ਰਾਜ ਕੁਮਾਰ ਦਾ ਚਿੱਤਰ ਰੀ-ਸਿੰਗਿੰਗ ਏ ਸੌਂਗ
ਜਗਤਾਰਜੀਤ ਸਿੰਘ
ਚਿੱਤਰਕਾਰ ਰਾਜ ਕੁਮਾਰ ਚੰਡੀਗੜ੍ਹ ਆਰਟ ਕਾਲਜ ਦਾ ਵਿਦਿਆਰਥੀ ਰਿਹਾ ਹੈ। ਇਹ ਕਾਲਜ ਪੱਕੇ ਪੈਰੀਂ ਹੁਣ ਚੰਡੀਗੜ੍ਹ ਆ ਟਿਕਿਆ ਹੈ। ਕਦੇ ਲਾਹੌਰ ਵਿਖੇ ਮੇਓ ਸਕੂਲ ਆਫ ਆਰਟਸ ਐਂਡ ਕਰਾਫਟ ਹੁੰਦਾ ਸੀ। ਉਹ ਸ਼ਹਿਰ ਸਮੇਂ ਦੀ ਉਪਜ ਸੀ। ਦੇਸ਼ ਵੰਡ ਵੇਲੇ ਉਹ ਲਹਿੰਦੇ ਪੰਜਾਬ ਹਿੱਸੇ ਆਇਆ। ਇਸ ਲਈ ਚੜ੍ਹਦੇ ਖਿੱਤੇ ਨੂੰ ਸਿਆਸਤਦਾਨਾਂ ਨੇ ਇਕ ਆਰਟ ਕਾਲਜ ਦੇਣਾ ਚਾਹਿਆ ਜਿਸ ਨੂੰ ਪਹਿਲਾਂ-ਪਹਿਲ ਸ਼ਿਮਲੇ ਥਾਂ ਮਿਲੀ। ਚੰਡੀਗੜ੍ਹ ਬਣਨ ’ਤੇ ਇਸ ਨੂੰ ਇੱਥੇ ਲਿਆਂਦਾ। ਇਹ ਕਾਲਜ ਕਈ ਵਾਰ ਪਰੰਪਰਾ ਵਿਹੂਣਾ ਜਾਪਦਾ ਹੈ।
ਚਿੱਤਰ ‘ਰੀ-ਸਿੰਗਿੰਗ ਏ ਸੌਂਗ’ ਇਸੇ ਖ਼ਿਆਲ ਦੀ ਉਪਜ ਹੈ। ਵਿਅਕਤੀ ਬੀਤੇ ਨੂੰ ਮੁੜ-ਮੁੜ ਯਾਦ ਕਰਦਾ ਹੈ, ਭਵਿੱਖ ਨੂੰ ਨਹੀਂ। ਭਵਿੱਖ ’ਚ ਅਸਥਿਰਤਾ ਹੈ, ਬੀਤਿਆ ਸਥੂਲ ਤੇ ਸਥਿਰ ਹੈ। ਅਸੀਂ ਉਸੇ ਕੋਲ ਜਾਣ ਦੀ ਇੱਛਾ ਰੱਖਦੇ ਹਾਂ ਜੋ ਹਰ ਸਮੇਂ ਹਰ ਸਥਿਤੀ ਵਿਚ ਮਿਲਣ ਲਈ ਤਿਆਰ ਰਹੇ। ਇਹ ਚਿੱਤਰ ਇਸੇ ਤੱਥ ਨੂੰ ਦ੍ਰਿੜ੍ਹ ਕਰ ਰਿਹਾ ਹੈ। ਚਿੱਤਰ ਵਿਚਲਾ ਸ਼ਖ਼ਸ ਚੱਲ ਅੱਗੇ ਵੱਲ ਰਿਹਾ, ਪਰ ਆਪਣੇ ਮਨ ਅੰਦਰ ਗੁਜ਼ਰ ਚੁੱਕੇ ਸਮੇਂ ਨੂੰ ਦੇਖ-ਵਿਚਾਰ ਰਿਹਾ ਹੈ। ਉਹ ਕਿਤੇ ਵੀ ਕਿਸੇ ਵੀ ਹਾਲਤ ਵਿਚ ਹੋਵੇ ਉਹ ਬਿਨਾਂ ਦਖਲ ਸੰਕੋਚ ਦੇ ਆਪਣੇ ਬੀਤੇ ਸਮੇਂ ਨੂੰ ਮਿਲ ਸਕਦਾ ਹੈ।
ਚਿੱਤਰਕਾਰ ਨੇ ਇਸ ਦੀ ਰਚਨਾ 2019 ’ਚ ਕੀਤੀ। ਆਕਾਰ ਪੱਖੋਂ ਇਹ 168 ਸੈਂਟੀਮੀਟਰ ਗੁਣਾ 115 ਸੈਂਟੀਮੀਟਰ ਹੈ। ਰਾਜ ਕੁਮਾਰ ਦੇ ਸਮੁੱਚੇ ਕੰਮ ਦਾ ਆਪਣਾ ਸੁਭਾਅ ਹੈ। ਉਸ ਦਾ ਸੁਭਾਅ ਅਤੇ ਵਿਹਾਰ ਉਸ ਦੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ। ਉਸ ਦੇ ਕੰਮ ’ਚੋਂ ਕਾਹਲ ਨਹੀਂ ਝਲਕਦੀ। ਓਦਾਂ ਵੀ ਉਸ ਦੇ ਕੰਮ ਦੀ ਗਿਣਤੀ ਜ਼ਿਆਦਾ ਨਹੀਂ ਸਗੋਂ ਉਸ ਦੀ ਕੀਤੀ ਰਚਨਾ ਮਾਅਨੇ ਰੱਖਦੀ ਹੈ। ਕੈਨਵਸ ਉਪਰ ਇਕ ਬਜ਼ੁਰਗ ਪਾਤਰ ਖੱਬੇ ਤੋਂ ਸੱਜੇ ਵੱਲ ਆਪਣੀ ਚਾਲ ਚਲਦਾ ਜਾ ਰਿਹਾ ਹੈ। ਕੁਝ ਸੋਚ-ਵਿਚਾਰ ਰਿਹਾ ਹੋਵੇਗਾ ਤਾਂ ਹੀ ਸਿਰ ਥੋੜ੍ਹਾ ਅਗਾਂਹ ਵੱਲ ਝੁਕਿਆ ਹੋਇਆ ਹੈ। ਇਹ ਉਮਰ ਕਰਕੇ ਵੀ ਹੋ ਸਕਦਾ ਹੈ। ਸੋਚ-ਵਿਚਾਰ ਆਪਣੇ ਨਾਲ ਤਾਂ ਬੈਠ ਕੇ ਵੀ ਹੋ ਸਕਦੀ ਹੈ। ਚਿੱਤਰਕਾਰ ਪਾਤਰ ਦੀ ਸਹੂਲਤ ਅਨੁਰੂਪ ਰੂਪ ਚਿਤਰਣ ਨਹੀਂ ਕਰ ਰਿਹਾ। ਉਸ ਦੀ ਮਨਸ਼ਾ ਖ਼ਿਆਲ ਨੂੰ ਨਿਰਣਾਇਕ ਅੰਤ ਤੱਕ ਲਿਜਾਣਾ ਹੈ ਜਿਸ ਵਿਚ ਕੋਈ ਝੋਲ ਜਾਂ ਖਿਲਾਰ ਨਾ ਹੋਵੇ।
ਤੁਰਦਾ ਜਾ ਰਿਹਾ ਸ਼ਖ਼ਸ ਇਕੱਲਾ ਹੀ ਹੈ। ਕਿੱਥੋਂ ਤੁਰ ਕੇ ਇੱਥੇ ਤੱਕ ਪਹੁੰਚਿਆ, ਤਸਵੀਰ ਇਸ ਦਾ ਸੰਕੇਤ ਨਹੀਂ ਦਿੰਦੀ। ਦੇਖਣ ਵਾਲੇ ਨੂੰ ਨਹੀਂ ਪਤਾ ਕਿ ਇਸ ਕਿੱਥੋਂ ਤੱਕ ਤੁਰਨਾ ਹੈ। ਸੱਚ ਇਹੋ ਹੈ ਕਿ ਇਹ ਤੁਰ ਰਿਹਾ ਹੈ। ‘ਤੁਰਨ’ ਨੂੰ ਜੀਵਨ ਬਿਤਾਉਣ ਨਾਲ ਜੋੜ ਸਕਦੇ ਹਾਂ।
ਕੀ ਇਹ ਇਕੱਲਾ ਹੀ ਤੁਰ ਪਿਆ ਸੀ ਜਾਂ ਕੋਈ ਇਹਦੇ ਨਾਲ ਸੀ? ਜਿਸ ਨੇ ਨਾਲ-ਨਾਲ ਤੁਰਦਿਆਂ ਇਸ ਦਾ ਸਾਥ ਛੱਡ ਦਿੱਤਾ। ਸਾਥ ਛੱਡੇ ਜਾਣ ਤੋਂ ਬਾਅਦ ਇਹ ਆਪਣੇ ਸੰਸਾਰ ਵਿਚ ਗੁਆਚ ਗਿਆ। ਧਿਆਨ ਦੇਣ ਵਾਲੀ ਗੱਲ ਹੈ ਜੇ ਬਜ਼ੁਰਗ ਕੱਲ-ਮੁਕੱਲਾ ਹੈ ਤਾਂ ਉਹ ਥਾਂ ਵੀ ਬੇਆਬਾਦ ਹੈ ਜਿਸ ਵਿਚਾਲਿਓਂ ਇਹ ਲੰਘ ਰਿਹਾ ਹੈ। ਇਹ ਥਾਂ ਜੰਗਲ ਬੀਆਬਾਨ ਨਹੀਂ। ਬਜ਼ੁਰਗ ਆਪਣਾ ਰਾਹ ਆਪ ਨਹੀਂ ਬਣਾ ਰਿਹਾ ਸਗੋਂ ਪਹਿਲਾਂ ਤੋਂ ਬਣੇ ਰਾਹ ਨੂੰ ਵਰਤ ਰਿਹਾ ਹੈ। ਇਹ ਸੱਚ ਹੈ ਕਿ ਇਸ ਰਾਹ ਨੂੰ ਬਹੁਤ ਘੱਟ ਵਰਤਿਆ ਜਾ ਰਿਹਾ ਹੈ। ਬਣੀ ਪੁਲੀ ਵੀ ਇਹੋ ਚੁਗਲੀ ਕਰ ਰਹੀ ਹੈ। ਬਣਾਉਣ ਵਾਲੇ ਨੇ ਪੁਲੀ ਬਣਾ ਦਿੱਤੀ ਤਾਂ ਕਿ ਏਧਰੋਂ ਲੰਘਣ ਵਾਲੇ ਨੂੰ ਪੱਧਰਾ ਰਾਹ ਮਿਲ ਜਾਵੇ। ਪੁਲੀ ਪਾਣੀ ਦੀ ਆਵਾਜਾਈ ਲਈ ਬਣਾਈ ਹੈ। ਫਿਲਹਾਲ ਸਾਰੀ ਥਾਂ ਸੁੱਕੀ ਹੈ। ਲੱਕੜ ਦੀ ਗੱਡੀ ਵਿਚੋਂ ਖਿਡੌਣਿਆਂ ਦਾ ਡਿੱਗਣਾ ਪ੍ਰਤੀਕਾਤਮਕ ਅਰਥ ਦਿੰਦਾ ਹੈ, ਪਰ ਅਜਬ ਹੈ ਜਿਸ ਰਾਹ ਉਪਰ ਸ਼ਖ਼ਸ ਚੱਲ ਰਿਹਾ ਉਹ ਹਰਾ ਅਤੇ ਲਹਿਰਦਾਰ ਹੈ। ਸਾਰਾ ਕੁਝ ਹਰੇ ਰੰਗ ਨਾਲ ਲਬਰੇਜ਼ ਹੈ ਜਿਸ ਦਾ ਆਪਣਾ ਅਰਥ ਵਿਸਥਾਰ ਹੋ ਸਕਦਾ ਹੈ। ਲਹਿਰ ਪਾਣੀ ਦੀ ਸਤਹਿ ਉਪਰ ਜਨਮਦੀ ਹੈ ਅਤੇ ਇਸ ਨੂੰ ਸਮੇਂ ਨਾਲ ਜੋੜਿਆ ਜਾਂਦਾ ਹੈ। ਇਉਂ ਬੰਦੇ ਦੇ ਰਾਹ ’ਤੇ ਤੁਰਨ ਦਾ ਭਾਵ ਇਹ ਹੈ ਕਿ ਉਹ ਸਮੇਂ (ਕਾਲ) ਨੂੰ ਆਪਣੇ ਕਦਮਾਂ ਨਾਲ ਪਿਛਾਂਹ ਧੱਕ ਰਿਹਾ ਹੈ।
ਦ੍ਰਿਸ਼ ਸਜਾਵਟੀ ਮਾਹੌਲ ਜਾਂ ਮਨੁੱਖ ਨਿਰਮਿਤ ਵਸਤਾਂ ਨਾਲ ਭਰਪੂਰ ਨਹੀਂ। ਜੋ ਕੁਝ ਹੈ, ਸਭ ਲੋੜ ਅਨੁਸਾਰ, ਘੱਟ ਤੋਂ ਘੱਟ ਹੈ। ਵੱਡਾ ਹਿੱਸਾ ਆਸਮਾਨ ਅਤੇ ਪਹਾੜਾਂ ਹਿੱਸੇੇ ਆਇਆ ਹੈ। ਬਜ਼ੁਰਗ ਦੇ ਸੱਜੇ ਹੱਥ ਵੱਲ ਰਜਨੀਗੰਧਾ ਦੇ ਫੁੱਲਾਂ ਦੇ ਗੁੱਛਿਆਂ ਦੀ ਦੱਸ ਪਾਉਂਦੀ ਬਨਸਪਤੀ ਹੈ। ਜ਼ਮੀਨ ਅਤੇ ਆਸਮਾਨ ਵੱਖ ਕਰਨ ਵਾਲੀ ਇਕਾਈ ਵਿਛਿਆ ਰਾਹ ਹੈ।
ਚਿੱਤਰਕਾਰ ਨੇ ਆਪਣੇ ਕਿਰਦਾਰ ਨੂੰ ਸਥਾਨ ਵੀ ਦਿੱਤਾ ਹੈ, ਸਮਾਂ ਵੀ। ਸਮਾਂ ਰਾਤ ਦਾ ਹੈ। ਦੇਖਣ ਵਾਲੇ ਨੂੰ ਇਹ ਗੱਲ ਓਪਰੀ-ਓਪਰੀ ਲੱਗ ਸਕਦੀ ਹੈ। ਰਾਤ ਤਾਂ ਸਿਆਹ ਨੀਲੀ, ਗੂੜ੍ਹੀ ਨੀਲੀ ਹੁੰਦੀ ਹੈ। ਦਰਅਸਲ, ਹਰੇ ਰੰਗ ਵਾਲੀ ਰਾਤ ਚਿੱਤਰਕਾਰ ਦੀ ਕਲਪਨਾ ਸ਼ਕਤੀ ਦੀ ਉਪਜ ਹੈ। ਆਪਣੇ ਕੀਤੇ ਨੂੰ ਸਹੀ ਸਾਬਿਤ ਕਰਨ ਲਈ ਪੇਂਟਰ ਨੇ ਚੰਨ, ਤਾਰੇ ਵੀ ਜੜ ਦਿੱਤੇ ਹਨ। ਤਾਰੇ ਟਿਮਕਣਿਆਂ ਜਿਹੇ ਨਹੀਂ ਸਗੋਂ ਹਲਕੀ, ਨਿੱਕੀ ਝਰੀਟ ਜਿਹੇ ਹਨ ਕਿਤੇ-ਕਿਤੇ।
ਕੁੱਲ ਮਿਲਾ ਕੇ ਗੱਲ ਇਉਂ ਬਣਦੀ ਹੈ ਕਿ ਵਡੇਰੀ ਉਮਰ ਦਾ ਸਿੱਖ ਪਾਤਰ ਸ਼ਾਂਤ, ਸੁੰਨੇ ਰਾਹ ਉਪਰ ਅਗਾਂਹ ਵਧਦਾ ਜਾ ਰਿਹਾ ਹੈ। ਉਹ ਬਿਰਧ ਏਨਾ ਕੁ ਹੈ ਕਿ ਤੁਰਨ ਵਾਸਤੇ ਵੀ ਸਹਾਰਾ ਚਾਹੀਦਾ ਹੈ। ਸਹਾਰਾ ਦੇਣ ਵਾਲੀ ਸ਼ੈਅ ਡੰਡਾ ਹੈ। ਹਾਲੇ ਤੀਕ ਉਹ ਉਸੇ ਦੀ ਟੇਕ ਲੈ ਕੇ ਅੱਗੇ ਵਧਦਾ ਆ ਰਿਹਾ ਹੈ। ਉਸ ਦੇ ਖੱਬੇ ਹੱਥ ਦੀਆਂ ਉਂਗਲਾਂ ’ਚ ਡੋਰ ਹੈ। ਡੋਰ ਨਾਲ ਬੱਝੀ ਗੱਡੀ ਅੰਦਰ ਇਕ ਜਿਰਾਫ ਅਤੇ ਕਾਗਜ਼ੀ ਬੇੜੀ ਹੈ। ਇਕ ਗੁੱਡਾ ਅਤੇ ਕਾਰ ਜ਼ਮੀਨ ਉਪਰ ਪਏ ਦਿਸਦੇ ਹਨ।
ਵਿਅਕਤੀ ਆਪ ਅੱਗੇ-ਅੱਗੇ, ਉਸ ਦੇ ਪਿੱਛੇ-ਪਿੱਛੇ ਸਾਮਾਨ। ਚਾਅ ਤਾਂ ਹੈ ਵਸਤਾਂ ਨੂੰ ਆਪਣੇ ਨਾਲ ਤੋਰਨ ਦਾ, ਪਰ ਧਿਆਨ ਵਸਤਾਂ ਵੱਲ ਨਹੀਂ ਰਾਹ ਵੱਲ ਹੈ। ਸਤਹੀ ਪੱਧਰ ਉਪਰ ਦੇਖੀਏ ਤਾਂ ਵਿਅਕਤੀ ਅਤੇ ਵਸਤੂਆਂ ਨਾਲ ਕੋਈ ਸਾਂਝ ਨਹੀਂ ਬੱਝਦੀ। ਦੋਵੇਂ ਇਕਾਈਆਂ ਇਕ-ਦੂਜੇ ਦੇ ਵਿਰੋਧੀ ਹਨ। ਬਜ਼ੁਰਗ ਦੀ ਇਹ ਉਮਰ ਖੇਡਣ ਦੀ ਨਹੀਂ। ਦੂਜੇ ਪਾਸੇ ਖਿਡੌਣੇ ਤਾਂ ਬੱਚਿਆਂ ਦੇ ਖੇਡਣ ਵਾਸਤੇ ਹੁੰਦੇ ਹਨ। ਕੀ ਚਿੱਤਰ ਦਾ ਕਿਰਦਾਰ ਇਹ ਵਸਤਾਂ ਕਿਸੇ ਬੱਚੇ ਵਾਸਤੇ ਖਿੱਚੀ ਜਾ ਰਿਹਾ ਹੈ? ਰਚਨਾ ਅਜਿਹਾ ਸੰਕੇਤ ਨਹੀਂ ਦੇ ਰਹੀ। ਅਜਿਹੇ ਸਮੇਂ ਸਾਡਾ ਧਿਆਨ ਰਚਨਾ ਦੇ ਸਿਰਲੇਖ ਵੱਲ ਜਾਂਦਾ ਹੈ ਜਿਸ ਅਨੁਸਾਰ ਇਕ ਅਜਿਹਾ ਗੀਤ, ਜਿਸ ਨੂੰ ਮੁੜ-ਮੁੜ ਗਾਇਆ ਜਾ ਰਿਹਾ ਹੈ। ਗਾਇਆ ਜਾਣ ਵਾਲਾ ਗੀਤ ਕੋਈ ਹੋਵੇ ਉਸ ਵਿਚੋਂ ਰਸ ਵੀ ਆਉਂਦਾ ਹੈ ਅਤੇ ਸੰਤੋਖ ਵੀ।
ਕੀ ਇਹ ਤਸਵੀਰ ਕਿਸੇ ਸੁਖਦ ਸੁਨੇਹੇ ਦਾ ਸੰਚਾਰ ਕਰ ਰਹੀ ਹੈ? ਖਿਡੌਣੇ ਬਚਪਨ ਦਾ ਪ੍ਰਤੀਕ ਬਣ ਇਸ ਫਰੇਮ ਵਿਚ ਆਏ ਹੋਏ ਹਨ ਜਿਨ੍ਹਾਂ ਦਾ ਸਬੰਧ ਦਿਸਦੇ ਪਾਤਰ ਨਾਲ ਹੈ। ਇਹੋ ਸ਼ਖ਼ਸ ਮੁੜ-ਮੁੜ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਕਰ-ਕਰ ਕੇ ਆਪਣੇ ਜੀਵਨ ਪੰਧ ਨੂੰ ਤੈਅ ਕਰ ਰਿਹਾ ਹੈ। ਉਹ ਬਾਹਰੀ ਸੰਸਾਰ ਤੋਂ ਮਿਲ ਰਹੇ ਅਸੁਖਾਵੇਂ ਅਨੁਭਵ/ਵਿਹਾਰ ਨੂੰ ਆਂਤਰਿਕ ਸੁਖਾਵੀਂ ਪਿਛਲਝਾਤ ਨਾਲ ਜਿਵੇਂ ਮਿਟਾਉਣ ਦਾ ਯਤਨ ਕਰ ਰਿਹਾ ਹੈ।
‘ਰੀ-ਸਿੰਗਿੰਗ ਏ ਸੌਂਗ’ ਕੋਈ ਆਨੰਦ ਦੇਣ ਵਾਲੀ ਕਿਰਤ ਨਹੀਂ। ਇਹ ਤਾਂ ਅਤਿ ਦੁਖਾਵੀਂ ਅਤੇ ਚੀਰਵੀਂ ਪੀੜ ਦੇਣ ਵਾਲੀ ਸ਼ੈਅ ਹੈ। ੲਿਹ ਵਿਅਕਤੀ ਦੀ ਹਾਲਤ ਦੇ ਨਾਲ-ਨਾਲ ਸਮਾਜ ਦੀ ਸਥਿਤੀ ਉੱਤੇ ਟਿੱਪਣੀ ਕਰਦਾ ਚਿੱਤਰ ਹੈ। ਵਿਅਕਤੀ ਸਮੂਹ ਦਾ ਅੰਗ ਹੈ, ਪਰ ਇੱਥੇ ਤਾਂ ਕੋਈ ਦੂਜਾ ਜੀਵ (ਵਿਅਕਤੀ ਜਾਂ ਪਸ਼ੂ ਰੂਪ ਵਿਚ) ਨਹੀਂ ਹੈ। ਕੀ ਇਹ ਖ਼ੁਦ ਹੀ ਸਮਾਜ ਨੂੰ ਤਿਆਗ ਕੇ ਉਸ ਵਿਚੋਂ ਬਾਹਰ ਆ ਗਿਆ ਹੈ ਜਾਂ ਇਸ ਨੂੰ ਸਮਾਜ ਵੱਲੋਂ ਬਾਹਰ ਧੱਕ ਦਿੱਤਾ ਗਿਆ ਹੈ। ਦੋਹਾਂ ਸਥਿਤੀਆਂ ਵਿਚ ਇਹ ਹੁਣ ਸਮਾਜ ਬਾਹਰਾ ਹੈ। ਘਟਨਾ ਦਾ ਅੰਤ ਇੱਥੋਂ ਤੱਕ ਸੀਮਿਤ ਨਹੀਂ। ਉਹ ਘਰੋਂ ਬਾਹਰਾ ਵੀ ਹੈ।
ਜੋ ਵੀ ਹਾਲਾਤ ਬਣੇ ਜਾਂ ਚਿੱਤਰਕਾਰ ਨੇ ਸਿਰਜੇ-ਚਿਤਵੇ ਹਨ, ਉਹ ਮਨੁੱਖ ਪ੍ਰਤੀ ਮਨੁੱਖ ਦੇ ਰਵੱਈਏ ਨੂੰ ਦਰਸਾਉਂਦੇ ਹਨ। ਇਕ ਰੰਗੀ ਵਾਤਾਵਰਣ ਦਰਮਿਆਨ ਰੰਗਦਾਰ ਚਾਰ-ਪੰਜ ਖਿਡੌਣੇ ਹੀ ਹਨ। ਇਕ ਰੰਗੀ ਭਾਵ ਬੁਢਾਪੇ ਦੀ ਉਮਰ ਹੰਢਾ ਰਿਹਾ ਸ਼ਖ਼ਸ ਬਚਪਨ ਦੀਆਂ ਰੰਗ-ਬਿਰੰਗੀਆਂ ਯਾਦਾਂ ਨੂੰ ਆਪਣੇ ਨਾਲ ਲਈ ਫਿਰ ਰਿਹਾ ਹੈ। ਸਮਾਂ ਬਿਤਾਉਣ ਹਿੱਤ ਮਨ ਅੰਦਰ ਜੋ ਕੁਝ ਵਾਪਰਦਾ ਹੈ, ਖਿਡੌਣੇ ਉਸੇ ਦਾ ਬਾਹਰੀ ਪ੍ਰਗਟਾਵਾ ਹਨ।
ਇੰਨੀ ਉਮਰ ਭੋਗਣ ਵਾਲੇ ਪਾਸ ਚੜ੍ਹਦੀ ਉਮਰ, ਜਵਾਨੀ ਨਾਲ ਨੱਥੀ ਢੇਰ ਯਾਦਾਂ ਹੋਣਗੀਆਂ, ਪਰ ਧਿਆਨ ਬਾਲ ਕਾਲ ਉੱਪਰ ਲਾਇਆ ਹੈ ਕਿਉਂਕਿ ਉਹ ਸਮਾਂ ਛਲ, ਫਰੇਬ, ਧੋਖੇ, ਅੰਤ, ਦਿਖਾਵੇ ਆਦਿ ਤੋਂ ਮੁਕਤ ਹੁੰਦਾ ਹੈ। ਵੱਡੀ ਉਮਰ ਦਾ ਵਿਅਕਤੀ ਵਲ-ਵਲੇਵੇਂ ਵਾਲੇ ਜੀਵਨ ਤੋਂ ਬਚ ਕੇ ਜਿਉਣਾ ਚਾਹੁੰਦਾ ਹੈ। ਤਾਹੀਓਂ ਖਿੱਚੀ ਡੋਰ ਦੇ ਦੋਵੇਂ ਸਿਰੇ ਮੁੱਢਲੇ ਅਤੇ ਅੰਤਿਮ ਸਮੇਂ ਨੂੰ ਜੋੜਦੇ ਹਨ।
ਬਜ਼ੁਰਗ ਵਿਅਕਤੀ ਲੰਮਾ ਇਕਹਿਰੇ ਸਰੀਰ ਵਾਲਾ ਹੈ। ਸਿਰ ਪੱਗ ਹੈ ਅਤੇ ਤਨ ਲੰਬੇ ਚੋਲੇ ਨਾਲ ਕੱਜਿਆ ਹੋਇਆ ਹੈ। ਇਸ ਦਾ ਪੈਰੋਂ ਨੰਗਾ ਹੋਣਾ ਇਸ ਦੀ ਆਰਥਿਕ ਹਾਲਤ ਦੱਸਦਾ ਹੈ। ਚਿਤੇਰੇ ਨੇ ਇਸ ਦੀਆਂ ਅੱਖਾਂ ਨੂੰ ਬੰਦ ਦਿਖਾਇਆ ਹੈ। ਕੀ ਇਸ ਤੋਂ ਇਹ ਅਰਥ ਲਈਏ ਕਿ ਬਜ਼ੁਰਗ ਨੇ ਸਭ ਨੂੰ ਅਣਡਿੱਠ ਕਰਨਾ ਸ਼ੁਰੂ ਦਿੱਤਾ ਹੈ।
ਚਿੱਤਰਕਾਰ ਰਾਜ ਕੁਮਾਰ ਚੰਡੀਗੜ੍ਹ ਦੇ ਆਰਟ ਕਾਲਜ ਦਾ ਵਿਦਿਆਰਥੀ ਰਿਹਾ ਹੈ। ਮੁਹਾਰਤ ਤਾਂ ਅਪਲਾਇਡ ਆਰਟ ਦੀ ਹਾਸਲ ਕੀਤੀ ਪਰ ਪ੍ਰਗਟਾਵੇ ਲਈ ਚਿੱਤਰਕਲਾ ਨੂੰ ਚੁਣਿਆ। ਓਦਾਂ ਉਹ ਪਹਿਲਾਂ ਡਾਕਟਰ ਬਣਨ ਦੇ ਰਾਹ ਤੁਰਿਆ ਸੀ, ਪਰ ਬਾਅਦ ਵਿਚ ਰਾਹ ਬਦਲ ਲਿਆ।
ਉਸ ਦੇ ਸੁਭਾਅ ਨੇ ਉਸ ਦੇ ਕੰਮ ਉਪਰ ਅਸਰ ਪਾਇਆ ਹੈ। ਚਿੱਤਰੀਆਂ ਤਸਵੀਰਾਂ ਵਿਚ ਜ਼ਿਆਦਾ ਹਲਚਲ ਨਹੀਂ ਹੁੰਦੀ। ਰੰਗਾਂ ਨੂੰ ਏਦਾਂ ਵਰਤਿਆ ਹੁੰਦਾ ਹੈ ਕਿ ਸਾਰਾ ਮਾਹੌਲ ਰਹੱਸਮਈ ਹੋ ਜਾਂਦਾ ਹੈ। ‘ਰੀ-ਸਿੰਗਿੰਗ ਏ ਸੌਂਗ’ ਇਸ ਦੀ ਪੁਖ਼ਤਾ ਉਦਾਹਰਣ ਹੈ। ਇਕੋ ਰੰਗ ਅਤੇ ਉਸ ਦੀ ਵੱਖ-ਵੱਖ ਰੰਗਤ ਨਾਲ ਬਿਰਤਾਂਤ ਰਚਨਾ ਸੌਖਾ ਕੰਮ ਨਹੀਂ। ਮਹਿਸੂਸ ਹੁੰਦਾ ਹੈ ਇਹ ਕੰਮ ਦੀ ਗਤੀ ਨੂੰ ਰੋਕਦਾ ਵੀ ਹੈ।
ਕਲਾਕਾਰ ਨੇ ਹੋਰ ਕਿਸੇ ਰੰਗ ਦੀ ਬਜਾਏ ਹਰੇ ਰੰਗ ਨੂੰ ਹੀ ਕਿਉਂ ਚੁਣਿਆ? ਕੀ ਇਸ ਦਾ ਵਿਸ਼ਾ ਚੋਣ ਨਾਲ ਕੋਈ ਸਬੰਧ ਹੈ? ਕਹਿਣ-ਲਿਖਣ ਵਾਲੇ ਦੇ ਮਤ ਵਿਚ ਭਿੰਨਤਾ ਹੋ ਸਕਦੀ ਹੈ। ਧਰਤੀ ਉਪਰ ਹਰਾ ਰੰਗ ਪ੍ਰਭੁਤਾ ਵਾਲਾ ਰੰਗ ਹੈ। ਇੱਥੋਂ ਦੀ ਬਨਸਪਤੀ ਇਸੇ ਰੰਗ ਦੀ ਹੈ। ਰੰਗਾਂ ਦੇ ਖੇਤਰ ਦੀ ਵਰਗ ਵੰਡ ਅਨੁਸਾਰ ਇਹ ਪ੍ਰਾਇਮਰੀ ਰੰਗ ਨਹੀਂ। ਮੰਨਿਆ ਜਾਂਦਾ ਹੈ ਕਿ ਇਹ ਨਵੀਂ ਉਪਜ ਅਤੇ ਵਾਧੇ ਦਾ ਸੰਕੇਤਕ ਹੈ। ਇਹ ਅੱਖ ਨੂੰ ਠੰਢ ਅਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਰੰਗ ਹੈ, ਪਰ ਚਿੱਤਰ ਬਿਰਤਾਂਤ ਵੱਖਰੀ ਗੱਲ ਕਰਦਾ ਹੈ। ਇਸ ਰੰਗ ਦੇ ਅਰਥ ਹਰ ਦੇਸ਼ ਵਿਚ ਬਦਲ ਜਾਂਦੇ ਹਨ। ਸੋ ਰੰਗ ਅਨੁਰੂਪ ਚਿੱਤਰ ਦੀਆਂ ਬਾਰੀਕੀਆਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਲੱਗਦਾ ਹੈ ਕਲਾਕਾਰ ਨੇ ਇਹ ਰੰਗ ਨਿੱਜ ਦੇ ਆਧਾਰ ਉੱਪਰ ਚੁਿਣਆ ਹੈ। ਜੇ ਰੰਗ ਦੇ ਸੁਭਾਅ, ਮਨੋ-ਵਿਗਿਆਨ, ਸਮਾਜਿਕ ਪੱਖ ਨੂੰ ਲੈ ਤਸਵੀਰ ਨੂੰ ਦੇਖਣਾ ਸ਼ੁਰੂ ਕਰੀਏ ਤਾਂ ਕਈ ਪੇਚੀਦਗੀਆਂ ਆ ਸਕਦੀਆਂ ਹਨ।
ਸੰਪਰਕ: 98990-91186