ਗੁਆਂਢੀਆਂ ਨਾਲ ਝਗੜੇ ਮਗਰੋਂ ਪਰਵਾਸੀ ਪੰਜਾਬੀ ਦੀ ਮੌਤ
ਪੱਤਰ ਪ੍ਰੇਰਕ
ਜਲੰਧਰ, 20 ਨਵੰਬਰ
ਇੱਕ ਮਹੀਨਾ ਪਹਿਲਾਂ ਜਲੰਧਰ ਆਏ ਬਰਤਾਨੀਆ ਆਧਾਰਤ ਚਰਨਜੀਤ ਸਿੰਘ ਦੀ ਬੀਤੀ ਦੇਰ ਰਾਤ ਭੇਤ-ਭਰੇ ਹਾਲਾਤ ਵਿੱਚ ਮੌਤ ਹੋ ਗਈ। ਇਹ ਘਟਨਾ ਪਠਾਨਕੋਟ ਬਾਈਪਾਸ ਨੇੜੇ ਬੀਡੀਏ ਕਲੋਨੀ ਦੀ ਚੌਥੀ ਮੰਜ਼ਿਲ ’ਤੇ ਸਥਿਤ ਫਲੈਟ ਦੇ ਬਾਹਰ ਵਾਪਰੀ।
ਜਾਣਕਾਰੀ ਅਨੁਸਾਰ ਚਰਨਜੀਤ ਦੀ ਤੀਜੀ ਮੰਜ਼ਿਲ ’ਤੇ ਆਪਣੇ ਗੁਆਂਢੀਆਂ ਨਾਲ ਮਾਮੂਲੀ ਲੜਾਈ ਹੋਈ ਸੀ। ਇਸ ਦੌਰਾਨ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਗੁਆਂਢੀਆਂ ਵੱਲੋਂ ਹੀ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਗੁਆਂਢੀ, ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਹਸਪਤਾਲ ਤੋਂ ਭੱਜ ਗਏ।
ਲੜਾਈ ਦੌਰਾਨ ਚਰਨਜੀਤ ਨੂੰ ਉਸ ਦੀ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਧੱਕਾ ਦਿੱਤੇ ਜਾਣ ਦੇ ਵੀ ਦੋਸ਼ ਲੱਗੇ ਸਨ। ਪਰ ਪੁਲੀਸ ਅਧਿਕਾਰੀਆਂ ਨੇ ਅਜਿਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸੰਵੇਦਨਸ਼ੀਲ ਮਾਮਲਿਆਂ ਵਿੱਚ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਥਾਣਾ ਡਿਵੀਜ਼ਨ ਨੰਬਰ-8 ਦੇ ਐੱਸਐੱਚਓ ਪ੍ਰਦੀਪ ਸਿੰਘ ਨੇ ਪੁਸ਼ਟੀ ਕੀਤੀ ਕਿ ਚਰਨਜੀਤ ਅਤੇ ਉਸ ਦੇ ਗੁਆਂਢੀਆਂ ਵਿਚਕਾਰ ਮਾਮੂਲੀ ਬਹਿਸ ਹੋਈ ਸੀ। ਇਸ ਦੌਰਾਨ ਉਹ ਅਚਾਨਕ ਫਰਸ਼ ’ਤੇ ਡਿੱਗ ਗਿਆ। ਉਨ੍ਹਾਂ ਕਿਹਾ ਕਿ ਚਰਨਜੀਤ ਦਿਲ ਦਾ ਮਰੀਜ਼ ਸੀ ਅਤੇ ਸ਼ੱਕ ਹੈ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ ਪਰ ਇਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪੁਸ਼ਟੀ ਹੋ ਸਕੇਗੀ। ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਕਰੀਬ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।