For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ ਦਾ ਪ੍ਰਭਾਵ

04:08 AM Jan 25, 2025 IST
ਪੰਜਾਬ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ ਦਾ ਪ੍ਰਭਾਵ
Advertisement
ਡਾ. ਐੱਸ. ਪੀ. ਐੱਸ. ਬਰਾੜ
Advertisement

ਪੰਜਾਬ ਦੀ ਖੇਤੀ ਸਬੰਧੀ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਰਸਾਇਣਿਕ ਖਾਦਾਂ ਲੋੜ ਤੋਂ ਜ਼ਿਆਦਾ ਵਰਤਦੇ ਹਨ। ਇਸ ਨਾਲ ਜ਼ਮੀਨ ਜ਼ਹਿਰੀਲੀ ਹੋ ਗਈ ਅਤੇ ਫ਼ਸਲਾਂ ਵਿੱਚ ਵੀ ਕੈਮੀਕਲ ਆ ਗਏ ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵਧ ਗਈਆਂ। ਦਰਅਸਲ, ਜਦੋਂ ਲੋਕ ਇਹ ਗੱਲਾਂ ਕਰਦੇ ਹਨ ਤਾਂ ਮੁਕਾਬਲਾ ਭਾਰਤ ਦੀ ਖਾਦਾਂ ਦੀ ਔਸਤ ਖਪਤ ਨਾਲ ਕਰਦੇ ਹਨ। ਮੁਕਾਬਲੇ ਵੇਲੇ ਭਾਰਤ ਅਤੇ ਪੰਜਾਬ ਦੀ ਅਸਲ ਸਥਿਤੀ ਲਕੋਈ ਜਾਂਦੀ ਹੈ।

Advertisement

ਇਹ ਸਾਰਾ ਬਿਰਤਾਂਤ ਕਾਰਪੋਰੇਟ ਅਤੇ ਉਨ੍ਹਾਂ ਪੱਖੀ ਬੁੱਧੀਜੀਵੀਆਂ ਵੱਲੋਂ ਜਾਣਬੁੱਝ ਕੇ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਉਪਜ ਨਾ ਵਿੱਕੇ, ਕਿਸਾਨ ਕਰਜ਼ਾਈ ਤਾਂ ਪਹਿਲਾਂ ਹੀ ਹਨ। ਕਰਜ਼ੇ ਦੇ ਦੱਬੇ ਕਿਸਾਨ ਜ਼ਮੀਨਾਂ ਵੇਚ ਜਾਣ ਅਤੇ ਉਹ ਸਸਤੇ ਭਾਅ ਖ਼ਰੀਦ ਲੈਣ। ਗੱਲ ਇਹ ਹੈ ਕਿ ਖੁਰਾਕ ਦੀ ਪ੍ਰੋਸੈਸਿੰਗ ਅਤੇ ਬਰਾਮਦ ਤਾਂ ਪਹਿਲਾਂ ਹੀ ਕਾਰਪੋਰੇਟ ਦੇ ਹੱਥ ਹੈ। ਜੇ ਖੁਰਾਕ ਦੀ ਪੈਦਾਵਾਰ ਵੀ ਉਨ੍ਹਾਂ ਦੇ ਹੱਥ ਆ ਜਾਏ ਤਾਂ ਖੁਰਾਕ ’ਤੇ ਪੂਰੇ ਦਾ ਪੂਰਾ ਕਬਜ਼ਾ ਕਾਰਪੋਰੇਟ ਦਾ ਹੋ ਜਾਵੇਗਾ। ਇਸ ਸਾਲ ਬਿਨਾਂ ਤਫਤੀਸ਼ ਕੀਤੇ ਪੰਜਾਬ ਦੇ ਚੌਲਾਂ ਨੂੰ ਭੰਡਣਾ ਇਸੇ ਦਾ ਨਤੀਜਾ ਹੈ। ਹਾਲਾਂਕਿ ਕੇਂਦਰ ਦੇ ਪਿਛਲੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਹ ਸਾਲ ਤੋਂ ਚੱਲਦੇ ਤਜਰਬੇ ਦੱਸਦੇ ਹਨ ਕਿ ਸਹੀ ਢੰਗ ਨਾਲ ਖਾਦਾਂ ਵਰਤਣ ਨਾਲ ਜ਼ਮੀਨ ਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਉਤਪਾਦਕਤਾ ਵੀ ਬਰਕਰਾਰ ਰਹਿੰਦੀ ਹੈ। ਪੰਜਾਬ ਵਿੱਚ ਵੀ ਅੱਜ ਤੱਕ ਕਿਤੋਂ ਇਹ ਰਿਪੋਰਟ ਨਹੀਂ ਆਈ ਕਿ ਰਸਾਇਣਿਕ ਖਾਦਾਂ ਵਰਤਣ ਨਾਲ ਜ਼ਮੀਨ ਖ਼ਰਾਬ ਹੋ ਗਈ ਅਤੇ ਫ਼ਸਲ ਦਾ ਝਾੜ ਘਟ ਗਿਆ। ਜਿੱਥੋ ਤੱਕ ਭਾਰਤ ਦੀ ਔਸਤ ਨਾਲੋਂ ਵੱਧ ਖਾਦਾਂ ਵਰਤਣ ਦਾ ਸਬੰਧ ਹੈ, ਉਸ ਦੇ ਕਾਰਨ ਹਨ।

ਮੁੱਖ ਕਾਰਨ ਹੈ ਭਾਰਤ ਦਾ ਸਿਰਫ਼ 37 ਪ੍ਰਤੀਸ਼ਤ ਰਕਬਾ ਹੀ ਸਿੰਚਾਈ ਹੇਠ ਹੈ, ਜਦੋਂਕਿ ਪੰਜਾਬ ਦਾ 98 ਪ੍ਰਤੀਸ਼ਤ ਹੈ। ਫ਼ਸਲ ਪਾਣੀ ਦੇ ਨਾਲ ਵਧਣੀ ਹੈ। ਜੇ ਤੁਹਾਡੇ ਕੋਲ ਪਾਣੀ ਹੀ ਨਹੀਂ ਅਤੇ ਬਾਰਿਸ਼ ’ਤੇ ਨਿਰਭਰ ਹੋ ਤਾਂ ਫ਼ਸਲ ਦਾ ਝਾੜ ਘੱਟ ਹੋਵੇਗਾ। ਜੇ ਝਾੜ, ਘੱਟ ਹੋਵੇਗਾ ਤਾਂ ਖਾਦ ਦੀ ਲੋੜ ਵੀ ਘੱਟ ਪਵੇਗੀ। ਦੂਜੀ ਗੱਲ ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਹੀ ਬਿਜਾਈ ਵੇਲੇ ਕੀਤੀ ਜਾਂਦੀ ਹੈ। ਜੇ ਬਿਜਾਈ ਵੇਲੇ ਤਰ ਵੱਤਰ ਨਹੀਂ ਤਾਂ ਫਿਰ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸੇ ਕਰਕੇ ਸਮੁੱਚੇ ਭਾਰਤ ਵਿੱਚ ਖਾਦਾਂ ਦੀ ਔਸਤ ਵਰਤੋਂ 141 ਕਿਲੋ/ਹੈਕਟੇਅਰ ਹੈ ਅਤੇ ਪੰਜਾਬ ਦੀ 254 ਕਿਲੋ/ਹੈਕਟੇਅਰ ਹੈ। ਜੇ ਫ਼ਸਲ ਵਿਰਲੀ ਹੈ ਤਾਂ ਕੀੜੇ ਤੇ ਬਿਮਾਰੀਆਂ ਵੀ ਘੱਟ ਲੱਗਦੇ ਹਨ। ਇਸੇ ਕਰਕੇ ਭਾਰਤ ਦਾ ਝੋਨੇ ਦਾ ਝਾੜ 42 ਕੁਇੰਟਲ ਪ੍ਰਤੀ ਹੈਕਟੇਅਰ ਹੈ, ਜਦੋਂਕਿ ਪੰਜਾਬ ਦਾ 75 ਕੁਇੰਟਲ ਪ੍ਰਤੀ ਹੈਕਟੇਅਰ ਹੈ। ਕਣਕ ਦੀ ਔਸਤ ਪੈਦਾਵਾਰ ਪੰਜਾਬ ਵਿੱਚ 50 ਕੁਇੰਟਲ ਪ੍ਰਤੀ ਹੈਕਟੇਅਰ ਹੈ। ਭਾਰਤ ਦੀ 35 ਕੁਇੰਟਲ ਦੇ ਮੁਕਾਬਲੇ ਦੋਵੇਂ ਫ਼ਸਲਾਂ ਦਾ ਔਸਤ ਝਾੜ ਪੰਜਾਬ ਦਾ 74 ਫੀਸਦੀ ਵੱਧ ਹੈ। ਜਦੋਂ ਝਾੜ ਵੱਧ ਲੈਣਾ ਹੈ ਤਾਂ ਖੁਰਾਕ ਵੀ ਵੱਧ ਦੇਣੀ ਪਊ।

ਹੁਣ ਗੱਲ ਕਰਦੇ ਹਾਂ ਇਨ੍ਹਾਂ ਖਾਦਾਂ ਵਿੱਚ ਕੀ ਰਸਾਇਣ ਹਨ ਅਤੇ ਕੀ ਉਹ ਜ਼ਹਿਰੀਲੇ ਵੀ ਹੋ ਸਕਦੇ ਹਨ। ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਹੈ ਯੂਰੀਆ ਜੋ ਬੂਟੇ ਦੀ ਨਾਈਟਰੋਜਨ ਦੀ ਲੋੜ ਦੀ ਪੂਰਤੀ ਲਈ ਵਰਤੀ ਜਾਂਦੀ ਹੈ। ਬੂਟੇ ਦੀ ਹਰਿਆਵਲ ਜਿਸ ਨੂੰ ਕਲੋਰੋਫਿਲ ਕਹਿੰਦੇ ਹਨ, ਲਈ ਨਾਈਟਰੋਜਨ ਜ਼ਰੂਰੀ ਹੈ ਅਤੇ ਕਲੋਰੋਫਿਲ ਨਾਲ ਹੀ ਫ਼ਸਲ ਦੇ ਵਧਣ ਫੁੱਲਣ ਲਈ ਪੱਤਿਆਂ ਵਿੱਚ ਖੁਰਾਕ ਬਣਦੀ ਹੈ। ਇੰਨਾ ਹੀ ਨਹੀਂ ਜਿਹੜੀ ਦਾਣਿਆਂ ਵਿੱਚ ਪ੍ਰੋਟੀਨ ਬਣਦੀ ਹੈ, ਨਾਈਟਰੋਜਨ ਉਸ ਦਾ ਜ਼ਰੂਰੀ ਹਿੱਸਾ ਹੈ। ਕਣਕ ਵਿੱਚ 12% ਅਤੇ ਚੌਲਾਂ ਵਿਚ 6.5% ਪ੍ਰੋਟੀਨ ਹੁੰਦੀ ਹੈ। ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਇਨਸਾਨ ਦੇ ਖੂਨ ਵਿੱਚ ਵੀ 170 ਤੋਂ 300 ਮਿਲੀਗ੍ਰਾਮ ਯੂਰੀਆ ਪ੍ਰਤੀ ਲਿਟਰ ਹੁੰਦਾ ਹੈ। ਸਾਧਾਰਨ ਆਦਮੀ ਵਿੱਚ ਤਕਰੀਬਨ 5 ਲਿਟਰ ਖੂਨ ਹੁੰਦਾ ਹੈ ਅਤੇ ਇੱਕ ਤੰਦਰੁਸਤ ਆਦਮੀ 24 ਘੰਟੇ ਵਿੱਚ 25 ਤੋਂ 30 ਗ੍ਰਾਮ ਯੂਰੀਆ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ।

ਯੂਰੀਆ ਕਿਵੇਂ ਬਣਦਾ ਹੈ:

ਹਵਾ ਵਿਚਲੀ ਨਾਈਟਰੋਜਨ ਨੂੰ ਮੀਥੇਨ ਨਾਲ ਰਲਾ ਕੇ ਅਮੋਨੀਆ ਗੈਸ ਤਿਆਰ ਕੀਤੀ ਜਾਂਦੀ ਹੈ ਜਿਹੜੀ ਦਬਾਅ ਹੇਠਾਂ ਤਰਲ ਵੀ ਬਣ ਜਾਂਦੀ ਹੈ। ਫਿਰ ਤੇਲ ਰਿਫਾਈਨਰੀਆਂ ਦੀ ਰਹਿੰਦ ਖੂੰਦ ਵਿੱਚੋਂ ਕਾਰਬਨ ਅਤੇ ਹਾਈਡਰੋਜਨ ਨਾਲ ਮਿਲਾ ਕੇ ਯੂਰੀਆ ਤਿਆਰ ਕੀਤਾ ਜਾਂਦਾ ਹੈ। ਜਿਹੜਾ ਯੂਰੀਆ ਅਸੀਂ ਫ਼ਸਲ ਨੂੰ ਪਾਉਂਦੇ ਹਾਂ, ਉਹ ਜ਼ਮੀਨ ਵਿਚਲੇ ਪਾਣੀ ਅਤੇ ਯੂਰੀਏਜ਼ ਇਨਜ਼ਾਈਮ ਦੀ ਸਹਾਇਤਾ ਨਾਲ ਅਮੋਨੀਅਮ ਬਣ ਜਾਂਦਾ ਹੈ। ਯੂਰੀਏ ਵਿਚਲੀ ਕਾਰਬਨ-ਕਾਰਬਨ ਡਾਇਅਕਸਾਈਡ ਗੈਸ ਦੇ ਰੂਪ ਵਿੱਚ ਨਿਕਲ ਜਾਂਦੀ ਹੈ। ਜੋ ਫਿਰ ਬੂਟੇ ਫੋਟੋਸਿੰਥੇਸਿਸ ਲਈ ਵਰਤਦੇ ਹਨ। ਕੁਝ ਅਮੋਨੀਅਮ ਜੜਾਂ ਰਾਹੀਂ ਬੂਟੇ ਵਿੱਚ ਚਲਾ ਜਾਦਾ ਹੈ, ਪਰ ਬਹੁਤਾ ਬੈਕਟਰੀਆ ਰਾਹੀਂ ਪਹਿਲਾਂ ਨਾਈਟਰਾਈਟ ਅਤੇ ਫਿਰ ਨਾਈਟਰੇਟ ਵਿੱਚ ਤਬਦੀਲ ਹੋ ਜਾਂਦਾ ਹੈ। ਝੋਨਾ ਬਹੁਤੀ ਨਾਈਟਰੋਜਨ ਅਮੋਨੀਅਮ ਦੇ ਰੂਪ ਵਿੱਚ ਲੈਂਦਾ ਹੈ। ਬਾਕੀ ਫ਼ਸਲਾਂ ਨਾਈਟਰੋਜਨ ਨਾਈਟਰੇਟ ਦੇ ਰੂਪ ਵਿੱਚ ਹੀ ਲੈਂਦੀਆਂ ਹਨ। ਜੋ ਯੂਰੀਆ ਅਸੀਂ ਫ਼ਸਲ ਨੂੰ ਪਾਉਂਦੇ ਹਾਂ (ਕਣਕ-ਝੋਨਾ) ਤਾਂ ਤਕਰੀਬਨ 80 ਫੀਸਦੀ ਨਾਈਟਰੋਜਨ ਫ਼ਸਲ ਲੈ ਜਾਂਦੀ ਹੈ। ਬਾਕੀ ਕੁਝ ਜ਼ਮੀਨ ਵਿੱਚ ਜੀਵਕ ਮਾਦੇ ਦੇ ਰੂਪ ਵਿੱਚ ਰਹਿ ਜਾਂਦੀ ਹੈ। ਕੁਝ ਨਾਈਟਰੋਜਨ ਗੈਸ ਬਣ ਕੇ ਫਿਰ ਹਵਾ ਵਿੱਚ ਮਿਲ ਜਾਂਦੀ ਹੈ। ਜ਼ਮੀਨ ਵਿੱਚ ਨਾਈਟਰੇਟ ਪਾਣੀ ਨਾਲ ਉੱਪਰ-ਥੱਲੇ ਹੁੰਦੇ ਰਹਿੰਦੇ ਹਨ, ਪਰ ਫ਼ਸਲਾਂ ਦੀਆਂ ਜੜਾਂ ਜਿਸ ਨੂੰ ਰੂਟ ਜ਼ੋਨ ਕਿਹਾ ਜਾਂਦਾ ਹੈ, ਉਸ ਤੋਂ ਹੇਠਾਂ ਨਹੀਂ ਜਾਂਦੇ। ਜਿਹੜੇ ਨਾਈਟਰੇਟ ਧਰਤੀ ਹੇਠਲੇ ਪਾਣੀ ਵਿੱਚ ਆਉਂਦੇ ਹਨ, ਉਹ ਸ਼ਹਿਰਾਂ ਦੇ ਸੀਵਰ ਸਿਸਟਮ ਅਤੇ ਪਿੰਡਾਂ ਦੀਆਂ ਬੋਰ ਹੋਲ ਲੈਟਰੀਨਾਂ ਅਤੇ ਛੱਪੜ ਜਿਹੜੇ ਸੀਵਰ ਟੈਂਕ ਬਣੇ ਹਨ, ਉਹ ਉਨ੍ਹਾਂ ਦੀ ਦੇਣ ਹੈ।

ਦੂਜਾ ਤੱਤ ਹੈ ਫਾਸਫੋਰਸ ਜਿਹੜਾ ਡੀਏਪੀ ਖਾਦ ਤੋਂ ਮਿਲਦਾ ਹੈ। ਇਹ ਵੀ ਬੂਟੇ ਵਿੱਚ ਖੁਰਾਕ ਬਣਨ ਲਈ ਜ਼ਰੂਰੀ ਹੈ ਅਤੇ ਇਨਸਾਨਾਂ ਲਈ ਵੀ ਜ਼ਰੂਰੀ ਹੈ। ਜ਼ਮੀਨ ਵਿੱਚ ਇਹ ਬਹੁਤਾ ਕੈਲਸ਼ੀਅਮ ਫਾਸਫੇਟ ਦੇ ਰੂਪ ਵਿੱਚ ਹੁੰਦਾ ਹੈ, ਪਰ ਇਹ ਫ਼ਸਲਾਂ ਦੀ ਲੋੜ ਤੋਂ ਘੱਟ ਹੈ। ਇਹ ਉਹੋ ਹੀ ਕਲਕੇਰੀਆ ਫਾਸ ਹੈ ਜਿਹੜਾ ਹੋਮਿਓਪੈਥੀ ਵਾਲੇ ਡਾਕਟਰ ਬੱਚਿਆਂ ਨੂੰ ਦੰਦ ਕੱਢਣ ਵੇਲੇ ਦਿੰਦੇ ਹਨ ਅਤੇ ਐਲੋਪੈਥੀ ਵਾਲੇ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਹੱਡੀਆਂ ਮਜ਼ਬੂਤ ਕਰਨ ਲਈ। ਇਸ ਦੀ ਪੂਰਤੀ ਜ਼ਿਆਦਾਤਰ ਡੀਏਪੀ ਨਾਲ ਕੀਤੀ ਜਾਂਦੀ ਹੈ। ਡੀਏਪੀ ਰਾਕ ਫਾਸਫੇਟ ਹੈ ਜੋ ਕਿ ਜਿਪਸਮ ਵਰਗੀ ਮਿੱਟੀ ਹੀ ਹੁੰਦੀ ਹੈ, ਇਹ ਉਸ ਤੋਂ ਬਣਦੀ ਹੈ। ਰਾਕ ਫਾਸਫੇਟ ਨੂੰ ਪਹਿਲਾ ਸਲਫਿਊਰਿਕ ਐਸਿਡ ਜਿਸ ਨੂੰ ਗੰਧਕ ਦਾ ਤੇਜ਼ਾਬ ਕਿਹਾ ਜਾਂਦਾ ਹੈ, ਉਸ ਨਾਲ ਮਿਲਾ ਕੇ ਫਾਸਫੋਰਿਕ ਐਸਿਡ ਬਣਾਇਆ ਜਾਂਦਾ ਹੈ। ਫਿਰ ਇਸ ਨੂੰ ਅਮੋਨੀਆ ਨਾਲ ਮਿਲਾ ਕੇ ਡੀਏਪੀ ਬਣ ਜਾਂਦੀ ਹੈ। ਜਿੰਨੀ ਅਸੀਂ ਫਾਸਫੋਰਸ ਡੀਏਪੀ ਰਾਹੀਂ ਦੋਵੇਂ ਫ਼ਸਲਾਂ ਨੂੰ ਪਾਉਂਦੇ ਹਾਂ, ਤਕਰੀਬਨ ਓਨੀ ਹੀ ਫ਼ਸਲ ਲੈ ਜਾਂਦੀ ਹੈ। ਜੇ ਥੋੜ੍ਹੀ ਬਹੁਤੀ ਫ਼ਸਲ ਤੋਂ ਬਚ ਵੀ ਗਈ, ਉਹ ਜ਼ਮੀਨ ਵਿਚਲੇ ਕੈਲਸ਼ੀਅਮ/ ਮੈਗਨੀਸ਼ੀਅਮ ਨਾਲ ਰਲ ਕੇ ਕੈਲਸ਼ੀਅਮ ਫਾਸਫੇਟ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਘੁਲਣਸ਼ੀਲ ਨਹੀਂ ਰਹਿੰਦੀ।

ਤੀਜੀ ਖਾਦ ਹੈ ਪੋਟਾਸ਼ ਜੋ ਬਹੁਤ ਥੋੜ੍ਹੇ ਕਿਸਾਨ ਹੀ ਵਰਤਦੇ ਹਨ ਅਤੇ ਜ਼ਿਆਦਾਤਰ ਆਲੂਆਂ ਦੀ ਖੇਤੀ ਵਾਲੇ ਹੀ ਇਸ ਦੀ ਵਰਤੋਂ ਕਰਦੇ ਹਨ। ਇਸ ਦਾ ਕਾਰਨ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਵਿੱਚ ਇਹ ਤੱਤ ਦਰਮਿਆਨੇ ਤੋਂ ਜ਼ਿਆਦਾ ਹੈ ਅਤੇ ਆਮ ਫ਼ਸਲਾਂ ਦੀ ਲੋੜ ਪੂਰੀ ਕਰਦੀ ਹੈ। ਟਿਊਬਵੈਲਾਂ ਦੇ ਪਾਣੀਆਂ ਵਿੱਚ ਵੀ ਇਹ ਪੋਟਾਸ਼ 7 ਤੋਂ 10 ਪੀਪੀਐੱਮ ਹੈ। ਖਾਦ ਦੇ ਰੂਪ ਵਿੱਚ ਇਹ ਮਿਊਰੇਟ ਆਫ ਪੋਟਾਸ਼ (ਪੋਟਾਸ਼ੀਆ ਕਲੋਰਾਈਡ) ਵਰਤਿਆ ਜਾਂਦਾ ਹੈ, ਦੋਵੇਂ ਹੀ ਤੱਤ ਇਨਸਾਨਾਂ ਲਈ ਵੀ ਜ਼ਰੂਰੀ ਹਨ ਅਤੇ ਖੂਨ ਵਿੱਚ ਪਾਏ ਜਾਂਦੇ ਹਨ।

ਚੌਥਾ ਤੱਤ ਹੈ ਜ਼ਿੰਕ ਸਲਫੇਟ ਜਿਹੜਾ 5-10 ਕਿਲੋ ਪ੍ਰਤੀ ਏਕੜ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਵਰਤਿਆ ਜਾਂਦਾ ਹੈ। ਜ਼ਮੀਨ ਵਿੱਚ ਇਸ ਦੀ ਘੁਲਣਸ਼ੀਲਤਾ ਘਟ ਜਾਂਦੀ ਹੈ ਅਤੇ ਜਿਹੜਾ ਫ਼ਸਲ ਤੋਂ ਵੱਧ ਗਿਆ, ਉਹ ਮਿਨਰਲ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਬੀਕਾਸੂਲ ਜ਼ੈੱਡ ਦੇ ਕੈਪਸੂਲਾਂ ਵਿੱਚ ਜ਼ੈੱਡ ਜ਼ਿੰਕ ਹੀ ਹੈ ਜੋ ਡਾਕਟਰ ਤਾਕਤ ਲਈ ਦਿੰਦੇ ਹਨ।

ਸੰਤੁਲਿਤ ਖਾਦਾਂ ਦੀ ਵਰਤੋਂ:

ਸਰਕਾਰ ਵੱਲੋਂ ਸੰਤੁਲਿਤ ਖਾਦਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸੰਤੁਲਿਤ ਵਰਤੋਂ ਐੱਨਪੀਕੇ ਨੂੰ ਕ੍ਰਮਵਾਰ 4 : 2 :1 ਦੇ ਹਿਸਾਬ ਨਾਲ ਵਰਤਣ ਨੂੰ ਕਿਹਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਵਿੱਚ ਕਿਸਾਨ ਮਿੱਟੀ ਪਰਖ ਅਤੇ ਫ਼ਸਲ ਦੀ ਲੋੜ ਅਨੁਸਾਰ ਵਰਤਦੇ ਹਨ, ਜਿਸ ਨੂੰ ਜ਼ਮੀਨੀ ਹਕੀਕਤ ਤੋਂ ਅਣਜਾਣ ਪ੍ਰਬੰਧਕ ਅਤੇ ਸਾਇੰਸਦਾਨ ਗ਼ਲਤ ਦੱਸਦੇ ਹਨ। ਖੇਤ ਵਿੱਚ ਕੰਮ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਫ਼ਸਲ ਕੀ ਮੰਗਦੀ ਹੈ।

ਯੂਰੀਆ ਦੀ ਗੈਰ ਖੇਤੀ ਵਰਤੋਂ:

ਖੇਤੀ ਤੋਂ ਇਲਾਵਾ ਯੂਰੀਆ ਪਸ਼ੂਆਂ ਦੀ ਖੁਰਾਕ ਵਿੱਚ ਪ੍ਰੋਟੀਨ ਵਧਾਉਣ ਲਈ ਵੀ ਵਰਤਿਆ ਜਾਂਦਾ ਹੈ। ਕੈਮੀਕਲ ਫੈਕਟਰੀਆਂ ਲਈ ਇਹ ਮਹੱਤਵਪੂਰਨ ਕੱਚਾ ਮਾਲ ਹੈ। ਇਹ ਪਲਾਸਟਿਕ ਇੰਡਸਟਰੀ ਦਾ ਮੁੱਢਲਾ ਸਰੋਤ ਹੈ। ਯੂਰੀਆ ਤੋਂ ਰੇਸਿਨ ਬਣਦੀ ਹੈ ਜੋ ਪਲਾਈ ਵੁੱਡ ਅਤੇ ਪਲਾਈਬੋਰਡ ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਯੂਰੀਆ ਕੱਪੜਾ ਉਦਯੋਗ ਵਿੱਚ ਕੱਪੜੇ ਨੂੰ ਰੰਗ ਅਤੇ ਫਿਨਿਸਿੰਗ ਦੇਣ ਲਈ ਵੀ ਵਰਤਿਆ ਜਾਂਦਾ ਹੈ। ਯੂਰੀਆ ਕਾਲਮੇਟਿਕਸ ਵਿੱਚ ਵੀ ਵਰਤਿਆ ਜਾਂਦਾ ਹੈ। ਬਹੁਤ ਸਾਰੀਆਂ ਸ਼ਿੰਗਾਰ ਲਈ ਵਰਤੀਆਂ ਜਾਣ ਵਾਲੀਆਂ ਕਰੀਮਾਂ ਵਿੱਚ ਵਰਤਿਆ ਜਾਂਦਾ ਹੈ। ਇਹ ਚਮੜੀ ਵਿੱਚ ਤਰਾਉਤ (ਮੌਇਸਚਰਾਈਜ਼) ਲਿਆਉਂਦਾ ਹੈ। ਕੰਨਾਂ ਅਤੇ ਨਹੁੰਆਂ ਨੂੰ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ। ਹੋਰ ਵੀ ਬਹੁਤ ਸਾਰੀਆਂ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਅੰਤੜੀ ਰੋਗਾਂ ਦੀ ਇਨਫੈਕਸ਼ਨ ਚੈੱਕ ਕਰਨ ਵਾਲੇ ਬਰੀਦ (ਸਾਹ) ਟੈਸਟ ਲਈ ਵੀ ਵਰਤਿਆ ਜਾਂਦਾ ਹੈ। ਇਹ ਘੋਖਣ ਦੀ ਲੋੜ ਹੈ ਕਿ ਕਿੰਨਾ ਯੂਰੀਆ ਇੰਡਸਟਰੀ ਵਿੱਚ ਵਰਤਿਆ ਜਾਂਦਾ ਹੈ।

ਉਪਰੋਕਤ ਸਾਰੀ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈ ਕੋਈ ਵੀ ਰਸਾਇਣਿਕ ਖਾਦ ਫਾਲਤੂ ਨਹੀਂ ਵਰਤੀ ਜਾਦੀਂ। ਜਿਹੜੀ ਖਾਦ ਵਰਤੀ ਜਾਂਦੀ ਹੈ ਉਹ ਜ਼ਮੀਨ ਪਾਣੀ, ਬੂਟੇ ਅਤੇ ਖੁਰਾਕ ਵਿੱਚ ਜ਼ਹਿਰ ਦਾ ਰੂਪ ਨਹੀਂ ਧਾਰਦੀ। ਇਹ ਸਾਰਾ ਕੂੜ ਪ੍ਰਚਾਰ ਦੇਸ਼ ਦੀ ਅੰਨ ਸੁਰੱਖਿਆ ਅਤੇ ਪੰਜਾਬ ਦੀ ਕਿਸਾਨੀ ਨੂੰ ਕਮਜ਼ੋਰ ਕਰਨ ਲਈ ਹੋ ਰਿਹਾ ਹੈ।

*ਡਾਇਰੈਕਟਰ ਪੰਜਾਬ ਐਗਰੀਕਲਚਰ ਮੈਨੇਜਮੈਂਟ ਅਤੇ ਟ੍ਰੇਨਿੰਗ ਇੰਸਟੀਚਿਊਟ (ਰਿਟਾ.)

ਪੀ.ਏ.ਯੂ., ਲੁਧਿਆਣਾ

ਸੰਪਰਕ: 99151-94104

Advertisement
Author Image

Balwinder Kaur

View all posts

Advertisement