ਪਰਵਾਸੀ ਕਾਵਿ
ਅਕਲ ਦੇ ਦਾਣੇ
ਲਖਵਿੰਦਰ ਸਿੰਘ ਰਈਆ
ਰੱਬਾ ਰੱਬਾ ਮੀਂਹ ਵਸਾ
ਸਾਡੀ ਝੋਲੀ ਅਕਲ ਦੇ ਦਾਣੇ ਪਾ।
ਨਾ ਲੱਗੇ ਕਿਧਰੇ ਤੀਲ੍ਹੀ
ਨਾ ਹੋਵੇ ਵਾਤਾਵਰਨ ਸੁਆਹ।
ਆਲਮੀ ਤਪਸ਼ ਵਧਾ ਕੇ
ਨਾ ਕੋਈ ਚੁਣੇ ਆਤਮਘਾਤੀ ਰਾਹ।
ਨਾ ਕੋਈ ਡੁੱਬੇ ਵਿੱਚ ਹਨੇਰੇ
ਕੋਈ ਚਾਨਣ ਦਾ ਰਾਹ ਵਿਖਾ।
ਜਲ ਬਿਨਾਂ ਕੱਲ੍ਹ ਨਹੀਂ
ਐਵੇਂ ਨਾ ਦਈਏ ਪਾਣੀ ਮੁਕਾ।
ਇੱਕ ਰੁੱਖ ਅਨੇਕਾਂ ਸੁੱਖ
ਸ਼ੁੱਧ ਹਵਾ ਦੇ ਲੰਗਰ ਦਈਏ ਲਾ।
ਰੁੱਖ ਲਾਉਣ ਤੇ ਬਚਾਉਣ ਦੀ
ਸਾਨੂੰ ਮੱਤ ਜਾਵੇ ਆ।
ਝੱਟ ਲੰਘਾਉਣ ਲਈ
ਜਿਨ੍ਹਾਂ ’ਤੇ ਲੈਣ ਪੰਛੀ ਆਲ੍ਹਣੇ ਪਾ।
ਚੁਫ਼ੇਰਾ ਹਰਿਆ ਭਰਿਆ ਕਰਕੇ
‘ਮਾਨ’ ਲਈਏ ਰੁੱਸੀ ਕੁਦਰਤ ਮਨਾ।
ਵੱਸਦੇ ਰਹਿਣ ਰੈਣ ਬਸੇਰੇ ਸਭਦੇ
‘ਰਈਏ ਹਵੇਲੀਆਣੇ’ ਨੂੰ ਚੜ੍ਹੇ ਏਹੋ ਚਾਅ
ਵੈਰ ਵਿਰੋਧ ਹੋਵਣ ਦੂਰ
ਸਰਬੱਤ ਦੇ ਭਲੇ ਦੀ ਵਗੇ ਵਾ।
ਰੱਬਾ ਰੱਬਾ ਮੀਂਹ ਵਸਾ
ਸਾਡੀ ਝੋਲੀ ਅਕਲ ਦੇ ਦਾਣੇ ਪਾ।
ਸੰਪਰਕ: 61430204832
ਹਰਫ਼ਾਂ ਦਾ ਜਾਦੂਗਰ
ਹਰਪਾਲ ਸਿੰਘ ਨਾਗਰਾ
ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਲੋਕਾਂ ਬਾਰੇ ਲਿਖਦਾ ਸੀ ਉਹ
ਲੋਕਾਂ ਦਾ ਹੀ ਗੀਤ ਹੋ ਗਿਆ।
ਸਾਊ, ਸਹਿਜ-ਹਲੀਮੀ ਵਾਲਾ
ਨਿਮਰ ਸੁਭਾਅ ਸੀ ਤੇਰਾ।
ਗਹਿਰ-ਗੰਭੀਰ ਤੇ ਦੂਰ-ਦ੍ਰਿਸ਼ਟੀ
ਸੰਤਾਂ ਵਰਗਾ ਚਿਹਰਾ।
ਸੁਖ਼ਨਵਰ ਤਾਂ ਜਿਊਂਦੇ ਰਹਿੰਦੇ
ਲਫਜ਼ਾਂ ਸੰਗ ਪੁਨੀਤ ਹੋ ਗਿਆ।
ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਲੋਕਾਂ ਦਾ ਹੈ ਰਾਹ ਦਸੇਰਾ
ਲਿਖਤਾਂ ਨੇ ਰਾਹ ਦੱਸਦੇ ਰਹਿਣਾ।
ਲੋਕਾਂ ਦੇ ਹੈ ਮਨ ਵਿੱਚ ਵੱਸਿਆ
ਲੋਕ ਮਨਾਂ ਵਿੱਚ ਵੱਸਦੇ ਰਹਿਣਾ।
ਤੁਰਦਾਂ ਸੀ ਤਾਂ ਰਾਹ ਸੀ ਬਣਦੇ
ਰਾਹਾਂ ਦਾ ਸੰਗੀਤ ਹੋ ਗਿਆ।
ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਜੁਗਨੂੰ ਦੀਵੇ ਸੂਰਜ ਬਣ ਕੇ
ਜੱਗ ਨੂੰ ਤੂੰ ਰੁਸ਼ਨਾਇਆ।
ਧਰਤ ਸੁਹਾਵੀ ਕਰਨ ਲਈ
ਤੂੰ ਕਲਮਾਂ ਲੱਭ ਲਿਆਇਆ।
ਪਾਤਰ ਦਾ ਹੈ ਰੁਤਬਾ ਉੱਚਾ
ਪਾਤਰ ਸਭ ਦਾ ਮੀਤ ਹੋ ਗਿਆ।
ਜਾਦੂਗਰ ਸੀ ਹਰਫ਼ਾਂ ਦਾ ਉਹ
ਪਾਤਰ ਤਾਂ ਸੁਰਜੀਤ ਹੋ ਗਿਆ।
ਸੰਪਰਕ: 98787-25122