ਪਰਵਾਸੀ ਭਾਰਤੀ ਨੇ ਕੂੜੇ ਦੇ ਢੇਰ ਚੁਕਵਾਏ
ਪੱਤਰ ਪ੍ਰੇਰਕ
ਸ਼ੇਰਪੁਰ, 22 ਅਗਸਤ
ਇੱਥੇ ਅਨਾਜ ਮੰਡੀ ਰੋਡ ’ਤੇ ਸਥਿਤ ਦਸਹਿਰਾ ਮੈਦਾਨ ’ਚ ਕਈ ਸਾਲਾਂ ਤੋਂ ਸ਼ੇਰਪੁਰ ਦੀ ਹਿੱਕ ’ਤੇ ਪਏ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਐਨਆਰਆਈ ਬਲਜੀਤ ਬੱਲੀ ‘ਯੂਕੇ’ ਨੇ ਸਫਾਈ ਮੁਹਿੰਮ ਦਾ ਆਗਾਜ਼ ਕੀਤਾ। ਸ੍ਰੀ ਬੱਲੀ ਨੇ ‘ਕਲੀਨ ਸ਼ੇਰਪੁਰ’ ਮੁਹਿੰਮ ਦੇ ਦੂਜੇ ਪੜਾਅ ਦੌਰਾਨ 26 ਤੇ 27 ਅਗਸਤ ਨੂੰ ਪੂਰੇ ਕਸ਼ਬੇ ਵਿੱਚ ਸਫ਼ਾਈ ਮੁਹਿੰਮ ਚਲਾਏ ਜਾਣ ਦੀ ਤਜਵੀਜ਼ ਦਾ ਖੁਲਾਸਾ ਕੀਤਾ। ਮੋਹਤਬਰਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਮੁੱਖ ਗੇਟ ਸਾਹਮਣੇ ਦਸਹਿਰਾ ਮੈਦਾਨ ਨੂੰ ਲੋਕਾਂ ਨੇ ਕੂੜੇ ਦਾ ਡੰਪ ਬਣਾ ਕੇ ਰੱਖਿਆ ਹੋਇਆ ਸੀ ਜਿੱਥੋਂ ਅਕਸਰ ਗੰਦਗੀ ਦੀ ਦੁਰਗੰਧ ਉਠਦੀ ਰਹਿੰਦੀ ਸੀ। ਸੋਸ਼ਲ ਮੀਡੀਆ ਰਾਹੀਂ ਇੰਗਲੈਂਡ ਵਸਨੀਕ ਬਲਜੀਤ ਕੌਸ਼ਲ ਬੱਲੀ ਨੇ ਦੱਸਿਆ ਕਿ ਭਾਵੇਂ ਉਹ ਵਿਦੇਸ਼ ਵਿੱਚ ਰਹਿੰਦਾ ਹੈ ਪਰ ਉਸ ਦਾ ਦਿਲ ਅੱਜ ਵੀ ਪੰਜਾਬ ਤੇ ਕਸਬਾ ਸ਼ੇਰਪੁਰ ਵਿੱਚ ਧੜਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ‘ਸਰਬੱਤ ਦਾ ਭਲਾ’ ਸੰਸਥਾ ਕਾਇਮ ਕਰਕੇ ਆਪਣੇ ਹੋਰ ਐਨਆਰਆਈ ਸਾਥੀਆਂ ਨੂੰ ਸ਼ੇਰਪੁਰ ਦੀ ਸੁੰਦਰਤਾ ਲਈ ਇੱਕ ਮੰਚ ’ਤੇ ਇਕੱਤਰ ਕਰ ਕ। ਸਾਂਝੇ ਹਾਂ-ਪੱਖੀ ਉਪਰਾਲੇ ਕਰਨ ਲਈ ਸਹਿਮਤ ਕੀਤਾ ਹੈ। ਇਸ ਮੌਕੇ ਹਰਪ੍ਰੀਤ ਕੌਂਸਲ, ਹਰਮਨ ਸ਼ੈਲੀ, ਸਰਪੰਚ ਰਣਜੀਤ ਸਿੰਘ ਧਾਲੀਵਾਲ ਹਾਜ਼ਰ ਸਨ।