For the best experience, open
https://m.punjabitribuneonline.com
on your mobile browser.
Advertisement

ਵਿੱਤੀ ਸੰਕਟ ’ਚ ਡੁੱਬੇ ਪਾਕਿਸਤਾਨ ਨੇ ਯੂਕਰੇਨ ਨੂੰ ਵੇਚੇ ਹਥਿਆਰ: ਰਿਪੋਰਟ

06:59 AM Nov 15, 2023 IST
ਵਿੱਤੀ ਸੰਕਟ ’ਚ ਡੁੱਬੇ ਪਾਕਿਸਤਾਨ ਨੇ ਯੂਕਰੇਨ ਨੂੰ ਵੇਚੇ ਹਥਿਆਰ  ਰਿਪੋਰਟ
Advertisement

ਇਸਲਾਮਾਬਾਦ/ਲੰਡਨ, 14 ਨਵੰਬਰ
ਮੀਡੀਆ ’ਚ ਆਈ ਇਕ ਖ਼ਬਰ ਮੁਤਾਬਕ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਰੂਸ ਨਾਲ ਜਾਰੀ ਜੰਗ ’ਚ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਲਈ, ਪਿਛਲੇ ਸਾਲ ਕਥਿਤ ਤੌਰ ’ਤੇ ਦੋ ਪ੍ਰਾਈਵੇਟ ਅਮਰੀਕੀ ਕੰਪਨੀਆਂ ਨਾਲ ਹਥਿਆਰਾਂ ਦਾ ਸੌਦਾ ਕਰ ਕੇ 36 ਕਰੋੜ 40 ਲੱਖ ਅਮਰੀਕੀ ਡਾਲਰ ਕਮਾਏ ਸਨ। ਸੋਮਵਾਰ ਪ੍ਰਕਾਸ਼ਿਤ ਬੀਬੀਸੀ ਉਰਦੂ ਦੀ ਖ਼ਬਰ ਮੁਤਾਬਕ ਇਕ ਬਰਤਾਨਵੀ ਫ਼ੌਜੀ ਕਾਰਗੋ ਜਹਾਜ਼ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਲਈ ਰਾਵਲਪਿੰਡੀ ’ਚ ਪਾਕਿਸਤਾਨੀ ਸੈਨਾ ਦੇ ਨੂਰ ਖਾਨ ਅੱਡੇ ਤੋਂ ਸਾਈਪ੍ਰਸ, ਅਕ੍ਰੋਟਿਰੀ ’ਚ ਬਰਤਾਨਵੀ ਸੈਨਿਕ ਅੱਡੇ ਅਤੇ ਫਿਰ ਰੋਮਾਨੀਆ ਲਈ ਕੁੱਲ ਪੰਜ ਵਾਰ ਉਡਾਣ ਭਰੀ। ਹਾਲਾਂਕਿ ਪਾਕਿ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਰੋਮਾਨੀਆ ਦੇ ਗੁਆਂਢੀ ਮੁਲਕ ਯੂਕਰੇਨ ਨੂੰ ਹਥਿਆਰ ਦਿੱਤੇ ਹਨ। ਬੀਬੀਸੀ ਦੀ ਰਿਪੋਰਟ ਵਿਚ ਅਮਰੀਕਾ ਦੀ ਫੈਡਰਲ ਖ਼ਰੀਦ ਡੇਟਾ ਪ੍ਰਣਾਲੀ ਤੋਂ ਮਿਲੇ ਕੰਟਰੈਕਟ ਦੇ ਵੇਰਵੇ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ 155 ਐਮਐਮ ਤੋਪ ਦੇ ਗੋਲੇ ਦੀ ਵਿਕਰੀ ਲਈ ‘ਗਲੋਬਲ ਮਿਲਟਰੀ’ ਤੇ ‘ਨੌਰਥਰੋਪ ਗਰੁੱਮਨ’ ਨਾਂ ਦੀਆਂ ਅਮਰੀਕੀ ਕੰਪਨੀਆਂ ਨਾਲ ਦੋ ਸੌਦਿਆਂ ਉਤੇ ਸਹੀ ਪਾਈ ਸੀ। ਰਿਪੋਰਟ ਮੁਤਾਬਕ ਯੂਕਰੇਨ ਨੂੰ ਹਥਿਆਰ ਉਪਲੱਬਧ ਕਰਾਉਣ ਦੇ ਇਨ੍ਹਾਂ ਸਮਝੌਤਿਆਂ ’ਤੇ 17 ਅਗਸਤ 2022 ਨੂੰ ਹਸਤਾਖਰ ਕੀਤੇ ਗਏ ਸਨ ਤੇ ਇਹ ਵਿਸ਼ੇਸ਼ ਰੂਪ ਵਿਚ 155 ਐਮਐਮ ਤੋਪ ਦੇ ਗੋਲੇ ਦੀ ਖਰੀਦ ਨਾਲ ਜੁੜੇ ਸਨ। ਬੀਬੀਸੀ ਉਰਦੂ ਨੇ ਸਬੂਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਟੇਟ ਬੈਂਕ ਆਫ ਪਾਕਿਸਤਾਨ ਦੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਿੱਤੀ ਵਰ੍ਹੇ 2022-23 ਦੌਰਾਨ ਦੇਸ਼ ਦੇ ਹਥਿਆਰਾਂ ਦੀ ਬਰਾਮਦ ਵਿਚ 3,000 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਨੂੰ ਹਥਿਆਰਾਂ ਤੇ ਗੋਲਾ-ਬਾਰੂਦ ਵੇਚਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿ ਉਨ੍ਹਾਂ ਦੋਵਾਂ ਮੁਲਕਾਂ ਵਿਚਲੇ ਵਿਵਾਦ ਦੇ ਸੰਦਰਭ ’ਚ ‘ਸਖ਼ਤੀ ਨਾਲ ਨਿਰਪੱਖਤਾ’ ਦੀ ਨੀਤੀ ਕਾਇਮ ਰੱਖੀ ਹੈ ਤੇ ਦੋਵਾਂ ਮੁਲਕਾਂ ਨੂੰ ਇਸ ਜੰਗ ਵਿਚ ਕੋਈ ਹਥਿਆਰ ਜਾਂ ਗੋਲਾ-ਬਾਰੂਦ ਉਪਲੱਬਧ ਨਹੀਂ ਕਰਾਇਆ ਗਿਆ। ਇਹ ਕਥਿਤ ਸਮਝੌਤੇ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐਮ) ਦੇ ਕਾਰਜਕਾਲ ਦੌਰਾਨ ਹੋਏ ਸਨ। ਵੱਖ-ਵੱਖ ਦਲਾਂ ਦੇ ਇਸੇ ਗੱਠਜੋੜ ਨੇ ਪਿਛਲੇ ਸਾਲ ਅਪਰੈਲ ਵਿਚ ਬੇਭਰੋਸਗੀ ਮਤੇ ਰਾਹੀਂ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਡੇਗ ਦਿੱਤੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×