For the best experience, open
https://m.punjabitribuneonline.com
on your mobile browser.
Advertisement

ਭਾਰਤੀ ਚੋਣਾਂ ਵਿੱਚ ਪਰਵਾਸੀਆਂ ਦੀ ਦਿਲਚਸਪੀ ਘਟੀ

07:36 AM Mar 18, 2024 IST
ਭਾਰਤੀ ਚੋਣਾਂ ਵਿੱਚ ਪਰਵਾਸੀਆਂ ਦੀ ਦਿਲਚਸਪੀ ਘਟੀ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਮਾਰਚ
ਭਾਰਤ ਵਿੱਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪਰਵਾਸੀਆਂ ਦੀ ਘਾਟ ਸਭ ਨੂੰ ਰੜਕੇਗੀ। ਪਿਛਲੀਆਂ ਕਈ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵਿਦੇਸ਼ ਬੈਠੇ ਭਾਰਤੀਆਂ ਵਿੱਚ ਉੱਥੇ ਜਾ ਕੇ ਚੋਣ ਮੁਹਿੰਮ ਵਿੱਚ ਵਿਚਰਨ, ਉਮੀਦਵਾਰਾਂ ਨੂੰ ਫੰਡ ਦੇਣ ਅਤੇ ਪ੍ਰਚਾਰ ਕਰਨ ਪ੍ਰਤੀ ਕੋਈ ਰੁਚੀ ਦਿਖਾਈ ਨਹੀਂ ਦੇ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਚੋਣਾਂ ਸਬੰਧੀ ਪ੍ਰੋਗਰਾਮ ਐਲਾਨੇ ਜਾਣ ਤੋਂ ਬਾਅਦ ਵੀ ਭਾਰਤੀ ਸਿਆਸਤ ਨਾਲ ਜੁੜੇ ਲੋਕਾਂ ਨੇ ਕੋਈ ਹਿਲਜੁਲ ਨਹੀਂ ਕੀਤੀ ਹੈ। ਬੇਸ਼ੱਕ ਵਿਦੇਸ਼ਾਂ ਵਿੱਚ ਵੱਸੇ ਭਾਰਤੀ ਲੋਕ ਮੂਲ ਨਾਲ ਜੁੜੇ ਰਹਿੰਦੇ ਤੇ ਵਾਪਰਦੇ ਘਟਨਾਕ੍ਰਮ ’ਤੇ ਨਜ਼ਰ ਰੱਖਦੇ ਹਨ ਪਰ ਜਿਹੋ ਜਿਹੇ ‘ਵਤਨ ਮੋਹ ਦੇ ਉਬਾਲੇ’ ਪੰਜਾਬੀਆਂ ਦੇ ਮਨਾਂ ਵਿੱਚ ਪਹਿਲਾਂ ਸਭ ਤੋਂ ਵੱਧ ਉੱਠਿਆ ਕਰਦੇ ਸੀ, ਉਹ ਤਪਸ਼ ਇਸ ਵਾਰ ਮਹਿਸੂਸ ਨਹੀਂ ਹੋ ਰਹੀ ਹੈ। ਇਸ ਨੂੰ ਖੋਰਾ ਲੱਗਣ ਦੇ ਕਈ ਕਾਰਨ ਹਨ, ਜਿਨ੍ਹਾਂ ’ਚੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡੰਡੇ ਦਾ ਡਰ ਪ੍ਰਮੁੱਖ ਮੰਨਿਆ ਜਾ ਰਿਹਾ ਹੈ। ਪਿਛਲੀਆਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਸੰਭਾਵੀ ਉਮੀਦਵਾਰਾਂ ਦੇ ਸਮਰਥਕ ਸਥਾਨਕ ਪੰਜਾਬੀ ਰੇਡੀਓ ਜਾਂ ਟੀਵੀ ਸ਼ੋਅ ਵਿੱਚ ਹੁੰਦੀਆਂ ਬਹਿਸਾਂ ਵਿੱਚ ਸ਼ਾਮਲ ਹੋ ਕੇ ਜਿਵੇਂ ਬਾਂਹਵਾਂ ਉਲਾਰ ਕੇ ਆਪਣੇ ਆਕਾਵਾਂ ਦੀ ਤਾਰੀਫ ਦੇ ਪੁਲ ਬੰਨ੍ਹਦੇ ਸਨ, ਇਸ ਵਾਰ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਅਜਿਹੀ ਕੋਈ ਗੱਲ ਸੁਣਨ ਜਾਂ ਦੇਖਣ ਨੂੰ ਨਹੀਂ ਮਿਲ ਰਹੀ ਹੈ। ਉਕਤ ਬੇਰੁਖੀ ਦਾ ਇੱਕ ਕਾਰਨ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਤੋਂ ਲਾਈਆਂ ਵੱਡੀਆਂ ਆਸਾਂ ਤੇ ਨਿੱਜੀ ਇੱਛਾਵਾਂ ਨੂੰ ਫਲ ਨਾ ਪੈਣਾ ਵੀ ਮੰਨਿਆ ਜਾ ਰਿਹਾ ਹੈ। ਕਦੇ ਇਸ ਪਾਰਟੀ ਦੇ ਥੰਮ੍ਹ ਅਖਵਾਉਂਦੇ ਰਹੇ ਤਿੰਨ ਵਿਅਕਤੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਪਾਰਟੀ ਦੀ ਗੱਲ ਤੋਂ ਹੀ ਟਾਲਾ ਵੱਟਣ ਦਾ ਯਤਨ ਕੀਤਾ। ਸਰੀ ਦੇ ਬਲਵਿੰਦਰ ਸਿੰਘ ਨੇ ਤਾਂ ਰੁੱਖੇ ਸ਼ਬਦਾਂ ਵਿੱਚ ਸਪੱਸ਼ਟ ਹੀ ਕਹਿ ਦਿੱਤਾ, ‘‘ਸਿਆਸਤ ਵਿੱਚ ਤਾਂ ਹੱਥ ਨੂੰ ਹੱਥ ਹੁੰਦਾ ਹੈ, ਜੇ ਪਾਰਟੀ ਨੂੰ ਸਾਡੀ ਪ੍ਰਵਾਹ ਨਹੀਂ ਤਾਂ ਅਸੀਂ ਕਿਹੜਾ ਉਸ ਤੋਂ ਲੈ ਕੇ ਖਾਣਾ।’’ ਕੁਝ ਹੋਰਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਕੈਨੇਡਾ ਵਿੱਚ ਮੰਦੇ ਦੀ ਮਾਰ ਝੱਲ ਰਹੇ ਲੋਕਾਂ ਦਾ ਨਾ ਤਾਂ ਪਹਿਲਾਂ ਵਾਂਗ ਹੱਥ ਖੁੱਲ੍ਹਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਹੁਣ ਵਿਹਲ ਹੈ।
ਹਵਾਈ ਟਿਕਟ ਵਿਕਰੇਤਾਵਾਂ ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪੈ ਰਿਹਾ ਹੈ। ਭੀੜ ਦਾ ਫਾਇਦਾ ਲੈਣ ਵਾਲੀਆਂ ਹਵਾਈ ਕੰਪਨੀਆਂ ਨੇ ਰੇਟ ਤਾਂ ਕੀ ਵਧਾਉਣੇ ਸੀ, ਸਗੋਂ ਸੀਟਾਂ ਭਰਨ ਲਈ ਰੇਟ ਘਟਾਉਣੇ ਪੈ ਰਹੇ ਨੇ।
ਇਹ ਵੀ ਪਤਾ ਲੱਗਾ ਹੈ ਕਿ ਹਾੜ੍ਹੀ ਤੇ ਸਾਉਣੀ ਦੀ ਫਸਲ ਦੇ ਠੇਕੇ ਲੈਣ ਜਾਣ ਵਾਲੇ ਜਿਮੀਂਦਾਰਾਂ ਨੇ ਕਿਸੇ ਗੜਬੜ ਦੇ ਡਰੋਂ ਟੂਰ ਹੀ ਜੂਨ ਤੱਕ ਅੱਗੇ ਪਾ ਦਿੱਤੇ ਹਨ। ਫਿਰ ਵੀ ਦੇਖਣਾ ਹੋਵੇਗਾ ਕਿ ਪੰਜਾਬ ਵਿੱਚ ਚੋਣ ਆਖਰੀ ਗੇੜ ਵਿੱਚ ਪਹੁੰਚਣ ਤੱਕ ਲੋਕਾਂ ਦਾ ਰੁਝਾਨ ਬਦਲੇਗਾ ਜਾਂ ਨਹੀਂ?

Advertisement

Advertisement
Author Image

Advertisement
Advertisement
×