ਪਰਵਾਸੀ ਕਾਵਿ
ਤੇਜਸ਼ਦੀਪ ਸਿੰਘ ਅਜਨੌਦਾ
ਨਮਸਕਾਰ
ਅਸਲ ਰੌਸ਼ਨੀ ਨੂੰ ਨਮਸਕਾਰ ਕਰ
ਇਸ ਲੋਅ ਨੂੰ ਨਮਸਕਾਰ ਕਰ
ਚਾਨਣ ਲੱਭਣ ਤੁਰੀ ਤੇਰੀ
ਇਸ ਖੋਹ ਨੂੰ ਨਮਸਕਾਰ ਕਰ
ਹਨੇਰਿਆਂ ਨੂੰ ਮਾਤ ਦੇਣੀ
ਸੁਪਨਿਆਂ ਨੂੰ ਬਿਸਾਤ ਦੇਣੀ
ਤੇਰੇ ਟੀਚਿਆਂ ਦੇ ਨਕਸ਼ੇ
ਨਵੀਂ ਜੂਹ ਨੂੰ ਨਮਸਕਾਰ ਕਰ
ਚਾਨਣ ਲੱਭਣ ਤੁਰੀ ਤੇਰੀ
ਇਸ ਖੋਹ ਨੂੰ ਨਮਸਕਾਰ ਕਰ
ਕੁਦਰਤ ਦਿੰਦੀ ਹੈ ਰਸਤੇ
ਤੂੰ ਯਕੀਨ ਕਰਕੇ ਜਾਣੀ
ਖੋਹਾਂ ਵਾਲਿਆਂ ਲਈ ਹੀ ਸਿਰਜੇ
ਪਹਾੜ ਮਾਰੂਥਲ ਤੇ ਪਾਣੀ
ਜਿਨ੍ਹਾਂ ਤਲਬ ਵਿੱਚੋਂ ਪੁੱਟਿਆ
ਉਸ ਖੂਹ ਨੂੰ ਨਮਸਕਾਰ ਕਰ
ਸਿਰਜਣਾ ਦੇ ਪੈਂਡੇ
ਜਗਿਆਸਾ ਹੈ ਰਾਹ ਦਸੇਰਾ
ਨਵੀਆਂ ਉਮੀਦਾਂ ਗੁੰਦਿਆਂ ਇਹ ਨਵਾਂ ਹੈ ਸਵੇਰਾ
ਜਜ਼ਬੇ ਦੀ ਪਹੁ ਫੁੱਟੀ
ਰੂਹਾਨੀ ਛੋਹ ਨੂੰ ਨਮਸਕਾਰ ਕਰ
ਚਾਨਣ ਲੱਭਣ ਤੁਰੀ ਤੇਰੀ
ਇਸ ਖੋਹ ਨੂੰ ਨਮਸਕਾਰ ਕਰ
ਸੁਰਜੀਤ ਮਜਾਰੀ
ਕੈਨੇਡਾ
ਮੈਂ ਪੱਕਾ ਵਿੱਚ ਕੈਨੇਡਾ ਦੇ
ਮੇਰਾ ਦਿਲ ਪੰਜਾਬ ’ਚ ਰਹਿੰਦਾ।
ਮਿਹਨਤ ਦਾ ਮੁੱਲ ਪੈਂਦਾ ਜੇਕਰ
ਜੇ ਦੋ ਡੰਗ ਸੌਖਾ ਸਰਦਾ।
ਆਪਣੇ ਵਤਨ ਤੋਂ ਦੂਰ ਜਾਣ ਨੂੰ
ਦਿਲ ਕੇਹਦਾ ਦੱਸ ਕਰਦਾ।
ਆਪਣੀ ਜੰਮਣ ਭੂਇੰ ਨੂੰ ਸਿਜਦਾ
ਕਰਾਂ ਮੈਂ ਉੱਠਦਾ ਬਹਿੰਦਾ।
ਮੈਂ ਪੱਕਾ ਵਿੱਚ ਕੈਨੇਡਾ ਦੇ
ਮੇਰਾ ਦਿਲ ਪੰਜਾਬ ’ਚ ਰਹਿੰਦਾ।
ਸੁਫ਼ਨਿਆਂ ਦੀ ਉਡਾਨ ਭਰਨ ਨੂੰ
ਜਦ ਤੋਂ ਵੀ ਪਰ ਤੋਲੇ ਸੀ।
ਘਰੋਂ ਤੁਰਨ ਤੋਂ ਪੀ ਆਰ ਤੀਕਰ
ਕਦੇ ਨਾ ਦਰਦ ਫਰੋਲੇ ਸੀ।
ਸੀਨੇ ਪੱਥਰ ਰੱਖਣੇ ਪੈਂਦੇ
ਤਾਂ ਹੀ ਕਰਜ਼ਾ ਲਹਿੰਦਾ।
ਮੈਂ ਪੱਕਾ ਵਿੱਚ ਕੈਨੇਡਾ ਦੇ
ਮੇਰਾ ਦਿਲ ਪੰਜਾਬ ’ਚ ਰਹਿੰਦਾ।
ਕੱਚਾ ਵਿਹੜਾ ਘਰ ਕੱਚੇ ਦਾ
ਅੱਜ ਵੀ ਮੱਥਾ ਚੁੰਮਦਾ ਹੈ।
ਅਜੇ ਵੀ ਦਿਲ ਦਿਮਾਗ਼ ਅੰਦਰ
ਫਿਕਰਾਂ ਦਾ ਘੇਰਾ ਘੁੰਮਦਾ ਹੈ।
ਬੇਬੇ ਬਾਪੂ ਮਨ ਜਦ ਭਰਦੇ
ਹੌਲ ਕਾਲਜੇ ਪੈਂਦਾ।
ਮੈਂ ਪੱਕਾ ਵਿੱਚ ਕੈਨੇਡਾ ਦੇ
ਮੇਰਾ ਦਿਲ ਪੰਜਾਬ ’ਚ ਰਹਿੰਦਾ।
ਸੁੱਖ ਰਵ੍ਹੇ ਕੁਦਰਤ ਨੇ ਚਾਹਿਆ
ਮੁੜ ਵਤਨਾਂ ਨੂੰ ਆਵਾਂਗੇ।
ਸਾਰੀ ਵਿਥਿਆ ਛੇ ਸਾਲਾਂ ਦੀ
ਬੈਠ ਕੇ ਕੋਲ ਸੁਣਾਵਾਂਗੇ।
ਰੱਖਣੀ ਆਸ ਮੁਰਾਦਾਂ ਵਾਲੀ
ਸੁਰਜੀਤ ਮਜਾਰੀ ਕਹਿੰਦਾ।
ਮੈਂ ਪੱਕਾ ਵਿੱਚ ਕੈਨੇਡਾ ਦੇ
ਮੇਰਾ ਦਿਲ ਪੰਜਾਬ ’ਚ ਰਹਿੰਦਾ।
ਸੰਪਰਕ: 98721-93237