ਨਾਜਾਇਜ਼ ਮਾਈਨਿੰਗ: ਤਿੰਨ ਵਿਅਕਤੀ ਗ੍ਰਿਫ਼ਤਾਰ
ਐਨਪੀ ਧਵਨ
ਪਠਾਨਕੋਟ, 3 ਸਤੰਬਰ
ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਦੇਰ ਰਾਤ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੀ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੋਂ ਵਿਅਕਤੀ ਕੀੜੀਆਂ ਬੈਲਟ ਕੋਲ ਐੱਮਐੱਸ ਗਰੋਵਰ ਸਟੋਨ ਕਰੱਸ਼ਰ ’ਚ ਨਾਜਾਇਜ਼ ਮਾਈਨਿੰਗ ਕਰ ਰਹੇ ਸਨ। ਜਦ ਮਾਈਨਿੰਗ ਵਿਭਾਗ ਅਤੇ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਪੁਲੀਸ ਅਧਿਕਾਰੀਆਂ ਨੇ ਉਕਤ ਮੁਲਜ਼ਮਾਂ ਕੋਲੋਂ ਮਾਈਨਿੰਗ ਕਰਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਐੱਮਐੱਸ ਸਟੋਨ ਕਰੱਸ਼ਰ ਦੇ ਮੁਲਾਜ਼ਮ ਹਨ ਜਦ ਕਿ ਇੱਕ ਟਿੱਪਰ ਚਾਲਕ ਪੁਲੀਸ ਨੂੰ ਦੇਖ ਕੇ ਭੱਜ ਗਿਆ। ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਕੁਮਾਰ ਵਾਸੀ ਤਾਰਾਗੜ੍ਹ, ਮੁਕੇਸ਼ ਕੁਮਾਰ ਵਾਸੀ ਸਰਨਾ ਅਤੇ ਬਲਕਾਰ ਸਿੰਘ ਵਾਸੀ ਬਾਹੋਵਾਲ ਚੱਬੇਵਾਲ ਜ਼ਿਲ੍ਹਾ ਹੋਸ਼ਿਆਰਪੁਰ ਵਜੋਂ ਹੋਈ ਹੈ। ਜਦ ਕਿ ਫਰਾਰ ਮੁਲਜ਼ਮਾਂ ਵਿੱਚ ਸਟੋਨ ਕਰੱਸ਼ਰ ਦਾ ਮਾਲਕ ਐੱਮਐੱਸ ਗਰੋਵਰ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹਨ। ਪੁਲੀਸ ਨੇ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਮੌਕੇ ਤੋਂ ਦੋ ਪੋਕਲੇਨ ਮਸ਼ੀਨਾਂ ਅਤੇ ਦੋ ਟਿੱਪਰ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲੀਸ ਨੇ ਪੰਜੇ ਮੁਲਜ਼ਮਾਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੌਨਸੂਨ ਮੌਸਮ ਦੌਰਾਨ ਮਾਈਨਿੰਗ ਕਰਨ ਉੱਪਰ ਪਾਬੰਦੀ ਲੱਗੀ ਹੋਈ ਹੈ।