ਮੈਂ ਸੁਰੱਖਿਅਤ ਹਾਂ, ਸਮਰਥਨ ਲਈ ਸਾਰਿਆਂ ਦਾ ਧੰਨਵਾਦ: ਢਿੱਲੋਂ
ਨਵੀਂ ਦਿੱਲੀ, 3 ਸਤੰਬਰ
ਭਾਰਤੀ ਮੂਲ ਦੇ ਕੈਨੇਡਿਆਈ ਕਲਾਕਾਰ ਏਪੀ ਢਿੱਲੋਂ ਦੇ ਕੈਨੇਡਾ ਸਥਿਤ ਉਸ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਇਕ ਦਿਨ ਬਾਅਦ ਅੱਜ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸੁਰੱਖਿਆ ਦਾ ਭਰੋਸਾ ਦਿਵਾਇਆ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ, ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਰੋਹਿਤ ਗੋਦਾਰਾ ਨੇ ਇਕ ਕਥਿਤ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਮਸ਼ਹੂਰ ਪੰਜਾਬੀ ਗਾਇਕ ਢਿੱਲੋਂ ਨੇ ਇਸ ਕਥਿਤ ਗੋਲੀਬਾਰੀ ਤੋਂ ਬਾਅਦ ਸੋਮਵਾਰ ਰਾਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਸੁਨੇਹਾ ਸਾਂਝਾ ਕੀਤਾ। ਵੈਨਕੂਵਰ ਵਿੱਚ ਰਹਿ ਰਹੇ ਗਾਇਕ ਨੇ ਲਿਖਿਆ, ‘‘ਮੈਂ ਸੁਰੱਖਿਅਤ ਹਾਂ। ਮੇਰਾ ਪਰਿਵਾਰ ਸੁਰੱਖਿਅਤ ਹੈ। ਮੇਰੀ ਸਲਾਮਤੀ ਨੂੰ ਲੈ ਕੇ ਫਿਕਰਮੰਦ ਸਾਰੇ ਲੋਕਾਂ ਦਾ ਧੰਨਵਾਦ। ਤੁਹਾਡਾ ਸਮਰਥਨ ਕਾਫੀ ਮਾਇਨੇ ਰੱਖਦਾ ਹੈ। ਸਾਰਿਆਂ ਲਈ ਸ਼ਾਂਤੀ ਦਾ ਸੁਨੇਹਾ ਤੇ ਪਿਆਰ।’’ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਇਸ ਤੋਂ ਕੁਝ ਹਫ਼ਤੇ ਪਹਿਲਾਂ ਢਿੱਲੋਂ ਆਪਣੇ ਗੀਤ ‘ਓਲਡ ਮਨੀ’ ਦੇ ਸੰਗੀਤ ਵੀਡੀਓ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਨਜ਼ਰ ਆਇਆ ਸੀ। -ਪੀਟੀਆਈ