ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੇ ਵਧਾਈਆਂ ਦਿੱਕਤਾਂ

11:14 AM Oct 27, 2024 IST
ਇੱਕ ਦੁਕਾਨਦਾਰ ਵੱਲੋਂ ਟੈਂਟ ਲਾ ਕੇ ਸੜਕ ’ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 26 ਅਕਤੂਬਰ
ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰਕੇ ਟੈਂਟ ਲਗਾ ਲਏ ਹਨ ਜਿਸ ਕਰਕੇ ਸ਼ਹਿਰ ਦੇ ਲਗਪਗ ਸਾਰੇ ਹੀ ਬਾਜ਼ਾਰਾਂ ਵਿੱਚ ਭੀੜ ਹੋਰ ਵੱਧ ਗਈ ਹੈ। ਸੜਕਾਂ ’ਤੇ ਜਿਥੇ ਇੱਕ ਪਾਸੇ ਖਰੀਦਦਾਰੀ ਕਰਨ ਲਈ ਆਏ ਲੋਕਾਂ ਦੀਆਂ ਗੱਡੀਆਂ ਸਕੂਟਰ ਖੜ੍ਹੇ ਹੋਣ ਕਰਕੇ ਪੈਦਲ ਰਾਹਗੀਰਾਂ ਨੂੰ ਸੜਕ ਵਿਚਾਲੇ ਹੋ ਕੇ ਤੁਰਨਾ ਪੈ ਰਿਹਾ ਹੈੈ, ਉਥੇ ਹੀ ਦੁਕਾਨਦਾਰਾਂ ਵੱਲੋਂ ਅਤੇ ਫੁਟਪਾਥ ’ਤੇ ਸਾਮਾਨ ਲੈ ਕੇ ਬੈਠੇ ਛੋਟੇ ਦੁਕਾਨਦਾਰਾਂ ਵੱਲੋਂ ਵੀ ਕਾਫ਼ੀ ਥਾਂ ਘੇਰ ਲਿਆ ਗਿਆ ਹੈ। ਇਸ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦਾ ਬਹੁਤਾ ਸਮਾਂ ਤਿਉਹਾਰ ਦੇ ਸੀਜ਼ਨ ਵਿੱਚ ਟਰੈਫਿਕ ਜਾਮ ਵਿੱਚ ਫਸਣ ਕਰਕੇ ਹੀ ਲੰਘੇਗਾ।
ਨਗਰ ਨਿਗਮ ਵੀ ਇਸ ਵੇਲੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਚੱਕਰ ਵਿੱਚ ਪੁਲੀਸ ਪ੍ਰਸ਼ਾਸਨ ਨੂੰ ਵੀ ਹੋਰ ਮਿਹਨਤ ਕਰਨ ਦੀ ਲੋੜ ਪਵੇਗੀ। ਤਿਉਹਾਰਾਂ ਦੇ ਚਲਦਿਆਂ ਸ਼ਹਿਰ ਦੀਆਂ ਸੜਕਾਂ ’ਤੇ ਕਈ ਕਈ ਘੰਟੇ ਜਾਮ ਲੱਗੇ ਰਹਿੰਦੇ ਹਨ। ਕਈ ਵਾਰ ਤਾਂ ਵੀਹ ਮਿੰਟ ਦਾ ਸਫ਼ਰ ਤੈਅ ਕਰਨ ਲਈ ਘੰਟਾ ਉਡੀਕ ਕਰਨੀ ਪੈ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਥਿਤੀ ਜ਼ਿਆਦਾ ਗੰਭੀਰ ਬਣੀ ਹੋਈ ਹੈ। ਇੱਥੋਂ ਤੱਕ ਕਿ ਸ਼ਾਮ ਵੇਲੇ ਸ਼ਹਿਰ ਦੀ ਹਰ ਸੜਕ ’ਤੇ ਲੱਗੇ ਟਰੈਫਿਕ ਜਾਮ ਨਾਲ ਨਜਿੱਠਣ ਲਈ ਪੁਲੀਸ ਕੋਲ ਕੋਈ ਰੋਡ ਮੈਪ ਵੀ ਨਹੀਂ ਹੈ। ਦੀਵਾਲੀ ਲਈ ਪੂਰਾ ਸ਼ਹਿਰ ਤਿਆਰ ਹੈ। ਘੁਮਾਰ ਮੰਡੀ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਮਾਡਲ ਟਾਉਨ, ਦੁਗਰੀ, ਚੰਡੀਗੜ੍ਹ ਰੋਡ ਸਣੇ ਕਈ ਇਲਾਕਿਆਂ ਵਿੱਚ ਬਾਜ਼ਾਰਾਂ ਵਿੱਚ ਅਸਥਾਈ ਤੌਰ ’ਤੇ ਦੁਕਾਨਾਂ ਤਿਆਰ ਹੋ ਗਈਆਂ ਹਨ। ਦੁਕਾਨਦਾਰਾਂ ਨੇ ਸੜਕਾਂ ’ਤੇ ਹੀ ਟੈਂਟ ਲਾ ਲਏ ਹਨ ਜਿਸ ਕਰਕੇ ਸੜਕਾਂ ਅੱਧੀਆਂ ਹੋ ਗਈਆਂ ਹਨ। ਲੋਕ ਪਹਿਲਾਂ ਹੀ ਖਰੀਦਦਾਰੀ ਲਈ ਬਾਜ਼ਾਰਾਂ ’ਚ ਆ ਰਹੇ ਹਨ। ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਤਰ੍ਹਾਂ-ਤਰ੍ਹਾਂ ਦੇ ਸਾਮਾਨ ਦੇ ਸਟਾਲ ਲਾਏ ਹੋਏ ਹਨ। ਸ਼ਹਿਰ ਦੇ ਹੈਬੋਵਾਲ, ਘੁਮਾਰ ਮੰਡੀ, ਮਾਡਲ ਟਾਊਨ, ਘੰਟਾਘਰ ਚੌਕ, ਰੇਲਵੇ ਸਟੇਸ਼ਨ, ਆਰਤੀ ਚੌਕ, ਕੇਸਰਗੰਜ, ਫੀਲਡਗੰਜ, ਜੱਸੀਆਂ ਰੋਡ, ਗਿੱਲ ਰੋਡ, ਪ੍ਰਤਾਪ ਚੌਕ, ਗਿੱਲ ਰੋਡ, ਜਨਕਪੁਰੀ ’ਤੇ ਦੁਪਹਿਰ ਤੋਂ ਹੀ ਟਰੈਫਿਕ ਜਾਮ ਲੱਗ ਜਾਂਦੇ ਹਨ ਤੇ ਸ਼ਾਮ ਨੂੰ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ। ਟਰੈਫਿਕ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਨਾ ਤਾਂ ਪੁਲੀਸ ਅਤੇ ਨਾ ਹੀ ਨਗਰ ਨਿਗਮ ਗੰਭੀਰ ਹੈ, ਕਿਉਂਕਿ ਸ਼ਹਿਰ ਦੇ ਕਈ ਇਲਾਕੇ ਬਹੁਤ ਛੋਟੇ ਹਨ ਅਤੇ ਇਸ ਦੇ ਉੱਪਰ ਵੀ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਹਰ ਸਾਲ ਦੀਵਾਲੀ ਮੌਕੇ ਸ਼ਹਿਰ ਦੇ ਲੋਕਾਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜ਼ਿੰਮੇਵਾਰ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਦੀਵਾਲੀ ਦੇ ਸਬੰਧ ਵਿੱਚ ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ। ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਟਰੈਫਿਕ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਵੀ ਤਿਉਹਾਰ ਸਬੰਧੀ ਪੁਲੀਸ ਨੂੰ ਸਹਿਯੋਗ ਦੇਣ।

Advertisement

ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਇੱਕ ਪਾਸੇ ਦੀਵਾਲੀ ਨੇੜੇ ਆਉਂਦੇ ਹੀ ਪਟਾਕਾ ਮਾਰਕੀਟ ਵਿੱਚ ਕਾਰੋਬਾਰੀਆਂ ਨੇ ਪਟਾਕੇ ਰੱਖ ਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ। ਦੂਸਰੇ ਪਾਸੇ ਪਟਾਕੇ ਚਲਾਉਣ ਦੇ ਸ਼ੌਕੀਨਾਂ ਨੂੰ ਪੁਲੀਸ ਨੇ ਸਖ਼ਤ ਆਦੇਸ਼ ਜਾਰੀ ਕਰਕੇ ਸਖ਼ਤੀ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਹੁਕਮ ਜਾਰੀ ਕੀਤੇ ਹਨ ਕਿ ਦੀਵਾਲੀ ਵਾਲੇ ਦਿਨ ਸਿਰਫ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਗੁਰੂ ਪੁਰਬ ਵਾਲੇ ਦੇ ਦਿਨ ਸਵੇਰੇ ਅਤੇ ਰਾਤ ਨੂੰ ਇਕ-ਇਕ ਘੰਟੇ ਲਈ ਪਟਾਕੇ ਚਲਾਏ ਜਾ ਸਕਦੇ ਹਨ। ਇਸ ਦੌਰਾਨ ਗਰੀਨ ਦੀਵਾਲੀ ’ਤੇ ਜ਼ੋਰ ਦਿੱਤਾ ਗਿਆ ਹੈ। ਜੇਕਰ ਕੋਈ ਵਿਅਕਤੀ ਨਿਰਧਾਰਤ ਸਮਾਂ ਸੀਮਾ ਤੋਂ ਬਾਹਰ ਪਟਾਕੇ ਫੂਕਦਾ ਹੈ ਤਾਂ ਪੁਲੀਸ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੀ ਹੈ। ਦਰਅਸਲ, ਸੀਪੀ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ ਪ੍ਰਸ਼ਾਸਨ ਨੇ ਸਿਰਫ਼ ਗਰੀਨ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਸਿਰਫ਼ ਉਹ ਪਟਾਕੇ ਜਾਂ ਆਤਿਸ਼ਬਾਜ਼ੀ ਵਿੱਚ ਬੇਰੀਅਮ ਸਾਲਟਸ ਜਾਂ ਮਿਸ਼ਰਿਤ ਐਂਟੀਮੋਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੀਡ ਦੀ ਵਰਤੋਂ ਨਾ ਹੋਵੇ, ਉਹੋਂ ਜਿਹੇ ਹੀ ਪਟਾਕੇ ਵੇਚੇ ਅਤੇ ਖਰੀਦੇ ਜਾ ਸਕਦੇ ਹਨ। ਹਾਨੀਕਾਰਕ ਕੈਮੀਕਲ ਵਾਲੇ ਪਟਾਕਿਆਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਪਾਬੰਦੀਸ਼ੁਦਾ ਪਟਾਕੇ ਖਰੀਦਦਾ ਹੈ ਜਾਂ ਚਲਾਉਂਦਾ ਹੈ ਤਾਂ ਉਸ ਤੇ ਕਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਨ ਲਾਈਨ ਪਟਾਕੇ ਖਰੀਦਣ ਤੇ ਵੀ ਪਾਬੰਦੀ ਲਗਾਈ ਗਈ ਹੈ। ਇੱਥੇ ਹੀ ਨਹੀਂ ਇਸ ਦੇ ਨਾਲ ਹੀ ਦੀਵਾਲੀ ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਪਟਾਕਿਆਂ ਦੀ ਲੜੀਆਂ ਤੇ ਵੀ ਰੋਕ ਲਗਾਈ ਗਈ ਹੈ।

Advertisement
Advertisement