ਪਿੰਡ ਦੀ ਨੁਹਾਰ ਬਦਲਣ ਲਈ ਚੋਣ ਲੜ ਰਹੀ ਹੈ ਪਰਵਾਸੀ ਹਰਭਜਨ ਕੌਰ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 12 ਅਕਤੂਬਰ
ਪੰਜਾਬੀ ਇਸ ਵੇਲੇ ਵਿਦੇਸ਼ਾਂ ਵਿੱਚ ਜਾਣ ਲਈ ਹਰ ਹੀਲਾ ਵਸੀਲਾ ਲੱਭ ਰਹੇ ਹਨ, ਦੂਜੇ ਪਾਸੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਟ (ਪੀਆਰ) ਛੱਡ ਕੇ ਹਰਭਜਨ ਕੌਰ ਬੁੱਟਰ ਪਿੰਡ ਦੀ ਨੁਹਾਰ ਬਦਲਣ ਲਈ ਬੁੱਟਰਾਂ ਪਿੰਡ ਦੀ ਸਰਪੰਚੀ ਦੀ ਚੋਣ ਲੜ ਰਹੀ ਹੈ। ਉਹ 1970 ਵਿੱਚ ਕੈਨੇਡਾ ਗਏ ਸਨ ਅਤੇ ਉਨ੍ਹਾਂ ਦਾ ਪਤੀ ਦੀਪ ਸਿੰਘ ਬੁੱਟਰ 1973 ਵਿੱਚ ਕੈਨੇਡਾ ਵੱਸੇ ਸਨ। ਬੁੱਟਰ ਪਰਿਵਾਰ ਪਹਿਲਾਂ ਵੀ ਪਿੰਡ ਵਾਸੀਆਂ ਦੀ ਵਿੱਤੀ ਸਹਾਇਤਾ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਿੰਡ ਦੇ ਗਰੀਬ ਘਰਾਂ ਦੇ 15 ਬੱਚਿਆਂ ਦੀਆਂ ਫੀਸਾਂ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਆ ਰਿਹਾ ਹੈ। ਹਰਭਜਨ ਕੌਰ ਭਾਵੇਂ ਪੰਜ ਦਹਾਕੇ ਕੈਨੇਡਾ ਰਹੀ ਪਰ ਉਨ੍ਹਾਂ ਦੇ ਸਾਰੇ ਕਾਗਜ਼ਾਤ ਪੰਜਾਬ ਅਤੇ ਭਾਰਤ ਨਾਲ ਸਬੰਧਤ ਹਨ।
ਪੰਜਾਬੀ ਮਾਂ ਬੋਲੀ ਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰੇਗੀ ਹਰਭਜਨ ਕੌਰ ਬੁੱਟਰ
ਹਰਭਜਨ ਕੌਰ ਬੁੱਟਰ ਨੇ ਕਿਹਾ ਕਿ ਉਹ ਹੁਣ ਬਹੁਤਾ ਸਮਾਂ ਪਿੰਡ ਵਿੱਚ ਰਹੇਗੀ ਅਤੇ ਪਿੰਡ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਗਰੀਬ ਅਤੇ ਲੋੜਵੰਦ ਲੋਕਾਂ ਦੀ ਵਿੱਤੀ ਸਹਾਇਤਾ ਕਰਦੀ ਰਹੇਗੀ। ਉਸ ਦਾ ਉਦੇਸ਼ ਪਿੰਡ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਹੈ ਅਤੇ ਉਹ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲਾ ਕਰੇਗੀ। ਹਰਭਜਨ ਕੌਰ ਬੁੱਟਰ ਦਾ ਸਰਪੰਚੀ ਦੀ ਚੋਣ ਵਿੱਚ ਅਮਨਦੀਪ ਕੌਰ ਬੁੱਟਰ ਅਤੇ ਕਮਲਜੀਤ ਕੌਰ ਬੁੱਟਰ ਨਾਲ ਮੁਕਾਬਲਾ ਹੈ। ਪਿੰਡ ਬੁੱਟਰਾਂ ਦੀ ਸਰਪੰਚੀ ਤੋਂ ਇਲਾਵਾ 7 ਪੰਚਾਂ ਵਿਚੋਂ 3 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।