ਪਰਵਾਸੀ ਰਾਮ ਬਾਈ ਬਣੀ ਡਗਾਣਾ ਖੁਰਦ ਦੀ ਸਰਪੰਚ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 16 ਅਕਤੂਬਰ
ਸ਼ਹਿਰ ਦੇ ਨਾਲ ਲੱਗਦੇ ਪਿੰਡ ਡਗਾਣਾ ਖੁਰਦ ਤੋਂ ਪਰਵਾਸੀ ਔਰਤ ਰਾਮ ਬਾਈ ਸਰਪੰਚ ਬਣ ਗਈ ਹੈ। ਪਿੰਡ ਦੀਆਂ ਕੁੱਲ 107 ਵਿੱਚੋਂ 47 ਵੋਟਾਂ ਰਾਮ ਬਾਈ ਨੂੰ ਪਈਆਂ, 17 ਵਿਰੋਧੀ ਉਮੀਦਵਾਰ ਨੂੰ ਅਤੇ ਬਾਕੀ ਪੋਲ ਹੀ ਨਹੀਂ ਹੋਈਆਂ। ਇਹ ਪਿੰਡ ਪਿਛਲੇ 10 ਸਾਲਾਂ ਤੋਂ ਅਨੁਸੂਚਿਤ ਜਾਤੀ (ਔਰਤਾਂ) ਲਈ ਰਾਖਵਾਂ ਹੈ। ਰਾਮ ਬਾਈ ਪਿਛਲੀ ਵਾਰ ਵੀ ਸਰਪੰਚ ਚੁਣੀ ਗਈ ਸੀ। ਪਿੰਡ ਦੀ ਪੰਚਾਇਤ ਦੇ ਹੋਰ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ।
ਰਾਮ ਬਾਈ ਤੋਂ ਇਲਾਵਾ ਇਕ ਵਾਰਡ ਤੋਂ ਰਾਜਵੰਤ ਕੌਰ ਜੋ ਜਨਰਲ ਸ਼੍ਰੇਣੀ ਨਾਲ ਸਬੰਧਤ ਹੈ, ਪੰਚ ਚੁਣੀ ਗਈ ਹੈ। ਰਾਮ ਬਾਈ ਘਰਾਂ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਰਾਜ ਮਿਸਤਰੀ ਹੈ। ਉਨ੍ਹਾਂ ਦੇ ਚਾਰ ਬੱਚੇ ਹਨ ਜੋ ਸਕੂਲ ’ਚ ਪੜ੍ਹਦੇ ਹਨ। ਰਾਮ ਬਾਈ ਅਤੇ ਉਸ ਦਾ ਪਤੀ ਰਾਜੂ 25-30 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਸ਼ਹਿਰ ਤੋਂ ਹੁਸ਼ਿਆਰਪੁਰ ਆਏ ਸੀ।
ਰਾਜੂ ਨੇ ਦਾੜ੍ਹੀ ਰੱਖ ਲਈ ਅਤੇ ਦਸਤਾਰ ਸਜਾ ਲਈ। ਇਥੇ ਇਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਗਿਣਤੀ ਦੇ ਹੀ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਰਾਮ ਬਾਈ 5 ਜਮਾਤਾਂ ਪੜ੍ਹੀ ਹੋਈ ਹੈ। ਪਿਛਲੇ ਸਾਲਾਂ ਦੌਰਾਨ ਸਰਕਾਰੀ ਗਰਾਂਟ ਨਾ ਮਿਲਣ ਕਾਰਨ ਪਿੰਡ ਦਾ ਬਹੁਤਾ ਵਿਕਾਸ ਨਹੀਂ ਹੋਇਆ। ਉਧਰ, ਰਾਮ ਬਾਈ ਕਹਿੰਦੀ ਹੈ ਕਿ ਉਹ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।
ਕੋਈ ਹੋਰ ਬਦਲ ਨਾ ਹੋਣ ਕਾਰਨ ਰਾਮ ਬਾਈ ਦੇ ਕਾਗਜ਼ ਦਾਖ਼ਲ ਕਰਵਾਏ: ਪਿੰਡ ਵਾਸੀ
ਪਿੰਡ ਵਾਸੀਆਂ ਨੇ ਦੱਸਿਆ ਕਿ ਜਨਰਲ ਆਬਾਦੀ ਦੀ ਬਹੁਤਾਤ ਹੋਣ ਦੇ ਬਾਵਜੂਦ ਕੁੱਝ ਲੋਕਾਂ ਨੇ ਇਸ ਪਿੰਡ ਨੂੰ ਅਨੁਸੂਚਿਤ ਜਾਤੀ ਲਈ ਰਾਖਵਾਂ ਕਰਵਾ ਲਿਆ। ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਵੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਵਾਰਡਬੰਦੀ ’ਚ ਤਬਦੀਲੀ ਕਰਵਾ ਲਈ ਜਾਵੇ। ਐਨ ਮੌਕੇ ’ਤੇ ਪਤਾ ਲੱਗਿਆ ਕਿ ਇੱਥੋਂ ਐੱਸਸੀ ਔਰਤ ਹੀ ਖੜ੍ਹੀ ਹੋ ਸਕਦੀ ਹੈ, ਕੋਈ ਹੋਰ ਬਦਲ ਨਾ ਹੋਣ ਕਾਰਨ ਰਾਮ ਬਾਈ ਦੇ ਕਾਗਜ਼ ਦਾਖਲ ਕਰਵਾ ਦਿੱਤੇ ਗਏ।