ਨਾਜਾਇਜ਼ ਖਣਨ: ਪਠਾਨਕੋਟ ਪੁਲੀਸ ਵੱਲੋਂ ਮਸ਼ੀਨਰੀ ਸਣੇ ਇੱਕ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਪਠਾਨਕੋਟ, 17 ਨਵੰਬਰ
ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ’ਤੇ ਕਾਰਵਾਈ ਕਰਦੇ ਹੋਏ ਪਠਾਨਕੋਟ ਪੁਲੀਸ ਨੇ ਅਣ-ਅਧਿਕਾਰਤ ਖਣਨ ਕਾਰਜਾਂ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਖਣਨ ਮਸ਼ੀਨਰੀ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਰੈਣਪੁਰ, ਤਾਰਾਗੜ੍ਹ (ਪਠਾਨਕੋਟ) ਵਜੋਂ ਹੋਈ ਹੈ ਅਤੇ ਕੀੜੀ ਖੁਰਦ ਸਥਿਤ ਰਾਵੀ ਸਟੋਨ ਕਰੱਸ਼ਰ ਦੇ ਮਾਲਕ ਗੁਰਸ਼ਰਨ ਸਿੰਘ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਉਪ ਮੰਡਲ ਅਫ਼ਸਰ ਵਰਿੰਦਰ ਸਿੰਘ ਝੱਜੀ ਨੂੰ ਰਾਵੀ ਸਟੋਨ ਕਰੱਸ਼ਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਖਣਨ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਸੂਚਨਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐੱਸਪੀ ਦਿਹਾਤੀ ਪਠਾਨਕੋਟ ਦੀ ਨਿਗਰਾਨੀ ਹੇਠ ਐੱਸਐੱਚਓ ਥਾਣਾ ਤਾਰਾਗੜ੍ਹ ਨਵਦੀਪ ਸ਼ਰਮਾ ਤੇ ਉਸ ਦੀ ਟੀਮ ਨੇ ਛਾਪਾ ਮਾਰ ਕੇ ਇੱਕ ਹਾਈਡ੍ਰਾਲਿਕ ਪੋਕਲੇਨ ਮਸ਼ੀਨ ਤੇ ਹੋਰ ਸਾਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਸ਼ੀਨ ਦੇ ਅਪਰੇਟਰ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਮ ਨੇ ਮੌਕੇ ’ਤੇ ਖਣਨ ਹੋਣ ਦੀਆਂ ਤਾਜ਼ਾ ਨਿਸ਼ਾਨੀਆਂ ਵੀ ਦੇਖੀਆਂ।
ਜ਼ਿਲ੍ਹਾ ਪੁਲੀਸ ਮੁਖੀ ਨੇ ਅੱਗੇ ਦੱਸਿਆ ਕਿ ਫੜੇ ਗਏ ਅਪਰੇਟਰ ਨੇ ਦੱਸਿਆ ਕਿ ਉਹ ਰਾਵੀ ਸਟੋਨ ਕਰੱਸ਼ਰ ਦੇ ਮਾਲਕ ਗੁਰਸ਼ਰਨ ਸਿੰਘ ਦੇ ਕਹਿਣ ’ਤੇ ਖਣਨ ਕਰ ਰਿਹਾ ਸੀ। ਇਸ ’ਤੇ ਥਾਣਾ ਤਾਰਾਗੜ੍ਹ ਵਿੱਚ ਮੁਲਜ਼ਮਾਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ 1957 ਦੀ ਧਾਰਾ 21(1) ਅਤੇ 379 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।