For the best experience, open
https://m.punjabitribuneonline.com
on your mobile browser.
Advertisement

ਪਰਵਾਸੀ ਕਾਵਿ

10:49 AM Oct 04, 2023 IST
ਪਰਵਾਸੀ ਕਾਵਿ
Advertisement

ਜਸਵੰਤ ਗਿੱਲ ਸਮਾਲਸਰ

Advertisement

ਕ੍ਰਾਂਤੀ ਦੀ ਬਾਤ

ਮੇਰੇ ਦੁੱਖ ਵਿੱਚ ਸ਼ਾਮਲ ਹੋਈ
ਜਦ ਸਾਰੀ ਕਾਇਨਾਤ।
ਮੈਂ ਕੀਤੀ ਗੱਲ ਮੁਹੱਬਤ ਦੀ
ਪਾ ਦਿੱਤੀ ਕ੍ਰਾਂਤੀ ਦੀ ਬਾਤ।

Advertisement

ਜੋ ਲਿਖ ਦਿੱਤਾ ਪਾਸ਼, ਉਦਾਸੀ
ਆਲਮ, ਸਾਥੀ ਤੇ ਲਾਲ
ਉਨ੍ਹਾਂ ਸ਼ਬਦਾਂ ਨਾਲ ਜਾਬਰ ਨੂੰ
ਯਾਦ ਦਵਿਾਉਂਦੇ ਰਹਿਣਾ ਔਕਾਤ।

ਚੇਲੇ ਨਾ ਇਹ ਗੋਰਖ ਦੇ
ਜੋ ਭਿੱਖਿਆ ਲੈ ਕੇ ਮੁੜ ਜਾਣ
ਸੂਰਮੇ ਇਹ ਸਦਾ ਜ਼ੁਲਮ ਤੇ ਜ਼ਾਲਮ ਨੂੰ
ਪਾਉਂਦੇ ਆਏ ਮਾਤ।

ਮਿਰਜ਼ੇ ਮਰਦੇ ਵੇਖ ਕੇ
ਲੋਕੀਂ ਰੋਂਦੇ ਨੇ ਭੁੱਬਾਂ ਮਾਰ
ਪਰ ਨਜ਼ਰ ਕਿਉਂ ਨਾ ਆਵੇ
ਭੁੱਖੀ ਮਰਦੀ ਮਜ਼ਦੂਰ ਜਮਾਤ।

ਵਿਦੇਸ਼ਾਂ ਦੀ ਗੱਲ ਛੱਡ ਕੇ
ਗੱਲ ਕਰੀਏ ਵਤਨ ਪਿਆਰੇ ਦੀ
ਅੰਨ੍ਹੇ-ਬੋਲੇ ਹਾਕਮ ਜਨਤਾ ਵੱਲ
ਨਾ ਹੈ ਮਾਰਨ ਝਾਤ।

ਪਿਆਰਾ ਲੋਕਾਂ ਦਾ ਬਣ ਜੇ
ਜਦ ਕੋਈ ਸ਼ਾਇਰ ਹੈ ਯਾਰ
ਉਸ ਨੂੰ ਮੋਹ ਸਕੇ ਨਾ
ਫਿਰ ਸੋਨੇ ਚਾਂਦੀ ਦੀ ਸੌਗਾਤ।

ਧਰਮਾਂ ਜਾਤਾਂ ਤੋਂ ਪਵਿੱਤਰ ਹੈ
ਸਾਹਿਤ ਸੁਣਿਆ ਜਸਵੰਤ
ਹੈਰਾਨ ਰਹਿ ਗਿਆ ਇੱਕ ਲੇਖਕ ਨੇ
ਜਦ ਪੁੱਛੀ ਸੀ ਜਾਤ।
***

ਗੱਲ ਕਰ ਪਿਆਰਾਂ ਦੀ

ਬਹੁਤੇ ਕਹਿੰਦੇ ਗੱਲ ਕਰ ਤੂੰ ਬਸ ਪਿਆਰਾਂ ਦੀ
ਗ਼ਜ਼ਲਾਂ ਵਿੱਚ ਲਿਖ ਨਾ ਐਵੇਂ ਗੱਲ ਤਲਵਾਰਾਂ ਦੀ।
ਕਲਪਨਾ ਦੇ ਸਮੁੰਦਰ ਵਿੱਚ ਡੂੰਘਾ ਡੁੱਬਜਾ ਤੂੰ
ਕਹਿੰਦੇ ਕਹਿ ਨਾ ਗੱਲ ਪਰ ਪਾਣੀ ਖ਼ਾਰਾਂ ਦੀ।

ਮੈਂ ਆਖਾਂ ਫੁੱਲ ਕਲੀਆਂ ਨੂੰ ਮਹਿਫੂਜ਼ ਕਰੋ
ਫਿਰ ਨਾ ਕਰਦਾ ਗੱਲ ਕਦੇ ਮੈਂ ਹਥਿਆਰਾਂ ਦੀ।
ਆਪਣੇ ਬਣ ਕੇ ਜਨਿ੍ਹਾਂ ਖੰਜਰ ਮਾਰੇ ਨੇ
ਮਹਿਮਾਂ ਗਾ ਨਾ ਹੋਵੇ ਲੋਕ ਗੱਦਾਰਾਂ ਦੀ।

ਕਲਮ ਮੇਰੀ ਰਖੇਲ ਨਹੀਂ ਰਾਜੇ ਰਾਣੇ ਦੀ
ਦਾਸੀ ਬਣੇ ਜੋ ਦਿੱਲੀ ਦੇ ਦਰਬਾਰਾਂ ਦੀ।
ਇਨਾਮਾਂ ਸਨਮਾਨਾਂ ਦਾ ਲਾਲਚ ਨਾ ਕੋਈ
ਮੈਂ ਤਾਂ ਬਾਤ ਕਰਾਂਗਾ ਸਭ ਸਰਕਾਰਾਂ ਦੀ।

ਕੀ-ਕੀ ਜ਼ੁਲਮ ਕਮਾਇਆ ਸਾਡੇ ’ਤੇ ਦਿੱਲੀ ਨੇ
ਕਿਉਂ ਨਾ ਦੱਸਾਂ ਕਹਾਣੀ ਕੀਤੇ ਵਾਰਾਂ ਦੀ।
ਸਿੱਖਿਆ ਹੀਰ ਸਲੇਟੀ ਵਿੱਚ ਮੁਸੀਬਤ ਦੇ
ਮੈਂ ਕਵਿੇਂ ਆਖਾਂ ਗੱਲ ‘ਗਿੱਲ’ ਰਾਂਝੇ ਯਾਰਾਂ ਦੀ।
ਸੰਪਰਕ: 97804-51878
ਡਾ. ਗੁਰਬਖਸ਼ ਸਿੰਘ ਭੰਡਾਲ

ਹਥਿਆਰ

ਹਥਿਆਰ ਦਾ ਸਫ਼ਰ ਵੀ
ਕੇਹਾ ਅਜੀਬ ਸਫ਼ਰ ਏ
ਕਦੇ ਸਮੇਂ ਸੀ
ਤਰਕ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਸੀ
ਇਹ ਭਾਵੇਂ ਬਾਬੇ ਨਾਨਕ ਦਾ ਸਿੱਧ ਗੋਸ਼ਟਿ ਹੋਵੇ
ਜਾਂ ਵੱਖ ਵੱਖ ਫਿਰਕਿਆਂ ਦੇ ਰਿਸ਼ੀਆਂ-ਮੁੰਨੀਆਂ ’ਚ
ਸੰਵਾਦ ਰਚਾਉਣ ਦੀ ਪਰੰਪਰਾ ਹੋਵੇ।

ਸਮਾਂ ਬਦਲਿਆ
ਬੰਦੇ ਨੇ ਖ਼ੁਦ ਨੂੰ ਸਹੀ ਸਾਬਤ ਕਰਨ ਲਈ
ਕਿਰਪਾਨਾਂ, ਤ੍ਰਿਸ਼ੂਲਾਂ ਤੇ ਗੰਡਾਸਿਆਂ ਨੂੰ ਹਥਿਆਰ ਬਣਾ ਲਿਆ
ਤੇ ਮਰਨ ਮਾਰਨ ’ਤੇ ਉਤਾਰੂ ਹੋ ਗਿਆ।
ਤੇ ਸਮਾਂ ਹੋਰ ਬਦਲਿਆ
ਬੰਦੇ ਨੇ ਖ਼ੁਦ ਨੂੰ ਸੱਚਾ ਸਿੱਧ ਕਰਨ
ਅਤੇ ਵਿਰੋਧੀਆਂ ਨੂੰ ਲਤਾੜਨ ਲਈ
ਐਟਮ ਬੰਬ ਵਰਗੇ ਹਥਿਆਰ ਵਰਤੇ।

ਹਥਿਆਰਾਂ ਦਾ ਸਫ਼ਰ ਇੱਥੇ ਹੀ ਨਾ ਰੁਕਿਆ
ਸਗੋਂ ਬੰਦੇ ਦੀ ਬਿਮਾਰ ਮਾਨਸਿਕਤਾ ਦਾ ਕੇਹਾ ਆਲਮ
ਔਰਤ ਨੂੰ ਇੱਕ ਹਥਿਆਰ ਵਜੋਂ ਵਰਤਿਆ ਜਾਣ ਲੱਗਾ
ਭਾਵੇਂ ਰਾਵਣ ਵੱਲੋਂ ਸੀਤਾ ਦਾ ਹਰਣ ਹੋਵੇ
ਜਾਂ ਫਿਰੌਤੀ ਲਈ ਔਰਤ ਨੂੰ ਅਗਵਾ ਕਰਨਾ ਹੋਵੇ।

ਪਰ
ਹਥਿਆਰ ਦਾ ਸਫ਼ਰ ਇੱਥੇ ਵੀ ਖ਼ਤਮ ਨਾ ਹੋਇਆ
ਸਗੋਂ ਅੱਜਕੱਲ੍ਹ ਤਾਂ ਫਿਰਕਿਆਂ ਦੇ ਆਪਸੀ ਕਲੇਸ਼ ’ਚ
ਔਰਤ ਨੂੰ ਅਗਵਾ ਕਰਨਾ
ਨਿਰਵਸਤਰ ਕਰਨਾ
ਤੇ ਫਿਰ ਬਲਾਤਕਾਰ ਕਰਨਾ ਵੀ
ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ
ਭਾਵੇਂ ਇਹ ਕਸ਼ਮੀਰ ਹੋਵੇ, ਮਨੀਪੁਰ ਹੋਵੇ
ਫਲਸਤੀਨ ਜਾਂ ਕੋਈ ਅਫ਼ਰੀਕਨ ਦੇਸ਼ ਹੋਵੇ।

ਔਰਤ ਦੀ ਬੇਪੱਤੀ ਨੂੰ ਹਥਿਆਰ ਬਣਾਉਣ ਵਾਲਿਓ
ਜ਼ਰਾ ਦੱਸਿਓ!
ਤੁਸੀਂ ਆਪਣੀ ਮਾਂ, ਧੀ ਤੇ ਭੈਣ ਨੂੰ
ਕਿਸ ਨਜ਼ਰ ਨਾਲ ਤੱਕੋਗੇ?
ਤੇ ਕਿਸ ਬਹਾਦਰੀ ਦੀ ਡੀਂਗ ਮਾਰੋਗੇ?
ਸਗੋਂ ਚੂਲੀ ਭਰ ਪਾਣੀ ’ਚ ਡੁੱਬ ਮਰੋਗੇ।

ਸੱਚੀਂ!
ਅਸਾਂ ਕਿੰਨੀ ਤਰੱਕੀ ਕਰ ਲਈ ਹੈ
ਅਸੀਂ ਤਾਂ ਤਰਕ ਦੇ ਹਥਿਆਰ ਤੋਂ
ਬਲਾਤਕਾਰ-ਰੂਪੀ ਹਥਿਆਰ ਤੀਕ ਦਾ ਸਫ਼ਰ
ਤੈਅ ਕਰ ਲਿਆ ਹੈ!
ਸੰਪਰਕ: 216-556-2080
ਗ ਸ ਨਕਸ਼ਦੀਪ ਪੰਜਕੋਹਾ

ਮੌਕਾ

ਆਇਆ ਮੌਕਾ ਫਿਰ ਨਿਭਾਉਣ ਦਾ
ਬਨਿ ਝਿਜਕ ਤਲੀ ’ਤੇ ਜਾਨ ਰੱਖਦੇ।
ਸੱਚ ਦੀ ਜਿੱਤ ਖਾਤਰ ਤੂੰ
ਹੋਣ ਵਾਲਾ ਇੱਕ ਪਾਸੇ ਨਫ਼ਾ ਨੁਕਸਾਨ ਰੱਖਦੇ।

ਮੇਰਾ ਆਹ ਤੇ ਮੇਰਾ ਆਹੁ ਹੈ
ਇਹ ਕਹਿੰਦਿਆਂ ਸਵੇਰ ਗਈ ਸ਼ਾਮ ਆਈ
ਕੁਝ ਵੀ ਤਾਂ ਨਾਲ ਨਹੀਂ ਜਾਣਾ
ਇੱਕ ਪਾਸੇ ਹੁਣ ਸਾਰਾ ਸਾਮਾਨ ਰੱਖਦੇ।

ਵੰਡੀਆਂ ਪਾਈਆਂ ਤੇ ਜ਼ਹਿਰ ਫੈਲਾਈ
ਕੁਝ ਸਮਝ ਹੀ ਨਹੀਂ ਪਈ ਲੋਕਾਂ ਦੇ
ਤੂੰ ਜੂਝ ਇਨ੍ਹਾਂ ਜ਼ੋਰਾਵਰ ਹੈਵਾਨਾਂ ਨਾਲ
ਪਏ ਲੜਨ ਜਿੰਨਾ ਉਹ ਤਾਣ ਰੱਖਦੇ।

ਕਿੰਨਾ ਚਿਰ ਹੋਰ ਮਰ ਮਰ ਜੀਵੇਂਗਾ
ਕਿੰਨਾ ਚਿਰ ਜਬਰ ਹੁੰਦਾ ਤੂੰ ਵੇਖੇਂਗਾ?
ਮੁੱਲ ਪਾ ਜਗਤ ਵਿੱਚ ਆਉਣ ਦਾ
ਨਹੀਂ ਜਿਗਰਾ ਜਿਹਾ ਬੇਈਮਾਨ ਰੱਖਦੇ
ਉਨ੍ਹਾਂ ਦੇ ਵੱਡੇ ਵੱਡੇ ਵੇਖੀਦੇ ਨੇ
ਖੰਡਰਾਂ ਵਿੱਚ ਰੁਲੇ ਹੋਏ ਧੌਲਰ ਸਾਰੇ ਹੁਣ
ਜੋ ਬੁੱਕਦੇ ਤੇ ਅਰਸ਼ੀਂ ਥੁੱਕਦੇ ਸੀ
ਜੋ ਕਦੇ ਪਹਾੜੋਂ ਉੱਚਾ ਸੀ ਗੁਮਾਨ ਰੱਖਦੇ।

ਅਸੀਂ ਨਹੀਂ ਮੰਨਦੇ ਇਨਸਾਨ ਉਨ੍ਹਾਂ ਨੂੰ
ਜਿਹੜੇ ਜ਼ੁਬਾਨ ਕਰਕੇ ਮੁੱਕਰ ਜਾਂਦੇ
ਆਖਰੀ ਮੌਕਾ ਏ ਨਕਸ਼ਦੀਪ ਤੇਰਾ
ਹੁਣ ਆਪਣੀ ਦਿੱਤੀ ਤੂੰ ਜ਼ੁਬਾਨ ਰੱਖਦੇ।

Advertisement
Author Image

Advertisement