ਨਾਜਾਇਜ਼ ਕਬਜ਼ੇ ਤੇ ਖਣਨ ਮਾਮਲਾ: ਧਾਲੀਵਾਲ ਵੱਲੋਂ ਪਿੰਡ ਤਖਾਣਬੱਧ ਤੇ ਬੁੱਘੀਪੁਰਾ ਦਾ ਦੌਰਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਫਰਵਰੀ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡ ਬੁੱਘੀਪੁਰਾ ਤੇ ਤਖਾਣਵੱਧ ਪੁੱਜ ਕੇ ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਸਬੰਧੀ ਹਕੀਕਤ ’ਚ ਜਾਇਜ਼ਾ ਲਿਆ ਤੇ ਐੱਸਡੀਐੱਮ ਨੂੰ ਹਦਾਇਤ ਦਿੱਤੀ ਕਿ ਐੱਨਆਰਆਈ ਪਰਿਵਾਰਾਂ ਦੇ ਮਸਲੇ ਨਬਿੇੜਨ ਲਈ ਡਿਪਟੀ ਕਮਿਸਨਰ ਨੂੰ 21 ਫਰਵਰੀ ਤੱਕ ਰਿਪੋਰਟ ਭੇਜੀ ਜਾਵੇ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਨੇ ਬੁੱਘੀਪੁਰਾ ਚੌਕ ਨੇੜੇ ਤਿੰਨ ਐੱਨਆਰਆਈ ਭਰਾਵਾਂ ਦੀ 9 ਏਕੜ ਜ਼ਮੀਨ ’ਤੇ ਕਲੋਨਾਈਜ਼ਰ ਵੱਲੋਂ ਕੀਤੇ ਕਥਿਤ ਕਬਜ਼ੇ ਸਬੰਧੀ ਐੱਸਡੀਐੱਮ ਨੂੰ ਹਦਾਇਤ ਦਿੱਤੀ ਹੈ ਕਿ ਦੋਵੇਂ ਧਿਰਾਂ ਨੂੰ ਸਾਹਮਣੇ ਬਿਠਾ ਕੇ ਕਾਨੂੰਨ ਅਨੁਸਾਰ ਰਜਿਸਟਰੀ ਆਦਿ ਕਰਵਾ ਕੇ ਮਸਲਾ ਨਬਿੇੜਿਆ ਜਾਵੇ। ਇਸੇ ਤਰ੍ਹਾਂ ਪਿੰਡ ਤਖਾਣਵੱਧ ਵਿੱਚ ਪੰਚਾਇਤ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਐੱਨਆਰਆਈ ਲਾਲ ਸਿੰਘ ਤੇ ਉਨ੍ਹਾਂ ਦੀ ਧੀ ਕਮਲਜੀਤ ਕੌਰ ਦੀ ਜ਼ਮੀਨ ਨਾਲ ਲੱਗਦੀ ਹੱਡਾਰੋੜੀ ਦੀ ਜ਼ਮੀਨ ’ਤੇ ਨਾਜਾਇਜ਼ ਖਣਨ ਕਰਵਾਉਣ ਮਗਰੋਂ ਉਸ ਵਿੱਚ ਪਾਣੀ ਭਰਨ ਕਾਰਨ ਸ਼ਿਕਾਇਤਕਰਤਾ ਦੇ ਖੇਤਾਂ ਦੀ ਜ਼ਮੀਨ ਖੁਰਨ ਦੇ ਮਾਮਲੇ ਦਾ ਨਬਿੇੜਾ ਕਰਵਾ ਕੇ 21 ਫਰਵਰੀ ਤੱਕ ਡੀਸੀ ਨੂੰ ਰਿਪੋਰਟ ਭੇਜਣ ਲਈ ਕਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਹੀ ਅਰਥਾਂ ਵਿੱਚ ਰੰਗਲੇ ਪੰਜਾਬ ਦੀ ਕਲਪਨਾ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਇਸ ਲਈ ਸਰਕਾਰ ਪਰਵਾਸੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਮਿੱਥੇ ਸਮੇਂ ਵਿੱਚ ਨਿਪਟਾਰਾ ਕਰਨ ਲਈ ਵਿਸ਼ੇਸ਼ ਪਾਲਿਸੀ ਤਿਆਰ ਕਰ ਰਹੀ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਦਾ ਹੈ ਤੇ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ, ਕਾਰੋਬਾਰ ਅਤੇ ਜਾਨ-ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਐੱਨਆਰਆਈਜ਼ ਦੀ ਮਿਲਣੀ 22 ਫਰਵਰੀ ਨੂੰ ਫਿਰੋਜ਼ਪੁਰ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਮੂਲ ਰੂਪ ਵਿੱਚ ਪਿੰਡ ਤਖਾਣਵੱਧ ਦੇ ਰਹਿਣ ਵਾਲੇ ਐੱਨਆਰਆਈ ਲਾਲ ਸਿੰਘ ਢਿੱਲੋਂ ਦੀ ਧੀ ਕਮਲਜੀਤ ਕੌਰ ਢਿੱਲੋਂ ਨੇ ਸ਼ਿਕਾਇਤ ਦਿੱਤੀ ਹੈ ਕਿ ਪੰਚਾਇਤ ਨੇ ਹੱਡਾ ਰੋੜੀ ਦੀ ਜ਼ਮੀਨ ’ਚੋਂ ਬਿਨਾ ਮਨਜ਼ੂਰੀ ਤੋਂ ਜੇਸੀਬੀ ਮਸ਼ੀਨਾ ਨਾਲ 30 ਤੋਂ 35 ਫੁੱਟ ਮਿੱਟੀ ਪੱਟੀ ਤੇ ਮਗਰੋਂ ਇਹ ਖੱਡ ਪਾਣੀ ਨਾਲ ਭਰ ਦਿੱਤੀ। ਇਸ ਕਾਰਨ ਨਾਲ ਲੱਗਦੀ ਉਨ੍ਹਾਂ ਦੀ ਜ਼ਮੀਨ ਨੂੰ ਥਾਂ-ਥਾਂ ਤੋਂ ਖੋਰਾ ਲੱਗ ਰਿਹਾ ਹੈ ਤੇ ਜ਼ਮੀਨ ਬਰਬਾਦ ਹੋ ਰਹੀ ਹੈ। ਮਾਲ ਰਿਕਾਰਡ ਵਿੱਚ ਹੱਡਾ ਰੋੜੀ ਲਈ 2 ਕਨਾਲ ਜ਼ਮੀਨ ਦਾ ਰਿਕਾਰਡ ਹੈ, ਪਰ ਨਾਜਾਇਜ਼ ਖਣਨ ਹੋਣ ਕਰਕੇ ਅਸਲ ਵਿੱਚ ਇਸ ਦੀ ਹੋਂਦ ਖਤਮ ਹੋ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਬੁੱਘੀਪੂਰਾ ਦੇ ਐੱਨਆਰਆਈ ਪਰਮਜੀਤ ਸਿੰਘ ਗਿੱਲ ਸਣੇ ਤਿੰਨ ਭਰਾਵਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ 28 ਜਨਵਰੀ 2021 ਨੂੰ ਆਪਣੀ 12 ਏਕੜ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਦੀ ਰਜਿਸਟਰੀ ਕਰਵਾਉਣ ਦੀ ਪਹਿਲੀ ਮਿਆਦ 31 ਦਸੰਬਰ 2022 ਲੰਘਣ ਮਗਰੋਂ ਤਰੀਕ ਅੱਗੇ ਵਧਾ ਲਈ ਸੀ। ਇਸ ਦੌਰਾਨ ਖਰੀਦਦਾਰ ਨੇ ਤਿੰਨ ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ, ਪਰ ਕਬਜ਼ਾ 12 ਏਕੜ ’ਤੇ ਕਰ ਲਿਆ। ਨਾ ਉਹ 9 ਏਕੜ ਜ਼ਮੀਨ ਦੀ ਰਜਿਸਟਰੀ ਕਰਵਾ ਰਹੇ ਹਨ ਤੇ ਨਾ ਹੀ ਕਬਜ਼ਾ ਛੱਡ ਰਹੇ ਹਨ।