ਕਬਰਿਸਤਾਨ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਸਤੰਬਰ
ਪਿੰਡ ਸ਼ੁਤਰਾਣਾ ’ਚ ਕਬਰਿਸਤਾਨ ਦੀ ਜਗ੍ਹਾ ’ਤੇ ਕਬਜ਼ਾ ਕਰ ਕੇ ਘਰਾਂ ਦੀ ਉਸਾਰੀ ਕਰ ਰਹੇ ਵਿਅਕਤੀਆਂ ਕੋਲੋਂ ਵਕਫ਼ ਬੋਰਡ ਪੰਜਾਬ ਦੇ ਮੈਂਬਰ ਬਹਾਦਰ ਖਾਨ ਨਨਹੇੜਾ ਦੀ ਦੇਖਰੇਖ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਮੁਸਲਿਮ ਭਾਈਚਾਰੇ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਲਬਰ ਖਾਨ ਬਾਦਸ਼ਾਹਪੁਰ, ਹਲਕਾ ਮੀਤ ਪ੍ਰਧਾਨ ਨਜ਼ੀਰ ਪਾਤੜਾਂ, ਗੁਲਾਮ ਨਬੀ ਸ਼ਾਹ ਨੇ ਦੱਸਿਆ ਕਿ ਪਿੰਡ ਸ਼ੁਤਰਾਣਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਵਕਫ ਬੋਰਡ ਦੀ ਜ਼ਮੀਨ ਜੋ ਕਬਰਿਸਤਾਨ ਲਈ ਰਾਖਵੀਂ ਸੀ, ਉਸ ਉੱਤੇ ਕੁਝ ਵਿਅਕਤੀਆਂ ਵੱਲੋਂ ਕਬਜ਼ਾ ਕਰਕੇ ਘਰ ਬਣਾਉਣ ਦੇ ਨਾਲ-ਨਾਲ ਚਾਰਦੁਆਰੀ ਕੀਤੀ ਜਾ ਰਹੀ ਸੀ। ਪਤਾ ਲੱਗਣ ’ਤੇ ਪੰਜਾਬ ਦੇ ਮੁਸਲਿਮ ਆਗੂ ਅਤੇ ਵਕਫ਼ ਬੋਰਡ ਪੰਜਾਬ ਦੇ ਮੈਂਬਰ ਬਹਾਦਰ ਖਾਨ ਨਨਹੇੜਾ ਨੇ ਮੌਕੇ ’ਤੇ ਪਹੁੰਚ ਕੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਕੰਮ ਰੁਕਵਾਇਆ। ਉਨ੍ਹਾਂ ਦੱਸਿਆ ਕਿ ਘਰਾਂ ਦੀ ਉਸਾਰੀ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਮੀਨ ਪਿੰਡ ਦੇ ਕਿਸੇ ਵਿਅਕਤੀ ਕੋਲੋਂ ਮੁੱਲ ਖ਼ਰੀਦੀ ਹੈ। ਉਸ ਨੇ ਇਸ ਜ਼ਮੀਨ 99 ਸਾਲੇ ਪਟੇ
’ਤੇ ਲਈ ਹੋਈ ਦੱਸੀ ਸੀ। ਉਕਤ ਆਗੂਆਂ ਨੇ ਦੱਸਿਆ ਕਿ ਵਕਫ਼ ਬੋਰਡ ਦੀ ਮਾਲਕੀ ਵਾਲੀ ਜ਼ਮੀਨ ਪੰਜਾਬ ਵਿੱਚ ਸੈਂਕੜੇ ਥਾਵਾਂ ’ਤੇ ਲੱਖਾਂ ਏਕੜ ਹੈ, ਜਿਸ ਨੂੰ ਬਹੁਤ ਸਾਰੇ ਕਿਸਾਨ ਪਟੇ ’ਤੇ ਲੈ ਕੇ ਖੇਤੀ ਕਰਦੇ ਆ ਰਹੇ ਹਨ ਪਰ ਵਕਫ਼ ਬੋਰਡ ਦੇ ਨਿਯਮਾਂ ਮੁਤਾਬਕ ਕਬਰਿਸਤਾਨ ਲਈ ਰਾਖਵੀਂ ਜ਼ਮੀਨ ਨੂੰ ਖੇਤੀ ਜਾਂ ਹੋਰ ਕੰਮ ਲਈ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਬਜ਼ਾਕਾਰੀਆਂ ਵੱਲੋਂ ਚਾਰ ਦਿਵਾਰੀ ਦੀ ਉਸਾਰੀ ਲਈ ਸੁੱਟੀਆਂ ਇੱਟਾਂ ਅਤੇ ਹੋਰ ਸਮਾਨ ਨੂੰ ਥਾਣੇ ਪਹੁੰਚਾ ਦਿੱਤਾ ਹੈ।