ਪਰਵਾਸੀ ਕਾਵਿ
ਤੇਜਸ਼ਦੀਪ ਸਿੰਘ ਅਜਨੌਦਾ
ਘੜੀਆਂ ਪਹਿਰ
ਘੜੀਆਂ ਪਹਿਰ ਮਹੀਨੇ ਇਹ ਕੈਲੰਡਰਾਂ ਦੇ ਸਾਲ
ਸਮਿਆਂ ਨੇ ਗਿੜਦੇ ਰਹਿਣਾ ਚੱਕਰਾਂ ਦੇ ਨਾਲ
ਖੁੱਲ੍ਹੇ ਰੱਖੀਂ ਬੂਹੇ ਨਵੀਆਂ ਹਵਾਵਾਂ ਲਈ
ਸ਼ੁਕਰਾਨਿਆਂ ਨਾਲ ਨਿਵਾਜੀਂ
ਖਿਣਾਂ ਦੀ ਹਰ ਚਾਲ
ਸੂਰਜਾਂ ਨੂੰ ਲਾ ਮੱਥੇ
ਲਿਸ਼ਕਣਾਂ ਨਾ ਛੱਡੀਂ
ਆਉਂਦੇ ਰਹਿਣੇ ਪਿਆਰਿਆ
ਇਹ ਜੇਠ ਹਾੜ੍ਹ ਸਿਆਲ਼
ਅਕਾਲ ਨੇ ਪਹਿਲਾਂ ਹੀ ਬਖ਼ਸ਼ਿਆ
ਜੋ ਬਾਹਰ ਫਿਰੇਂ ਲੱਭਦਾ
ਧੁਰੋਂ ਦੇ ਕੇ ਤੋਰਿਆ
ਤੇਰੇ ਹਿੱਸੇ ਦਾ ਥਾਲ਼
ਜੰਗਲਾਂ ਨੇ ਕਦ ਕੀਤੇ
ਝੋਰੇ ਸ਼ਿਕਵੇ ਤਰਕੀਬਾਂ ਦੇ
ਹਰਿਆਉਲ ਨੂੰ ਸਦਾ ਰਹੇ
ਬਸ ਟਹਿਕਣੇ ਦਾ ਖਿਆਲ
ਘੜੀਆਂ ਪਹਿਰ ਮਹੀਨੇ ਇਹ ਕੈਲੰਡਰਾਂ ਦੇ ਸਾਲ
ਸਮਿਆਂ ਨੇ ਗਿੜਦੇ ਰਹਿਣਾ ਚੱਕਰਾਂ ਦੇ ਨਾਲ
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਆਦਮੀ
ਬੋਤਲਾਂ ਵਿੱਚ ਬੰਦ ਹੋ ਕੇ
ਰਹਿ ਰਿਹਾ ਹੈ ਆਦਮੀ।
ਬਿਲਕੁਲ ਹੀ ਢੇਰੀ ਢਾਅ ਕੇ
ਬਹਿ ਰਿਹਾ ਹੈ ਆਦਮੀ।
ਹਿੰਮਤ ਨਾ ਰਹੀ ਕਰੇ ਹਰ
ਜ਼ੁਲਮ ਦਾ ਇਹ ਟਾਕਰਾ
ਆਪੇ ਚੁੱਪ ਚਪੀਤਾ ਦੁੱਖੜੇ
ਸਹਿ ਰਿਹਾ ਹੈ ਆਦਮੀ।
ਕਰਕੇ ਉਲਟੇ ਕੰਮ ਸਾਰੇ
ਦੁਨੀਆ ਵਾਲੇ ਸਮਝਦਾਰ
ਫਿਰ ਵੀ ਸੱਚਾ ਖ਼ੁਦ ਨੂੰ ਵੇਖੋ
ਕਹਿ ਰਿਹਾ ਹੈ ਆਦਮੀ।
ਪੜ੍ਹਿਆ ਲਿਖਿਆ ਹੋ ਕੇ ਵੀ
ਅੱਜ ਅਨਪੜ੍ਹਾਂ ਦੇ ਵੱਸ ਹੋ
ਖ਼ੁਦ ਹੀ ਭੰਬਲ ਭੂਸੇ ਦੇ ਵਿੱਚ
ਪੈ ਰਿਹਾ ਹੈ ਆਦਮੀ।
ਕਰਦਾ ਬਹੁਤ ਪਾਖੰਡ ਅਤੇ
ਵਿਖਾਵੇ ਸਾਹਮਣੇ ਲੋਕਾਂ ਦੇ
ਮਤਲਬ ਨੂੰ ਹੀ ਨਾਮ ਰੱਬ ਦਾ
ਲੈ ਰਿਹਾ ਹੈ ਆਦਮੀ।
‘ਲੱਖੇ’ ਹਾਰ ਗਿਆ ਹੈ ਹਿੰਮਤ
ਹੋਰਾਂ ਉੱਤੇ ਆਸ ਰੱਖ
ਕਾਗਾਂ ਕੋਲੋਂ ਦੰਗਲ ਦੇ ਵਿੱਚ
ਢਹਿ ਰਿਹਾ ਹੈ ਆਦਮੀ।
ਸੰਪਰਕ: 255785645594
ਜੁਗਰਾਜ ਗਿੱਲ
ਕੈਲੰਡਰ
ਕੰਧ ਖਲੋਤੀ ਓਸੇ ਤਰ੍ਹਾਂ ਹੀ
ਬਦਲ ਗਿਆ ਕੈਲੰਡਰ
ਇਸ ਸਾਲ ਵੀ ਪਿਛਲੇ ਵਾਂਗ
ਮਹਿੰਗਾ ਮਿਲੂ ਸਿਲੰਡਰ।
ਡੀਜ਼ਲ, ਖਾਦਾਂ, ਬੀਜ, ਸਪਰੇਆਂ
ਜੱਟਾਂ ਦੀ ਮੱਤ ਮਾਰੀ
ਕਰਜ਼ਿਆਂ ਦੇ ਬੋਝ ਦੇ ਥੱਲੇ
ਖੇਤੀ ਦੱਬ ਗਈ ਸਾਰੀ।
ਕੋਠੀ ਘਰ ਬਣਾਉਣ ਦੇ ਸੁਪਨੇ
ਰਹਿਗੇ ਫੇਰ ਅਧੂਰੇ
ਰੇਤ, ਬਜਰੀ, ਸੀਮਿੰਟ, ਇੱਟਾਂ
ਖਰਚੇ ਤੀਹਰੇ ਚੌਹਰੇ।
ਖਤਮ ਕਰਾਂਗੇ ਅਸੀਂ ਗਰੀਬੀ
ਆਖੇ ਸਾਡਾ ਨੇਤਾ
ਕੈਂਸਰ ਕਾਰਨ ਖਤਮ ਹੋ ਗਿਆ
ਵਿਹੜੇ ਵਾਲਾ ਖੇਤਾ।
ਬੇਰੁਜ਼ਗਾਰ ਨੇ ਮੁੰਡੇ ਫਿਰਦੇ
ਕੰਮ ਕੋਈ ਨਾ ਲੱਭੇ
ਟੈਂਕੀਆਂ ਉੱਤੇ ਚੜ੍ਹਕੇ ਨਾਅਰੇ
ਮਾਰ ਮਾਰਕੇ ਯੱਭੇ।
ਹਰੇਕ ਕੰਮ ‘ਚ ਘਾਟਾ ਪੈਂਦਾ
ਜਿਹੜਾ ਭਾਵੇਂ ਕਰੀਏ
ਹਰ ਇੱਕ ਪਿੰਡ ਵਿਕਾਊ ਹੋਇਆ
ਜੀਵੀਏ ਜਾਂ ਫਿਰ ਮਰੀਏ।
ਅੰਨ੍ਹਾਂ ਵੰਡੇ ਸ਼ੀਰਨੀਆ
ਆਪਣਿਆਂ ਨੂੰ ਗੱਫੇ
ਆਮ ਬੰਦੇ ਨੂੰ ਸੰਗਤ ਦਰਸ਼ਨ
ਦੇ ਵਿੱਚ ਪੈਂਦੇ ਧੱਫੇ।
ਸਾਰੇ ਮਸਲੇ ਹੱਲ ਕਰਨ ਲਈ
ਆਊ ਲਾਲ ਬਵੰਡਰ
ਕੰਧ ਖਲੋਤੀ ਉਸੇ ਤਰ੍ਹਾਂ ਹੀ
ਬਦਲ ਗਿਆ ਕੈਲੰਡਰ।
**
ਕਲਮਾਂ
ਮੈਂ ਕੁਝ ਕਲਮਾਂ ਬੀਜੀਆਂ ਸੀ
ਗਮਲਿਆਂ, ਖੇਤਾਂ, ਬਾਗਾਂ ਵਿੱਚ
ਵਕਤ ਆਉਣ ‘ਤੇ ਫੁੱਲ ਦੇਣਗੀਆਂ
ਸ਼ਬਦ ਬਣ ਅਖ਼ਬਾਰਾਂ ਵਾਂਗ।
ਮੈਂ ਕੁਝ ਪੌਦੇ ਬੀਜੇ ਸੀ
ਵੱਟਾਂ, ਫਿਰਨੀਆਂ, ਵਾੜਾਂ ਵਿੱਚ
ਪੱਤਝੜ ਮੌਕੇ ਕੰਡੇ ਬਣਕੇ ਚੁਭਣਗੇ
ਬਣ ਕਟਾਰਾਂ ਵਾਂਗ।
ਮੈਂ ਕੁਝ ਰੁੱਖ ਉਗਾਏ ਸੀ
ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ
ਲਾਲ ਹਨੇਰੀ ਝੁੱਲੇਗੀ ਤਦ
ਖੜਕਣਗੇ ਤਲਵਾਰਾਂ ਵਾਂਗ।
ਮੈਂ ਕੁਝ ਵੋਟਰ ਕਾਰਡ ਬਣਾ ਆਇਆ ਸੀ ਲੋਕਾਂ ਦੇ
ਚੋਣਾਂ ਮੌਕੇ ਨੇਤਾਵਾਂ ਨੂੰ ਚੁੰਘਣਗੇ
‘ਗਿੱਲ’ ਧਾਰਾਂ ਵਾਂਗ।
ਸੰਪਰਕ: 001-704-257-6693
ਅਮਨਦੀਪ ਸਿੰਘ
ਨਵਾਂ ਸਾਲ ਮੁਬਾਰਕ ਹੋਵੇ!
ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ!
ਸ਼ਾਲਾ! ਨਵੇਂ ਸਾਲ ਵਿੱਚ ਕੋਈ ਵੀ ਨਾ ਰੋਵੇ!
ਪੁਰਾਣੇ ਦਿਨ ਯਾਦ ਨੇ ਆਉਂਦੇ
ਕਾਸ਼! ਜ਼ਿੰਦਗੀ ਫਿਰ ਤੋਂ ਪਹਿਲਾਂ ਜਿਹੀ ਹੋ ਜਾਵੇ।
ਸਭ ਦੇ ਸੁਪਨੇ ਸਾਕਾਰ ਹੋਣ
ਬੇਦਰਦ ਹਵਾ ਕਿਸੇ ਦੇ ਘਰ ਨਾ ਢਾਹਵੇ।
ਲੋਕ ਫਿਰ ਤੋਂ ਬੇਫ਼ਿਕਰ ਹੋ ਕੇ ਘੁੰਮਣ
ਕਿਸੇ ਨੂੰ ਕਿਸੇ ਦਾ ਡਰ ਨਾ ਸਤਾਵੇ।
ਸਭ ਨੂੰ ਉਨ੍ਹਾਂ ਦੇ ਹੱਕ ਮਿਲਣ
ਕੋਈ ਵੀ ਆਪਣੇ ਹੱਕਾਂ ਲਈ ਸੜਕਾਂ ‘ਤੇ ਨਾ ਆਵੇ।
ਸਾਰਿਆਂ ਨੂੰ ਅੰਨ-ਪਾਣੀ ਮਿਲੇ
ਕੋਈ ਵੀ ਇਨਸਾਨ ਫਿਰ ਭੁੱਖਾ ਨਾ ਸੌਂਵੇ।
ਜਸਵੰਤ ਗਿੱਲ
ਮਿਹਨਤ ਦੀ ਉਡਾਣ
ਜਿਨ੍ਹਾਂ ਵਿੱਚ ਤੂਫਾਨਾਂ ਖੰਭ ਖਿਲਾਰੇ ਨੇ
ਉਨ੍ਹਾਂ ਸੂਰਜ, ਚੰਨ ਧਰਤੀ ‘ਤੇ ਉਤਾਰੇ ਨੇ।
ਜਿਸ ਨੂੰ ਆਦਤ ਪੈ ਜੇ ‘ਕੱਲਿਆਂ ਤੁਰਨੇ ਦੀ
ਉਸ ਨੇ ਕਦ ਭਾਲੇ ਭੀੜਾਂ ‘ਚੋਂ ਸਹਾਰੇ ਨੇ।
ਜੋ ਗੁਰਬਤ ਦੀ ਅੱਗ ਵਿੱਚ ਹੁੰਦਾ ਤਪਿਆ ਏ
ਉਸ ਦੀ ਰੌਸ਼ਨੀ ਅੱਗੇ ਫਿੱਕੇ ਸਭ ਤਾਰੇ ਨੇ।
ਅੱਗੇ ਵਧਿਆ ਤਾਂ ਦੁਸ਼ਮਣ ਲੋਕੀਂ ਬਣ ਗਏ
ਕਿਸੇ ਨਾ ਸੜਦੇ ਪੈਰ ਮੇਰੇ ਹਾਏ ਠਾਰੇ ਨੇ।
ਜ਼ਿੰਮੇਵਾਰੀਆਂ ਹੋਵਣ ਵੱਡੀਆਂ ਗੁਰਬਤ ਵਿੱਚ
ਮੈਂ ਖ਼ਾਬ ਨਾ ਦੇਖਣੇ ਛੱਡੇ, ਭਾਵੇਂ ਲੱਖਾਂ ਮਾਰੇ ਨੇ।
ਉਨ੍ਹਾਂ ਹੀ ਕੀਤੀ ਬਦਨਾਮੀ ਜੱਗ ਅੰਦਰ
ਜਿਨ੍ਹਾਂ ਦੇ ਅੜੇ ਕੰਮ ਮੈਂ ਕਈ ਸਵਾਰੇ ਨੇ।
ਮਿਹਨਤ ਕਰਕੇ ਪੱਕਿਆਂ ਵਾਲੇ ਹੋ ਗਏ ਹਾਂ
ਸਾੜਾ ਰੱਖਦੇ ਲੋਕਾਂ, ਦੇਖੇ ਨਾ ਕੱਚੇ ਢਾਰੇ ਨੇ।
ਕੰਮ ਦੀ ਖਾਤਰ ਰੋਟੀ ਵੀ ਭੁੱਲ ਜਾਂਦਾ ਹਾਂ
ਗਿੱਲ ਨੇ ਭੁੱਖ ਦੇ ਉੱਤੋਂ ਵਕਤ ਕਈ ਵਾਰੇ ਨੇ।
ਸੰਪਰਕ: 97804-51878
ਬਲਿਹਾਰ ਲ੍ਹੇਲ
ਗ਼ਜ਼ਲ
ਦੇਸ਼ ਨੂੰ ਪੈ ਗਏ ਚੋਰ ਵੇ ਲੋਕੋ
ਝੱਲ ਨਾ ਹੁੰਦੇ ਹੋਰ ਵੇ ਲੋਕੋ।
ਨਸ਼ਿਆਂ ਨੇ ਪੰਜਾਬ ਹੈ ਖਾਧਾ
ਕਰ ਦਿੱਤਾ ਕੰਮ ਚੋਰ ਵੇ ਲੋਕੋ।
ਚਾਰ ਚੁਫ਼ੇਰੇ ਮਚੀ ਤਬਾਹੀ
ਹਾਕਮ ਸੀਨਾ ਜ਼ੋਰ ਵੇ ਲੋਕੋ।
ਰਾਜੇ ਸ਼ੀਂਹ ਮੁਕੱਦਮ ਕੁੱਤੇ
ਧਰਮੀ ਬਣ ਗਏ ਚੋਰ ਵੇ ਲੋਕੋ।
ਬੇ ਈਮਾਨੀ ਦੇ ਬੱਦਲ ਜਿਉਂ
ਚੜ੍ਹੀ ਘਟਾ ਘਨਘੋਰ ਵੇ ਲੋਕੋ।
ਰਿਸ਼ਵਤ ਖੋਰੀ ਦੈਂਤ ਅਵਾਰਾ
ਫਿਰੇ ਮਚਾਉਂਦਾ ਸ਼ੋਰ ਵੇ ਲੋਕੋ।
ਦਾਜ ਦੇ ਲੋਭੀ ਮੈਨੂੰ ਲੱਗਦੇ
ਬੰਦੇ ਆਦਮ ਖੋਰ ਵੇ ਲੋਕੋ।
ਕਾਮੇ ਕਿਰਤੀ ਆਗੂ ਬਣਕੇ
ਸਮੇਂ ਦੀ ਬਦਲੋ ਤੋਰ ਵੇ ਲੋਕੋ।
ਪੂੰਜੀਵਾਦ ਦਾ ਬੀਜ ਮੁਕਾਓ
ਜੰਮ ਪੈਣ ਨਾ ਹੋਰ ਵੇ ਲੋਕੋ।
ਕਿਰਤਾਂ ਨੂੰ ਜੇ ਬੂਰ ਪਵੇ ਤਾਂ
ਨੱਚੇ ਮਨ ਦਾ ਮੋਰ ਵੇ ਲੋਕੋ।
ਅੰਬਰਾਂ ਵਿੱਚ ਕਿਸਾਨ ਉੱਡਣਗੇ
ਫੜਕੇ ਆਪਣੀ ਡੋਰ ਵੇ ਲੋਕੋ।
ਥੋਡੇ ਵੱਲ ਬਲਿਹਾਰ ਨਿਮਾਣਾ
ਉਹ ਕਿਹੜਾ ਕੋਈ ਹੋਰ ਵੇ ਲੋਕੋ।
ਸੰਪਰਕ: 1-206-244-4663