ਪਰਵਾਸੀ ਕਾਵਿ
ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ?
ਅਮਨਦੀਪ ਸਿੰਘ
ਅੱਜਕੱਲ੍ਹ ਝੂਠੀਆਂ ਖ਼ਬਰਾਂ ਦੀ ਭਰਮਾਰ ਹੈ।
ਹੁਣ ਇੱਥੇ ਹਰ ਕੋਈ ਹੀ ਪੱਤਰਕਾਰ ਹੈ।
ਕੋਈ ਵੀ ਔਨਲਾਈਨ ਕੁਝ ਵੀ ਪੋਸਟ ਕਰ ਹੈ ਸਕਦਾ।
ਆਪਣੀ ਕੋਈ ਵੀ ਸੱਚੀ-ਝੂਠੀ ਖ਼ਬਰ ਘੜ ਹੈ ਸਕਦਾ।
ਇਸ ਲਈ ਕਿਹਾ ਹੈ
ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ?
ਸੱਚ ਤੇ ਝੂਠ ਨੂੰ ਕਿਵੇਂ ਤੋਲੀਏ?
ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ
ਕਦੇ ਵੀ ਨਾ ਡੋਲੀਏ!
ਪਹਿਲਾਂ ਜਾਣੋ ਸੰਦਰਭ
ਕਿਤੇ ਝੂਠਾ, ਪੁਰਾਣਾ ਜਾਂ ਗ਼ਲਤ ਤਾਂ ਨਹੀਂ।
ਫਿਰ ਦੇਖੋ ਪ੍ਰਮਾਣ
ਕਿਤੇ ਬਦਲਿਆ ਜਾਂ ਮਨਘੜਤ ਤਾਂ ਨਹੀਂ।
ਤਰਕ ਨਾਲ ਪੁੱਛ ਕੇ ਸਵਾਲ
ਕਰੋ ਸਬੂਤ ਇਕੱਠਾ।
ਫਿਰ ਜਾਣੋ ਸਰੋਤ
ਕਿਤੇ ਐਵੇਂ ਤਾਂ ਨਹੀਂ ਹਾਸਾ ਠੱਠਾ!
ਹਰ ਇੱਕ ਖ਼ਬਰ ਨੂੰ ਤਰਕ ਤੇ ਆਲੋਚਨਾ ਨਾਲ ਵੇਖੋ।
ਥੋੜ੍ਹਾ ਠਹਿਰੋ ਤੇ ਅੱਗੇ ਭੇਜਣ ਤੋਂ ਪਹਿਲਾਂ ਸੋਚੋ!
ਸਕਰੀਨ ਤੋਂ ਹਟ ਕੇ ਵੀ ਸੰਸਾਰ ਨੂੰ ਜਾਣੋ।
ਕੁਦਰਤ ਨੂੰ ਦੇਖੋ, ਸੁਣੋ ਤੇ ਪਛਾਣੋ।
ਜੇ ਅਸੀਂ ਸੂਚਿਤ ਤੇ ਜਾਗਰੂਕ ਹੈ ਰਹਿਣਾ।
ਤਾਂ ਸਾਨੂੰ ਥੋੜ੍ਹਾ ਕੰਮ ਕਰਨਾ ਹੈ ਪੈਣਾ।
ਖ਼ਬਰਾਂ ਦੇ ਸਰਗਰਮ ਖਪਤਕਾਰ ਬਣਨਾ ਹੈ ਪੈਣਾ।
ਸੱਚੀ ਤੇ ਝੂਠੀ ਖ਼ਬਰ ਨੂੰ ਪਛਾਣਨਾ ਹੈ ਪੈਣਾ।
ਤਾਂ ਹੀ ਅਸੀਂ ਆਜ਼ਾਦ ਬਣ ਸਕਦੇ ਹਾਂ।
ਸੁਤੰਤਰ ਸੋਚ ਵਿਕਸਿਤ ਕਰ ਸਕਦੇ ਹਾਂ।
ਆਪਣੇ ਫ਼ੈਸਲੇ ਖ਼ੁਦ ਲੈ ਸਕਦੇ ਹਾਂ।
ਫ਼ਰਜ਼ੀ ਖ਼ਬਰਾਂ ਤੇ ਧੋਖੇ ਤੋਂ ਬਚ ਸਕਦੇ ਹਾਂ।
***
ਬਸੰਤ-ਬਹਾਰ
ਹੌਲੀ ਹੌਲੀ ਬਹਾਰ ਹੈ ਆ ਰਹੀ...
ਸਾਵੇ ਪੱਤਰਾਂ ਦੀ ਹਰਿਆਲੀ
ਹਰ ਪਾਸੇ ਹੈ ਛਾ ਰਹੀ।
ਜੀਵਤ ਤੇ ਨਿਸ਼ਚਲ, ਹਰ ਇੱਕ ਕਲੀ
ਜ਼ਿੰਦਗੀ ਦੀ ਅੰਗੜਾਈ ਹੈ ਲੈ ਰਹੀ!
ਸਾਵੇ ਪੱਤਰਾਂ ਦੀ ਹਰਿਆਲੀ
ਮਨ ਨੂੰ ਕਿੰਨਾ ਸੁਕੂਨ ਹੈ ਦੇ ਰਹੀ!
ਜਗ੍ਹਾ ਜਗ੍ਹਾ ਪੀਲੇ ਫੁੱਲਾਂ ਦੀ ਭਰਮਾਰ ਹੈ।
ਹਰ ਕੋਈ ਖ਼ੁਸ਼ੀ ਨਾਲ ਸਰਸ਼ਾਰ ਹੈ।
ਲਾਲ, ਪੀਲੇ ਤੇ ਚਿੱਟੇ ਗੁਲਾਬ ਦੇ ਫੁੱਲ
ਪਿਆਰ, ਦੋਸਤੀ ਤੇ ਅਮਨ ਦੇ ਪ੍ਰਤੀਕ ਨੇ!
ਸਾਡੀਆਂ ਖ਼ੁਸ਼ੀਆਂ, ਖੇੜਿਆਂ ਤੇ
ਗ਼ਮ ਵਿੱਚ ਹਰ ਵਕਤ ਸ਼ਰੀਕ ਨੇ।
ਰੰਗਬਰੰਗੇ ਮਨਮੋਹਕ ਫੁੱਲ
ਹਰ ਹਿਰਦੇ ’ਚ ਖ਼ੁਸ਼ੀ ਨੇ ਬਿਖੇਰਦੇ!
ਸਰ੍ਹੋਂ ਦੇ ਪੀਲੇ ਫੁੱਲ, ਦੇਸ ਪੰਜਾਬ ਦੇ
ਪਰਦੇਸੀਆਂ ਨੂੰ ’ਵਾਜ਼ਾਂ ਨੇ ਮਾਰਦੇ!
ਗੁਲਾਬ ਦੇ ਫੁੱਲ
ਜਿਸਮ ਵਿੱਚ ਵਿਸਮਾਦ ਹਨ ਛੇੜਦੇ!
ਚੈਰੀ ਦੇ ਗੁਲਾਬੀ ਫੁੱਲ
ਹਰ ਪਾਸੇ ਮਹਿਕ ਨੇ ਭਰਦੇ
ਹਰ ਗਲ਼ੀ, ਹਰ ਨੁੱਕਰ
ਬਸੰਤ (ਚੈਰੀ ਬਲੌਸਮ) ਦੇ ਮੇਲੇ ਨੇ ਲੱਗਦੇ
ਕਿੰਨੇ ਸਫ਼ੈਦ ਨੇ
ਗੁਲਬਹਾਰ (ਡੇਜ਼ੀ) ਦੇ ਫੁੱਲ!
ਸਮੁੰਦਰ ਵਰਗੇ ਨੇ
ਨੀਲੋਫ਼ਰ ਦੇ ਨੀਲੇ ਫੁੱਲ
ਫੁੱਲਾਂ ਦੀਆਂ ਰੰਗ-ਬਿਰੰਗੀਆਂ ਲਹਿਰਾਂ!
ਹਰ ਪਾਸੇ ਖ਼ੁਸ਼ੀ ਦੀਆਂ ਬਹਿਰਾਂ!
ਖਿੜੇ ਹੋਏ ਫੁੱਲ
ਹਰ ਤਰਫ਼ ਆਪਣੇ ਰੰਗ ਨੇ ਫੈਲਾਉਂਦੇ
ਕੁਦਰਤ ਦੇ ਕੈਨਵਸ ’ਤੇ
ਖੂਬਸੂਰਤ ਚਿੱਤਰ ਨੇ ਵਾਹੁੰਦੇ
ਇਹ ਹੈ ਬਸੰਤ
ਬਹਾਰ ਦਾ ਨਿੱਘਾ ਮੌਸਮ!
ਧੁੱਪ-ਭਰੇ, ਪਿਆਰੇ ਦਿਨ
ਰੰਗਾਂ ਨਾਲ ਸ਼ਿੰਗਾਰੇ ਦਿਨ!
ਅਸੀਂ ਖ਼ੁਸ਼ ਕਦੋਂ ਹੁੰਦੇ ਹਾਂ ?
ਜਦੋਂ ਦਿਲੋਂ-ਦਿਮਾਗ਼ ਕੰਮ ਵਿੱਚ ਰੁੱਝਦਾ ਹੈ।
ਜਦੋਂ ਫਿਰ ਕੁਝ ਵੀ ਨਹੀਂ ਸੁੱਝਦਾ ਹੈ।
ਸ਼ਾਇਦ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਜਦੋਂ ਬੱਚਿਆਂ ਨੂੰ ਕੋਈ ਕਹਾਣੀ ਸੁਣਾਉਂਦੇ ਹਾਂ।
ਜਾਂ ਫਿਰ ਕੁਝ ਗੁਣਗੁਣਾਉਂਦੇ ਹਾਂ।
ਸ਼ਾਇਦ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਜਦੋ ਅਸੀਂ ਨਿਰਸਵਾਰਥ ਸੇਵਾ ਕਰਦੇ ਹਾਂ।
ਆਪਣੇ ਲਈ ਕੁਝ ਵੀ ਨਹੀਂ ਮੰਗਦੇ ਹਾਂ।
***
ਕੀ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ?
ਜਦੋਂ ਅਸੀਂ ਅਰਦਾਸ ਹਾਂ ਕਰਦੇ।
ਸਰਬੱਤ ਦਾ ਭਲਾ ਹਾਂ ਮੰਗਦੇ।
ਕਾਦਰ ਦਾ ਸ਼ੁਕਰ ਹਾਂ ਕਰਦੇ।
ਕੀ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ?
ਜੀਵਨ ਦੇ ਪਲ ਇੰਝ ਹੀ ਬੀਤ ਨੇ ਜਾਣੇ।
ਆਓ ਖ਼ੁਸ਼ੀ ਨਾਲ ਇਸ ਨੂੰ ਮਾਣੀਏ!
ਆਪਣਿਆਂ ਨੂੰ ਸਮਝੀਏ ਤੇ ਜਾਣੀਏ!
ਕਿਸੇ ਅਜਨਬੀ ਨੂੰ ਪਹਿਚਾਣੀਏ।