ਕੌਮਾਂਤਰੀ ਸਰਹੱਦ ਨੇੜੇ ਨਾਜਾਇਜ਼ ਮਾਈਨਿੰਗ, ਅਧਿਕਾਰੀ ਬੇਖ਼ਬਰ
ਐੱਨਪੀ ਧਵਨ
ਪਠਾਨਕੋਟ, 28 ਨਵੰਬਰ
ਭਾਰਤ-ਪਾਕਿਸਤਾਨ ਦੇ ਸਰਹੱਦੀ ਖੇਤਰ ਦੇ 5 ਕਿਲੋਮੀਟਰ ਘੇਰੇ ਅੰਦਰ ਨਜਾਇਜ਼ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਇਹ ਧੜੱਲੇ ਨਾਲ ਜਾਰੀ ਹੈ। ਹਾਲਾਂਕਿ ਬੀਐੱਸਐੱਫ ਦੀ ਅਪੀਲ ’ਤੇ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ 5 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਤਰ੍ਹਾਂ ਦੀ ਵੀ ਮਾਈਨਿੰਗ ਕਰਨ ਉੱਪਰ ਰੋਕ ਲਗਾ ਰੱਖੀ ਹੈ। ਮਾਈਨਿੰਗ ਮਾਫੀਆ ਤਾਂ ਰਾਵੀ ਦਰਿਆ ਅੰਦਰ ਚੱਲ ਰਹੇ ਪਾਣੀ ਵਿੱਚ ਪੋਕਲੇਨ ਮਸ਼ੀਨ ਲਗਾ ਕੇ ਮਾਈਨਿੰਗ ਕਰ ਰਿਹਾ ਹੈ ਤਾਂ ਜੋ ਦਰਿਆ ਦੇ ਪਾਣੀ ਵਿੱਚ ਮਸ਼ੀਨ ਵੱਲੋਂ ਪਾਏ ਗਏ ਟੋਏ ਦਾ ਪਤਾ ਹੀ ਨਾ ਚੱਲ ਸਕੇ। ਇਸ ਤਰ੍ਹਾਂ ਨਾਲ ਮਾਈਨਿੰਗ ਮਾਫੀਆ ਇੱਕ ਤਾਂ ਰਾਇਲਟੀ ਨਾ ਅਦਾ ਕਰਕੇ ਅਤੇ ਦੂਸਰਾ ਜੀਐੱਸਟੀ ਦੀ ਵੀ ਚੋਰੀ ਕਰਕੇ ਪੰਜਾਬ ਸਰਕਾਰ ਨੂੰ ਚੂਨਾ ਲਗਾ ਰਿਹਾ ਹੈ ਜਦ ਕਿ ਅਧਿਕਾਰੀ ਇੱਕ-ਦੂਸਰੇ ਉਪਰ ਜ਼ਿੰਮੇਵਾਰੀ ਸੁੱਟ ਕੇ ਪੱਲਾ ਝਾੜ ਰਹੇ ਹਨ।
ਇਸ ਪੱਤਰਕਾਰ ਨੇ ਸਰਹੱਦੀ ਖੇਤਰ ਦਾ ਦੌਰਾ ਕਰਨ ’ਤੇ ਦੇਖਿਆ ਕਿ ਦਿਨ-ਦਿਹਾੜੇ ਗੱਜੂ ਜਗੀਰ ਕੋਲ ਰਾਵੀ ਦਰਿਆ ਦੇ ਕਿਨਾਰੇ ਇੱਕ ਡੰਪ ਬਣਿਆ ਹੋਇਆ ਸੀ। ਉੱਥੇ ਰਾਵੀ ਦਰਿਆ ਦੇ ਚੱਲ ਰਹੇ ਪਾਣੀ ਵਿੱਚ ਇੱਕ ਪੋਕਲੇਨ ਮਸ਼ੀਨ ਇੱਕ ਟਿੱਪਰ ਨੂੰ ਭਰਨ ਲੱਗੀ ਹੋਈ ਸੀ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਸ ਖੇਤਰ ਦਾ ਠੇਕਾ ਗੌਰਵ ਪਠਾਨੀਆ ਵੱਲੋਂ ਲਿਆ ਹੋਇਆ ਹੈ ਅਤੇ ਇੱਥੇ ਕਾਨੂੰਨੀ ਮਾਈਨਿੰਗ ਕੀਤੀ ਜਾ ਸਕਦੀ ਹੈ। ਹਾਲਾਂਕਿ ਉਕਤ ਜਗ੍ਹਾ ਤਾਸ਼ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਅਤੇ ਇਹ ਕੌਮਾਂਤਰੀ ਹੱਦ ਤੋਂ ਢਾਈ ਕਿਲੋਮੀਟਰ ਦੀ ਵਿਥ ’ਤੇ ਹੈ। ਇਸ ਖੇਤਰ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਲੀਗਲ ਮਾਈਨਿੰਗ ਕਹਿ ਰਹੇ ਹਨ ਜਦ ਕਿ ਜਿਹੜੀਆਂ ਖੱਡਾਂ (ਸ਼ਾਹਪੁਰਗੋਪੀ ਅਤੇ ਗੋਲ) ਦੀ ਬੋਲੀ ਹੋਈ ਹੈ, ਉਹ ਉਕਤ ਜਗ੍ਹਾ ਤੋਂ ਦੂਰ ਹੈ ਅਤੇ ਮਾਫੀਆ ਇਸ ਨੂੰ ਵੀ ਉਨ੍ਹਾਂ ਖੱਡਾਂ ਦਾ ਹੀ ਹਿੱਸਾ ਦੱਸ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਕੰਡਿਆਲੀ ਤਾਰ ਦੇ ਨੇੜੇ ਮਾਈਨਿੰਗ ਹੋਣੀ ਕਿਸੇ ਵੀ ਤਰ੍ਹਾਂ ਦੇਸ਼ ਦੇ ਹਿਤ ਵਿੱਚ ਨਹੀਂ ਹੈ। ਉਨ੍ਹਾਂ ਜਾਂਚ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਇਕ ਦੂਜੇ ’ਤੇ ਜ਼ਿੰਮੇਵਾਰੀ ਸੁੱਟੀ
ਜ਼ਿਲ੍ਹਾ ਮਾਈਨਿੰਗ ਅਧਿਕਾਰੀ ਆਕਾਸ਼ ਅਗਰਵਾਲ ਨਾਲ ਜਦ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ,‘ਮੈਂ ਚੰਡੀਗੜ੍ਹ ਵਿੱਚ ਹਨ ਅਤੇ ਜਿਸ ਜਗ੍ਹਾ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਦੀ ਲੋਕੇਸ਼ਨ ਭੇਜੋ। ਮੈਂ ਚੈੱਕ ਕਰਵਾ ਲੈਂਦਾ ਹਾਂ।’ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਨਾਜਾਇਜ਼ ਮਾਈਨਿੰਗ ਬਾਰੇ ਸਾਰੀ ਜ਼ਿੰਮੇਵਾਰੀ ਮਾਈਨਿੰਗ ਵਿਭਾਗ ਦੀ ਹੈ ਅਤੇ ਜੋ ਵੀ ਮਾਈਨਿੰਗ ਅਧਿਕਾਰੀ ਉਨ੍ਹਾਂ ਨੂੰ ਸ਼ਿਕਾਇਤ ਕਰਨਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।