ਗੁਰਦੁਆਰਾ ਬੰਗਲਾ ਸਾਹਿਬ ’ਚ ਗੁਰਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਰੋਵਰ ਦੇ ਕੰਢੇ ’ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਨੂੰ ਰਲਿਆ ਮਿਲਿਆ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਇਹ ਪ੍ਰਦਰਸ਼ਨੀ 18 ਨਵੰਬਰ ਤੱਕ ਚੱਲੇਗੀ। ਜ਼ਿਕਰਯੋਗ ਹੈ ਕਿ ਹਰ ਸਾਲ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਇਹ ਪ੍ਰਦਰਸ਼ਨੀ ਗੁਰਦੁਆਰਾ ਬੰਗਲਾ ਸਾਹਿਬ ਵਿਚ ਲਗਾਈ ਜਾਂਦੀ ਹੈ। ਇਸ ਵਾਰ ਕਮੇਟੀ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਨਾਲ ਮਿਲ ਕੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਹੈ ਜਿਸ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਦੇ ਇਤਿਹਾਸ ਨਾਲ ਸਬੰਧਤ ਚਿੱਤਰ ਲਗਾਏ ਗਏ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਤਰੀਕੇ ਦੇ ਸਟਾਲ ਵੀ ਲਗਾਏ ਜਾਂਦੇ ਹਨ ਜਿਨ੍ਹਾਂ ਵਿੱਚ ਧਾਰਮਿਕ ਪੁਸਤਕਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਣ ਲਈ ਬੱਚਿਆਂ ਨੂੰ ਪ੍ਰੇਰਨ ਲਈ ਪੰਜਾਬੀ ਪ੍ਰਸਾਰ ਕਮੇਟੀ ਨਾਲ ਮਿਲ ਕੇ ਸਟਾਲ ਲਗਾਇਆ ਗਿਆ ਹੈ ਜਿਸ ਵਿੱਚ ਖਾਲਸਾ ਸਕੂਲਾਂ ਦੇ ਬੱਚਿਆਂ ਵੱਲੋਂ ਪੇਂਟਿੰਗਾਂ ਵੀ ਲਗਾਈਆਂ ਗਈਆਂ ਹਨ ਅਤੇ ਇਥੇ ਆ ਕੇ ਬੱਚੇ ਧਰਮ ਅਤੇ ਇਤਹਾਸ ਨਾਲ ਸਬੰਧਤ ਚਿੱਤਰ ਬਣਾ ਕੇ ਇਨਾਮ ਵੀ ਜਿੱਤ ਸਕਦੇ ਹਨ।
ਚਿੱਤਰ ਪ੍ਰਦਰਸ਼ਨੀ ਦੇ ਨਾਲ ਹੀ ਸਿੱਖ ਇਤਿਹਾਸ ਦੀਆਂ ਪੁਸਤਕਾਂ ਵੀ ਇਸ ਪ੍ਰਦਰਸ਼ਨੀ ਤੇ ਸਟਾਲਾਂ ਵਿਚ ਉਪਲਬਧ ਹਨ ਪਰ ਖਰੀਦਦਾਰ ਘੱਟ ਹੀ ਹਨ। ਹਾਲਾਂ ਕਿ ਉੱਥੇ ਭੀੜ ਰਹਿੰਦੀ ਹੈ ਪਰ ਕਿਤਾਬਾਂ ਦੇ ਪ੍ਰੇਮੀ ਵਿਰਲੇ ਹੀ ਹੁੰਦੇ ਹਨ। ਐਤਵਾਰ ਹੋਣ ਕਰਕੇ ਆਮ ਦਿਨਾਂ ਦੇ ਮੁਕਾਬਲੇ ਗੁਰਦੁਆਰੇ ਵਿੱਚ ਸੰਗਤ ਵੱਧ ਹੁੰਦੀ ਹੈ ਅਤੇ ਉਨ੍ਹਾਂ ਪ੍ਰਦਰਸ਼ਨੀ ਵੀ ਦੇਖੀ। ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਇੱਥੇ ਸਹਿਯੋਗ ਦਿੱਤਾ ਗਿਆ ਹੈ।