ਗ਼ੈਰਕਾਨੂੰਨੀ ਮਾਈਨਿੰਗ ਮਾਮਲਾ: ਸਿੱਧਾਰਮੱਈਆ ਤੇ ਕੁਮਾਰਸਵਾਮੀ ਵਿਚਾਲੇ ਸ਼ਬਦੀ ਜੰਗ
ਬੰਗਲੁੂਰੂ, 21 ਅਗਸਤ
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਵਿਚਾਲੇ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਦੇ ਲੀਜ਼ ਮਾਮਲੇ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਲੋਕਾਯੁਕਤ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਮੁਕੱਦਮਾ ਚਲਾਉਣ ਲਈ ਰਾਜਪਾਲ ਤੋਂ ਮਨਜ਼ੂਰੀ ਮੰਗੀ ਗਈ ਹੈ ਜਿਸ ਨੂੰ ਲੈ ਕੇ ਇਹ ਮਾਮਲਾ ਭਖਿਆ ਹੋਇਆ ਹੈ। ਸਿੱਧਾਰਮੱਈਆ ਨੇ ਕੋਪਲ ਜ਼ਿਲ੍ਹੇ ਦੇ ਗਨੀਗੇਰਾ ’ਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਕੁਮਾਰਸਵਾਮੀ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇ ਉਸ ਨੂੰ ਗ੍ਰਿਫਤਾਰ ਕਰਨ ਲਈ ਕੇਸ ਦੇ ਸਬੰਧ ’ਚ ਕੋਈ ਸਥਿਤੀ ਬਣਦੀ ਹੈ ਤਾਂ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪ੍ਰੰਤੂ ਅਜੇ ਅਜਿਹੇ ਹਾਲਾਤ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਡਰੇ ਹੋਏ ਹਨ ਕਿ ਰਾਜਪਾਲ (ਥਾਵਰ ਚੰਦ ਗਹਿਲੋਤ) ਮਨਜ਼ੂਰੀ ਦੇਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇ ਉਹ ਡਰਿਆ ਨਾ ਹੁੰਦਾ, ਤਾਂ ਉਹ ਅੱਜ ਪ੍ਰੈਸ ਮੀਟਿੰਗ ਨਹੀਂ ਕਰਦਾ।
ਇਸ ਮਾਮਲੇ ’ਤੇ ਮੁੱਖ ਮੰਤਰੀ ’ਤੇ ਪਲਟਵਾਰ ਕਰਦੇ ਹੋਏ ਕੁਮਾਰਸਵਾਮੀ ਨੇ ਕਿਹਾ, ‘‘ਸੌ ਸਿੱਧਾਰਮੱਈਆ ਨੂੰ ਉਸ ਨੂੰ ਗ੍ਰਿਫਤਾਰ ਕਰਨ ਲਈ ਆਉਣਾ ਪਵੇਗਾ। ਜਦੋਂ ਤੁਸੀਂ ਮੈਨੂੰ ਦੇਖਦੇ ਹੋ ਤਾਂ ਕੀ ਤੁਸੀਂ ਅਜਿਹਾ ਸੋਚਦੇ ਹੋ ਕਿ ਮੈਂ ਡਰ ਗਿਆ ਹਾਂ।’’ ਇਸ ਦੇ ਜਵਾਬ ’ਚ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਸੌ ਸਿੱਧਾਰਮੱਈਆ ਨਹੀਂ, ਉਸ ਨੂੰ ਗ੍ਰਿਫਤਾਰ ਕਰਨ ਲਈ ਇੱਕ ਕਾਂਸਟੇਬਲ ਕਾਫੀ ਹੈ।’’ ਐਸਆਈਟੀ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਰਾਜਪਾਲ ਨੂੰ ਇੱਕ ਪ੍ਰਸਤਾਵ ਸੌਂਪ ਕੇ ਕਥਿਤ ਮਾਈਨਿੰਗ ਲੀਜ਼ ਮਾਮਲੇ ਵਿੱਚ ਕੁਮਾਰਸਵਾਮੀ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਦੀ ਇਜਾਜ਼ਤ ਮੰਗੀ ਹੈ। -ਪੀਟੀਆਈ