ਨਾਜਾਇਜ਼ ਖਣਨ: ਲੜਾਈ ਦੌਰਾਨ ਗੋਲੀ ਚੱਲੀ, ਇੱਕ ਜ਼ਖ਼ਮੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਦਸੰਬਰ
ਇੱਥੇ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਸ਼ੇਰਪੁਰ ਤਾਇਬਾਂ ਵਿੱਚ ਬੀਤੀ ਰਾਤ ਨਾਜਾਇਜ਼ ਖਣਨ ਕਾਰਨ ਲੜਾਈ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਸਾਹਿਬ ਸਿੰਘ ਉਰਫ਼ ਸਾਬੀ ਪਿੰਡ ਸ਼ੇਰਪੁਰ ਤਾਇਬਾਂ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸਰਪੰਚ ਜੱਜ ਸਿੰਘ ਉਰਫ਼ ਰਾਜੂ ਤੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸ਼ੇਰਪੁਰ ਤਾਇਬਾਂ, ਸਰਪੰਚ ਜੱਸੀ ਵਾਸੀ ਭੋਡੀਵਾਲਾ, ਗੋਰੀ ਵਾਸੀ ਪਿੰਡ ਅਮੀਰ ਸ਼ਾਹ ਤੋਂ ਇਲਾਵਾ ਛੇ-ਸੱਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਧਰਮਕੋਟ ਪੁਲੀਸ ਕੋਲ ਦਰਜ ਕਰਵਾਈ ਐੱਫਆਈਆਰ ਵਿੱਚ ਸਾਹਿਬ ਸਿੰਘ ਉਰਫ਼ ਸਾਬੀ ਨੇ ਕਿਹਾ ਕਿ ਉਹ ਨਾਨਕੇ ਪਿੰਡ ਸ਼ੇਰਪੁਰ ਤਾਇਬਾਂ ਰਹਿੰਦਾ ਹੈ। ਮੁਲਜ਼ਮ ਰਾਤ ਵੇਲੇ ਨਾਜਾਇਜ਼ ਮਾਈਨਿੰਗ ਕਰਦੇ ਹਨ ਅਤੇ ਰੇਤੇ ਦੀਆਂ ਭਰੀਆਂ ਟਰਾਲੀਆਂ ਉਸਦੇ ਮਾਮੇ ਦੀ ਧੁੱਸੀ ਬੰਨ੍ਹ ਪਾਰ ਜ਼ਮੀਨ ਵਿੱਚੋਂ ਦੀ ਲਿਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਸਰ੍ਹੋਂ ਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੂੰ ਕਈ ਵਾਰ ਰੋਕਿਆ ਗਿਆ ਪਰ ਉਹ ਨਹੀਂ ਹਟੇ। ਬੀਤੀ ਰਾਤ ਜਦੋਂ ਉਹ ਖੇਤ ਵਿੱਚ ਸਨ ਤਾਂ ਮੁਲਜ਼ਮ ਦੋ ਕਾਰਾਂ ਤੇ ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਕੇ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।