ਪਰਵਾਸੀ ਪੰਜਾਬੀ ਵੱਲੋਂ ਵਿਦਿਆਰਥੀਆਂ ਦੀ ਮਦਦ ਲਈ ਰਾਸ਼ੀ ਭੇਟ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 5 ਮਾਰਚ
ਪਿੰਡ ਇਬਰਾਹੀਮਪੁਰ ਨਿਵਾਸੀ ਪਰਵਾਸੀ ਭਾਰਤੀ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਵੱਲੋਂ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ ਆਪਣੇ ਪੁੱਤਰ ਸਵਰਗੀ ਜਸਪ੍ਰੀਤ ਸਿੰਘ ਦਰੜ ਦੀ ਯਾਦ ’ਚ ਹਰ ਸਾਲ ਦਿੱਤੀ ਜਾ ਰਹੀ 1.50 ਲੱਖ ਦੀ ਵਿੱਤੀ ਮਦਦ ’ਚ ਵਾਧਾ ਕਰਦੇ ਹੋਏ ਕਾਲਜ ਨੂੰ 2 ਲੱਖ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਪ੍ਰਵਾਸੀ ਭਾਰਤੀ ਕੁਲਵੀਰ ਸਿੰਘ ਖੱਖ ਯੂ.ਕੇ. ਪ੍ਰਧਾਨ ਕਬੱਡੀ ਫੈੱਡਰੇਸ਼ਨ ਲੈਸਟਰ, ਰੇਸ਼ਮ ਸਿੰਘ ਅਮਰੀਕਾ ਤੇ ਜੋਗਿੰਦਰ ਸਿੰਘ ਥਾਂਦੀ ਯੂ.ਕੇ. ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕੁਲਵੀਰ ਸਿੰਘ ਖੱਖ ਯੂ.ਕੇ. ਵੱਲੋਂ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ 50 ਹਜ਼ਾਰ ਤੇ ਰੇਸ਼ਮ ਸਿੰਘ ਅਮਰੀਕਾ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਕਾਲਜ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਪਿੰਕਾ ਨੇ ਕਾਲਜ ਦੇ ਨਵੇਂ ਗੇਟ ਦੀ ਉਸਾਰੀ ਵੀ ਆਪਣੇ ਵੱਲੋਂ ਕਰਵਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਲਖਵਿੰਦਰਜੀਤ ਕੌਰ ਤੇ ਰੋਸ਼ਨਜੀਤ ਸਿੰਘ ਪਨਾਮ ਨੇ ਸ੍ਰੀ ਪਿੰਕਾ ਵੱਲੋਂ ਸਮਾਜ ਦੀ ਭਲਾਈ ਅਤੇ ਕਾਲਜ ਦੀ ਬਿਹਤਰੀ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਸਟੇਜ ਦੀ ਕਾਰਵਾਈ ਡਾ. ਜਾਨਕੀ ਅਗਰਵਾਲ ਵੱਲੋਂ ਚਲਾਈ ਗਈ। ਇਸ ਮੌਕੇ ਰਾਕੇਸ਼ ਕੁਮਾਰ ਪਨਾਮ, ਅਜੇ ਪਾਲ ਸਿੰਘ ਗਰਲੇ ਢਾਹਾਂ, ਜਸਵੀਰ ਸਿੰਘ ਗਰਲੇ ਢਾਹਾਂ ਤੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।