ਗੈਰ-ਕਾਨੂੰਨੀ ਢੰਗ ਨਾਲ ਗੁਰਦੇ ਬਦਲਣ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਦਿੱਲੀ ਪੁਲੀਸ ਨੇ ਗੈਰਕਾਨੂੰਨੀ ਗੁਰਦਾ ਬਦਲਣ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ ਜੋ ਪੰਜ ਰਾਜਾਂ ਦਿੱਲੀ, ਹਰਿਆਣਾ, ਪੰਜਾਬ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਛੇ ਸਾਲਾਂ ਤੋਂ ਚੱਲ ਰਿਹਾ ਸੀ। ਜਾਂਚ ਅਧਿਕਾਰੀ ਇੰਸਪੈਕਟਰ ਪਵਨ ਨੇ ਦੱਸਿਆ ਕਿ ਜੂਨ ਵਿੱਚ ਗੈਰ-ਕਾਨੂੰਨੀ ਰੈਕੇਟ ਦਾ ਪਰਦਾਫਾਸ਼ ਕਰਨ ਲਈ ਸਿਰਫ ਇਹ ਪਤਾ ਲਗਾਇਆ ਕਿ ਮੁੱਖ ਸਰਗਨਾ ਇੱਕ ਐਮਬੀਏ ਗ੍ਰੈਜੂਏਟ ਹੈ ਜੋ ਕਈ ਹਸਪਤਾਲਾਂ ਵਿੱਚ ਕਿਡਨੀ ਟ੍ਰਾਂਸਪਲਾਂਟ ਕੋਆਰਡੀਨੇਟਰ ਵੀ ਹੈ। ਪੁਲੀਸ ਨੇ ਕਿਹਾ ਹੈ ਕਿ ਮੁਲਜ਼ਮ ਦੀ ਪਛਾਣ ਸੰਦੀਪ ਆਰੀਆ (39) ਵਜੋਂ ਹੋਈ ਹੈ, ਜਿਸ ਨੇ 10 ਕਰੋੜ ਰੁਪਏ ਦੇ 34 ਗੈਰ-ਕਾਨੂੰਨੀ ਗੁਰਦੇ ਟਰਾਂਸਪਲਾਂਟ ਕਰਵਾਏ ਹਨ। ਆਰੀਆ ਅਤੇ ਉਸ ਦੇ ਸਾਥੀ ਵਿਜੇ ਕੁਮਾਰ ਕਸ਼ਯਪ ਉਰਫ਼ ਸੁਮਿਤ ਵਿਰੁੱਧ ਇੱਕ ‘ਗਾਹਕ’ ਦੀ ਪਤਨੀ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ, ਜਿਸ ਨੇ ਮੁਲਜ਼ਮਾਂ ਕੋਲੋਂ ਆਪਣੇ ਪਤੀ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਸੀ ਪਰ ਸਮੇਂ ਟਰਾਂਸਪਲਾਂਟ ਨਾ ਹੋਣ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੀਮਾ ਭਸੀਨ ਨੇ ਦੋਸ਼ ਲਾਇਆ ਕਿ ਮੁਲਜ਼ਮ ਆਰੀਆ ਅਤੇ ਕਸ਼ਯਪ ਨੇ ਉਸ ਦੇ ਪਤੀ ਹਿਤੇਸ਼ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੋਸ਼ ਲਾਇਆ ਕਿ ਦੋਵਾਂ ਨੇ ਸਮੇਂ ਸਿਰ ਉਸ ਦੇ ਪਤੀ ਨੂੰ ਕਿਡਨੀ ਟਰਾਂਸਪਲਾਂਟ ਨਹੀਂ ਕਰਵਾਈ, ਜਿਸ ਕਾਰਨ 24 ਦਸੰਬਰ 2023 ਨੂੰ ਪਤੀ ਦੀ ਮੌਤ ਹੋ ਗਈ। ਸੀਮਾ ਨੇ ਦਾਅਵਾ ਕੀਤਾ ਕਿ ਆਰੀਆ ਨੇ ਹਿਤੇਸ਼ ਨੂੰ ਆਪਣਾ ਡਾਇਲੇਸਿਸ ਇਲਾਜ ਬੰਦ ਕਰਨ ਅਤੇ ਚਾਣਕਿਆਪੁਰੀ ਸਥਿਤ ਇਕ ਹਸਪਤਾਲ ਵਿੱਚ ਦਾਖ਼ਲ ਹੋਣ ਲਈ ਕਿਹਾ ਸੀ।