For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁੱਲ ’ਚੋਂ 79 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ

06:49 AM Apr 02, 2024 IST
ਸਿਟੀ ਬਿਊਟੀਫੁੱਲ ’ਚੋਂ 79 ਲੱਖ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ
ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-22 ਵਿੱਚ ਫੜੀ ਗਈ ਸ਼ਰਾਬ ਦੀ ਖੇਪ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 1 ਅਪਰੈਲ
ਚੰਡੀਗੜ੍ਹ ਪੁਲੀਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਇਸੇ ਤਹਿਤ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਨੇ ਸ਼ਹਿਰ ਵਿੱਚ 79 ਲੱਖ ਰੁਪਏ ਦੀ 640 ਪੇਟੀ ਸ਼ਰਾਬ ਅਤੇ 2468 ਪੇਟੀਆਂ ਬੀਅਰ ਦੀਆਂ ਬਰਾਮਦ ਕਰਕੇ 8 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿੱਚ ਰਾਕੇਸ਼ ਕੁਮਾਰ ਵਾਸੀ ਮੁਹਾਲੀ, ਕਰਮਬੀਰ ਵਾਸੀ ਸੈਕਟਰ-37, ਨਵੀਨ ਕੁਮਾਰ ਵਾਸੀ ਮੁਹਾਲੀ, ਸੰਤ ਪ੍ਰਕਾਸ਼ ਵਾਸੀ ਮੁਹਾਲੀ, ਗੁਰਬਖਸ਼ ਬੈਂਸ, ਗੌਰਵ ਕੁਮਾਰ, ਨਿਤੀਨ ਕੁਮਾਰ ਅਤੇ ਅਜੈ ਅਗਰਵਾਲ ਵਜੋਂ ਹੋਈ ਹੈ। ਇਸ ਵਿੱਚੋਂ ਪੁਲੀਸ ਨੇ ਰਾਕੇਸ਼, ਕਰਮਬੀਰ, ਨਵੀਨ ਤੇ ਸੰਤ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਸੂਹ ਦੇ ਆਧਾਰ ’ਤੇ ਸੈਕਟਰ-22 ਵਿੱਚ ਛਾਪਾ ਮਾਰਿਆ ਤਾਂ ਟੈਂਪੋ ਵਿੱਚੋਂ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ। ਪੁਲੀਸ ਨੇ ਟੈਂਪੂ ਚਾਲਕ ਤੋਂ ਪੁੱਛਣ ’ਤੇ ਪਤਾ ਲੱਗਾ ਕਿ ਇਹ ਸ਼ਰਾਬ ਸੈਕਟਰ-35 ਤੋਂ ਸੈਕਟਰ-22 ਵਿੱਚ ਤਬਦੀਲ ਕੀਤੀ ਜਾ ਰਹੀ ਹੈ। ਪੁਲੀਸ ਨੇ ਮਾਮਲੇ ਸਬੰਧੀ ਸ਼ਰਾਬ ਠੇਕੇਦਾਰ ਰਾਕੇਸ਼ ਤੇ ਕਰਮਬੀਰ ਨੂੰ ਬੁਲਾ ਕੇ ਜਾਂਚ ਕੀਤੀ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਚੰਡੀਗੜ੍ਹ ਪੁਲੀਸ ਨੇ ਕਰ ਤੇ ਆਬਕਾਰੀ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਸ਼ਰਾਬ ਜ਼ਬਤ ਕਰ ਲਈ ਹੈ। ਉੱਧਰ ਪੁਲੀਸ ਨੇ ਥਾਣਾ ਸੈਕਟਰ-17 ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਇੰਨੀ ਵੱਡੀ ਮਾਤਰਾ ਵਿੱਚ ਸ਼ਰਾਬ ਨੂੰ ਸਟੋਰ ਕਰਨ ਦੇ ਕਾਰਨਾਂ ਬਾਰੇ ਜਾਂਚ ਕਰ ਰਹੀ ਹੈ। ਪੁਲੀਸ ਇਸ ਸ਼ਰਾਬ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਕਥਿਤ ਤੌਰ ’ਤੇ ਵਰਤੋਂ ਬਾਰੇ ਵੀ ਜੋੜ ਕੇ ਦੇਖ ਰਹੀ ਹੈ। ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਵਿੱਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਛੱਡ ਦਿੱਤਾ ਹੈ। ਪੁਲੀਸ ਵੱਲੋਂ ਬਾਕੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਪਾਰਦਰੀਸ਼ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਨੇ ਸ਼ਹਿਰ ਵਿੱਚ ਬਿਨਾਂ ਪਰਮਿਟ ਤੋਂ ਸ਼ਰਾਬ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ। ਇਸੇ ਕਰਕੇ ਪੁਲੀਸ ਵੱਲੋਂ ਸ਼ਹਿਰ ਵਿੱਚ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਨੂੰ ਸ਼ਰਾਬ ਜਾਂ ਨਕਦੀ ਦੀ ਸਪਲਾਈ ਕਰਨ ਤੋਂ ਰੋਕਿਆ ਜਾ ਸਕੇ।

Advertisement

ਅਠਾਰਾਂ ਹਜ਼ਾਰ ਲਿਟਰ ਲਾਹਣ ਬਰਾਮਦ

ਰੂਪਨਗਰ/ਨੰਗਲ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵਲੋਂ ਸਾਂਝੇ ਤੌਰ ’ਤੇ ਨਾਜਾਇਜ਼ ਸ਼ਰਾਬ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਦਿਨ ਦੋਵੇਂ ਸੂਬਿਆਂ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਰਾਜਾਂ ਦੇ ਸਟਾਫ ਅਤੇ ਆਬਕਾਰੀ ਪੁਲੀਸ ਦੀ ਸਹਾਇਤਾ ਨਾਲ ਹਿਮਾਚਲ ਪ੍ਰਦੇਸ਼ ਦੀ ਪਿੰਡ ਦਬਟ ਅਤੇ ਮਜਾਰੀ ਤੋਂ ਇਲਾਵਾ ਨੇੜਲੇ ਕਈ ਹੋਰ ਪਿੰਡਾਂ ਵਿੱਚ ਤੜਕੇ 4 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ 18000 ਲਿਟਰ ਲਾਹਣ ਬਰਾਮਦ ਕੀਤੀ ਗਈ ਅਤੇ 10 ਚਲਦੀਆਂ ਭੱਠੀਆਂ ਫੜੀਆਂ ਗਈਆਂ। ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਲਾਹਣ ਅਤੇ ਚਲਦੀਆਂ ਭੱਠੀਆਂ ਨੂੰ ਤੁਰੰਤ ਨਸ਼ਟ ਕੀਤਾ ਗਿਆ। ਤਲਾਸ਼ੀ ਮੁਹਿੰਮ ਦੌਰਾਨ ਆਬਕਾਰੀ ਵਿਭਾਗ ਰੂਪਨਗਰ ਦੇ ਆਬਕਾਰੀ ਨਿਰੀਖਕ ਸਰਕਲ ਨੰਗਲ ਲਖਮੀਰ ਚੰਦ, ਆਬਕਾਰੀ ਨਿਰੀਖਕ ਸਰਕਲ ਰੂਪਨਗਰ ਜ਼ੋਰਾਵਰ ਸਿੰਘ, ਆਬਕਾਰੀ ਵਿਭਾਗ ਬਿਲਾਸਪੁਰ ਵੱਲੋਂ ਈਟੀਓ ਅਨੁਰਾਗ ਗਰਗ ਅਤੇ ਰਾਜੀਵ ਕੁਮਾਰ ਹਾਜ਼ਰ ਸਨ।

Advertisement
Author Image

Advertisement
Advertisement
×