ਗੜ੍ਹਸ਼ੰਕਰ ਦੇ ਪਿੰਡਾਂ ਵਿੱਚ ਨਹੀਂ ਰੁਕ ਰਿਹਾ ਨਾਜਾਇਜ਼ ਖਣਨ
ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 20 ਜੁਲਾਈ
ਇਸ ਤਹਿਸੀਲ ਦੇ ਨੀਮ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਨਾਜਾਇਜ਼ ਖਣਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਸ ਸਬੰਧੀ ਖਣਨ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਜ਼ਿਕਰਯੋਗ ਹੈ ਕਿ ਨੀਮ ਪਹਾੜੀ ਪਿੰਡਾਂ ਦੇ ਖੇਤਾਂ ਵਿੱਚ ਵੱਡੇ ਵੱਡੇ ਰੈਂਪ ਬਣਾ ਕੇ ਜੇਸੀਬੀ ਦੁਆਰਾ ਮਿੱਟੀ ਅਤੇ ਰੇਤ ਦੀ ਲਗਾਤਾਰ ਪੁਟਾਈ ਕੀਤੀ ਜਾ ਰਹੀ ਹੈ। ਇਸ ਕਰਕੇ ਇਲਾਕੇ ਦਾ ਭੂਗੋਲ ਹੀ ਬਦਲ ਕੇ ਰਹਿ ਗਿਆ ਹੈ। ਖਣਨ ਵਿਭਾਗ ਦੇ ਆਦੇਸ਼ਾਂ ਅਨੁਸਾਰ ਵਿਭਾਗ ਦੀ ਮਨਜ਼ੂਰੀ ਲੈ ਕੇ ਕਹੀਆਂ ਨਾਲ ਸਿਰਫ ਤਿੰਨ ਫੁੱਟ ਤੱਕ ਦੀ ਮਿੱਟੀ ਦੀ ਪੁਟਾਈ ਹੀ ਕੀਤੀ ਜਾ ਸਕਦੀ ਹੈ ਪਰ ਖੇਤਰ ਦੇ ਅਨੇਕਾਂ ਪਿੰਡਾਂ ਵਿੱਚ 20 ਤੋਂ 25 ਫੁੱਟ ਤੱਕ ਜੇਸੀਬੀ ਦੁਆਰਾ ਮਿੱਟੀ ਦੀ ਪੁਟਾਈ ਕਰਕੇ ਇੱਥੋਂ ਕੱਢੀ ਖਣਨ ਸਮੱਗਰੀ ਨੇੜਲੇ ਇਲਾਕਿਆਂ ਵਿੱਚ ਮਹਿੰਗੇ ਮੁੱਲ ਸਪਲਾਈ ਕੀਤੀ ਜਾ ਰਹੀ ਹੈ। ਇਸ ਦੀ ਇੱਕ ਮਿਸਾਲ ਸ੍ਰੀ ਆਨੰਦਪੁਰ ਸਾਹਿਬ ਰੋਡ ਤੇ ਸਥਿਤ ਪਿੰਡ ਘਾਗੋਂ ਰੋੜਾਂਵਾਲੀ ਅਤੇ ਗੋਗੋਂ ਦੀ ਹੈ ਜਿੱਥੇ ਖਣਨ ਮਾਫੀਆ ਵੱਲੋਂ ਮਿੱਟੀ ਦੀ ਲਗਾਤਾਰ ਪੁਟਾਈ ਕਰਕੇ ਵਿਭਾਗ ਦੇ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਖੇਤਰ ਦੇ ਪਿੰਡ ਬੀਰਮਪੁਰ, ਹਾਜੀਪਰ, ਪੱਖੋਵਾਲ, ਰਾਮਪੁਰ, ਗੱਜਰ, ਮਹਿਦੂਦ ਅਤੇ ਬਰਿਆਣਾ ਵਿੱਚ ਵੀ ਅਜਿਹਾ ਲਗਾਤਾਰ ਵਧਦਾ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਵਾਸੀਆਂ ਅਨੁਸਾਰ ਟਰੈਕਟਰ ਟਰਾਲੀਆਂ ਅਤੇ ਜੇਸੀਬੀ ਦੇ ਸ਼ੋਰ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਵੀ ਓਵਰਲੋਡਿਡ ਵਾਹਨਾਂ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਪਰ ਇਸ ਪਾਸੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ। ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਨੀਮ ਪਹਾੜੀ ਪਿੰਡਾਂ ਵਿੱਚ ਚਲਦੇ ਨਾਜਾਇਜ਼ ਖਣਨ ਕਰਕੇ ਇਲਾਕੇ ਦੀਆਂ ਖੱਡਾਂ ਅਤੇ ਚੋਆਂ ਵਿੱਚੋਂ ਆਉਣ ਵਾਲੇ ਪਾਣੀ ਦੀ ਮਾਰ ਹਰ ਸਾਲ ਵੱਧ ਜਾਂਦੀ ਹੈ ਜਿਸ ਕਰਕੇ ਉਪਜਾਊ ਜ਼ਮੀਨ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਖਣਨ ਮਾਫੀਆ ਦੁਆਰਾ ਕੀਤੀਆਂ ਗਤੀਵਿਧੀਆਂ ਕਰਕੇ ਇਲਾਕੇ ਦੇ ਕਰੀਬ 20 ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ ਅਤੇ ਇਸ ਵਾਰ ਮੁੜ ਲੋਕਾਂ ਨੂੰ ਹੜ੍ਹਾਂ ਦਾ ਖਦਸ਼ਾ ਬਣਿਆ ਹੋਇਆ ਹੈ।
ਇਸ ਬਾਰੇ ਖਣਨ ਵਿਭਾਗ ਦੇ ਐਸਡੀਓ ਪਵਨ ਕੁਮਾਰ ਨੇ ਕਿਹਾ ਕਿ ਉਹ ਇਸ ਸਬੰਧੀ ਖੁਦ ਪੜਤਾਲ ਕਰਨਗੇ ਅਤੇ ਖਣਨ ਮਾਫੀਆ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਈਨਿੰਗ ਵਿਭਾਗ ਵੱਲੋਂ 19 ਲੱਖ ਦਾ ਜੁਰਮਾਨਾ
ਪਠਾਨਕੋਟ (ਪੱਤਰ ਪ੍ਰੇਰਕ):ਮਾਈਨਿੰਗ ਵਿਭਾਗ ਪਠਾਨੋਕਟ ਵੱਲੋਂ ਮਾਈਨਿੰਗ ਦੀ ਰਾਇਲਟੀ ਦੇ ਬਿਨਾਂ ਕਾਗਜ਼ਾਤ ਦੇ 9 ਟਿੱਪਰਾਂ, ਟਰੱਕਾਂ ਅਤੇ ਇੱਕ ਟਰੈਕਟਰ ਟਰਾਲੀ ਦੇ ਡਰਾਈਵਰਾਂ ਨੂੰ ਕਰੀਬ 19 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮਾਈਨਿੰਗ ਅਫਸਰ ਆਕਾਸ਼ ਅਗਰਵਾਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਿਮਾਚਲ ਪ੍ਰਦੇਸ਼ ਤੋਂ ਡਮਟਾਲ ਵੱਲੋਂ ਟਿੱਪਰ ਅਤੇ ਹੋਰ ਵਾਹਨ ਰੇਤ, ਬਜਰੀ ਲੈ ਕੇ ਆ ਰਹੇ ਹਨ ਅਤੇ ਉਹ ਟੈਕਸ ਦੀ ਚੋਰੀ ਕਰ ਰਹੇ ਹਨ। ਇਸ ਮਗਰੋਂ ਉਹ ਮਾਈਨਿੰਗ ਨਾਕਾ ਕੌਂਤਰਪੁਰ ਪੁੱਜੇ ਅਤੇ ਥੋੜ੍ਹੀ ਦੇਰ ਵਿੱਚ ਹੀ ਉਥੇ 8 ਟਿੱਪਰ ਅਜਿਹੇ ਕਾਬੂ ਕੀਤੇ ਜਿਨ੍ਹਾਂ ਕੋਲ ਮਾਈਨਿੰਗ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਸੀ। ਇਸ ਕਰਕੇ ਉਨ੍ਹਾਂ ਦੇ ਡਰਾਈਵਰਾਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇੱਕ ਟਰੱਕ ਅਤੇ ਇੱਕ ਟਰੈਕਟਰ ਜੋ ਕਿ ਜੰਮੂ-ਕਸ਼ਮੀਰ ਤੋਂ ਪਠਾਨਕੋਟ ਵੱਲ ਖਣਨ ਸਮੱਗਰੀ ਲੈ ਕੇ ਆ ਰਿਹਾ ਸੀ, ਕੋਲ ਵੀ ਕੋਈ ਰਾਇਲਟੀ ਦੇਣ ਦਾ ਕਾਗਜ਼ਾਤ ਨਾ ਹੋਣ ਤੇ ਟਰੈਕਟਰ ਡਰਾਈਵਰ ਨੂੰ 1 ਲੱਖ ਰੁਪਏ ਅਤੇ ਟਰੱਕ ਡਰਾਈਵਰ ਨੂੰ 2 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਰਸਾਤ ਦੇ ਮੌਸਮ ਵਿੱਚ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ ਪਰ ਫਿਰ ਵੀ ਕੁੱਝ ਲੋਕ ਇਸ ਨਜਾਇਜ਼ ਮਾਈਨਿੰਗ ਦੇ ਧੰਦੇ ਤੋਂ ਬਾਜ ਨਹੀਂ ਆ ਰਹੇ।