੀਕ 31 ਜੁਲਾਈ ਤੱਕ ਵਧੀ
ਨਗਰ ਨਿਗਮ ਨੇ ਇਸ ਵਿੱਤੀ ਵਰ੍ਹੇ ਲਈ ਚੈੱਕ ਰਾਹੀਂ ਜਾਇਦਾਦ ਟੈਕਸ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਤਰੀਕ 27 ਜੁਲਾਈ ਸੀ। ਇਸ ਦੇ ਨਾਲ ਹੀ ਇਸ ਸਾਲ ਲਈ ਸ਼ਹਿਰ ਵਿੱਚ ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ ਲਈ ਛੋਟ ਨਾਲ ਟੈਕਸ ਭਰਨ ਦੀ ਮਿਆਦ ਵੀ 31 ਨੂੰ ਸਮਾਪਤ ਹੋ ਰਹੀ ਹੈ। ਇਸ ਮਿਆਦ ਦੌਰਾਨ ਪ੍ਰਾਪਰਟੀ ਟੈਕਸ ਉਤਾਰਨ ਵਾਲਿਆਂ ਨੂੰ ਕੁਝ ਛੋਟ ਮਿਲੇਗੀ। ਇਸ ਤੋਂ ਬਾਅਦ ਜਾਇਦਾਦ ਟੈਕਸ ਭਰਨ ਵਾਲਿਆਂ ਨੂੰ ਬਣਦੇ ਟੈਕਸ ’ਤੇ 25 ਫ਼ੀਸਦੀ ਜੁਰਮਾਨੇ ਦੇ ਨਾਲ ਨਾਲ 12 ਫ਼ੀਸਦੀ ਵਿਆਜ ਵੀ ਦੇਣਾ ਪਏਗਾ।