ਗ਼ੈਰ-ਕਾਨੂੰਨੀ ਪਰਵਾਸ
ਫਰਾਂਸੀਸੀ ਅਧਿਕਾਰੀਆਂ ਨੇ ਦੁਬਈ (ਸੰਯੁਕਤ ਅਰਬ ਅਮੀਰਾਤ) ਤੋਂ ਨਿਕਾਰਾਗੂਆ ਜਾ ਰਹੇ ਜਹਾਜ਼ ਨੂੰ ਪੈਰਿਸ ਨੇੜੇ ਹਵਾਈ ਅੱਡੇ ’ਤੇ ਕਬਜ਼ੇ ’ਚ ਲੈ ਲਿਆ ਜਦੋਂ ਉਹ ਤੇਲ ਭਰਵਾਉਣ ਉੱਥੇ ਉਤਰਿਆ। ਜਹਾਜ਼ ’ਚ 303 ਮੁਸਾਫ਼ਿਰ ਸਨ ਜਿਨ੍ਹਾਂ ਵਿਚੋਂ ਜ਼ਿਆਦਾ ਭਾਰਤੀ ਮੂਲ ਦੇ ਹਨ। ਇਹ ਜਹਾਜ਼ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦਾ ਹੈ; ਕੰਪਨੀ ਅਨੁਸਾਰ ਇਸ ਉਡਾਣ ਨੂੰ ਇਕ ਵਿਅਕਤੀ ਨੇ ਚਾਰਟਡ ਉਡਾਣ (ਭਾਵ ਪੂਰੇ ਦਾ ਪੂਰਾ ਜਹਾਜ਼) ਵਜੋਂ ਕਿਰਾਏ ’ਤੇ ਲਿਆ ਸੀ। ਮੁਸਾਫ਼ਿਰਾਂ ਵਿਚ ਬੱਚੇ ਅਤੇ ਨਾਬਾਲਗ ਵੀ ਹਨ। ਇਹ ਸ਼ੱਕ ਪ੍ਰਗਟ ਕੀਤਾ ਗਿਆ ਕਿ ਇਨ੍ਹਾਂ ਮੁਸਾਫ਼ਿਰਾਂ ਨੇ ਪਹਿਲਾਂ ਨਿਕਾਰਾਗੂਆ ਠਹਿਰਨਾ ਸੀ ਤੇ ਫਿਰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਕੈਨੇਡਾ ਜਾਣ ਦਾ ਯਤਨ ਕਰਨਾ ਸੀ। ਫਰਾਂਸੀਸੀ ਅਧਿਕਾਰੀਆਂ ਅਨੁਸਾਰ ਮੁਸਾਫ਼ਿਰਾਂ ਵਿਚੋਂ ਜ਼ਿਆਦਾ ਨੇ ਹਿੰਦੀ ਜਾਂ ਤਾਮਿਲ ਵਿਚ ਗੱਲਬਾਤ ਕੀਤੀ। ਬਾਅਦ ਵਿਚ ਫਰਾਂਸੀਸੀ ਜੱਜਾਂ ਨੇ ਮੁਸਾਫ਼ਿਰਾਂ ਦੀ ਸੁਣਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਜਹਾਜ਼ ਨੂੰ ਉੱਡਣ ਦੀ ਇਜਾਜ਼ਤ ਦੇ ਦਿੱਤੀ। ਇਸ ਫ਼ੈਸਲੇ ਪਿੱਛੇ ਇਹ ਸੋਚ ਕੰਮ ਕਰ ਰਹੀ ਹੈ ਕਿ ਪੱਛਮੀ ਦੇਸ਼ ਅਜਿਹੀ ਕਾਨੂੰਨੀ ਪ੍ਰਕਿਰਿਆ ਵਿਚ ਪੈਣ ਤੋਂ ਗੁਰੇਜ਼ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਪਰਵਾਸੀਆਂ ਨੂੰ ਸਥਾਈ ਜਾਂ ਅਸਥਾਈ ਤੌਰ ’ਤੇ ਆਪਣੇ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦੇਣੀ ਪਵੇ ਅਤੇ ਬਾਅਦ ਵਿਚ ਕਾਨੂੰਨੀ ਉਲਝਣਾਂ ਪੈਦਾ ਹੋਣ। ਇਹ ਜਹਾਜ਼ ਹੁਣ ਮੁਸਾਫ਼ਿਰਾਂ ਨੂੰ ਲੈ ਕੇ ਮੁੰਬਈ ਪੁੱਜ ਗਿਆ ਹੈ। ਅਧਿਕਾਰੀਆਂ ਅਨੁਸਾਰ, ਇਸ ਮਾਮਲੇ ਬਾਰੇ ਅਗਾਂਹ ਜਾਂਚ ਕੀਤੀ ਜਾ ਰਹੀ ਹੈ।
ਅਕਤੂਬਰ 2023 ਤੋਂ ਸਤੰਬਰ 2023 ਤਕ 96917 ਭਾਰਤੀਆਂ ਨੂੰ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਯਤਨ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ; ਇਨ੍ਹਾਂ ਵਿਚੋਂ 41,770 ਅਮਰੀਕਾ-ਮੈਕਸਿਕੋ ਸਰਹੱਦ ’ਤੇ ਗ੍ਰਿਫ਼ਤਾਰ ਕੀਤੇ ਗਏ ਅਤੇ 30,010 ਅਮਰੀਕਾ-ਕੈਨੇਡਾ ਸਰਹੱਦ ਤੋਂ। ਇਸ ਸਮੇਂ 7,25000 ਤੋਂ ਜ਼ਿਆਦਾ ਭਾਰਤੀ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਭਾਰਤੀ ਲਾਤੀਨੀ ਅਮਰੀਕੀ ਦੇਸ਼ਾਂ ਇਕੁਆਡਰ, ਐਲ ਸਲਵਾਡੋਰ, ਗੁਆਟੇਮਾਲਾ, ਹਾਂਡੂਰਸ, ਨਿਕਾਰਾਗੂਆ ਆਦਿ ਵਿਚ ਜਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਸਮਾਂ ਪਹਿਲਾਂ ਐਲ ਸਲਵਾਡੋਰ ਨੇ ਭਾਰਤ ਤੇ ਅਫਰੀਕਾ ਤੋਂ ਆ ਰਹੇ ਮੁਸਾਫ਼ਿਰਾਂ ਤੋਂ 1000 ਅਮਰੀਕੀ ਡਾਲਰ ਦਾ ਟੈਕਸ/ਫੀਸ ਲਾਉਣਾ ਸ਼ੁਰੂ ਕੀਤਾ ਹੈ। ਅਮਰੀਕਾ ਦੋਸ਼ ਲਗਾਉਂਦਾ ਰਿਹਾ ਹੈ ਕਿ ਐਲ ਸਲਵਾਡੋਰ ਅਤੇ ਨਿਕਾਰਾਗੂਆ ਗ਼ੈਰ-ਕਾਨੂੰਨੀ ਪਰਵਾਸ ਕਰਵਾਉਣ ਦੇ ਅੱਡੇ ਬਣ ਰਹੇ ਹਨ। ਦੱਸਿਆ ਜਾਂਦਾ ਹੈ ਕਿ ਨਿਕਾਰਾਗੂਆ ਵਿਚ ਕਈ ਦੇਸ਼ਾਂ (ਖ਼ਾਸ ਕਰ ਕੇ ਹੈਤੀ) ਤੋਂ ਰੋਜ਼ਾਨਾ ਚਾਰਟਡ ਉਡਾਣਾਂ ਉਤਰਦੀਆਂ ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਉੱਥੇ ਲਿਆਉਂਦੀਆਂ ਹਨ। ਬਹੁਤ ਸਾਰੇ ਦੇਸ਼ਾਂ ਦੇ ਵਾਸੀਆਂ ਨੂੰ ਨਿਕਾਰਾਗੂਆ ਜਾਣ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਟੂਰਿਸਟ ਵੀਜ਼ਾ ਮੁਸਾਫ਼ਿਰਾਂ ਦੇ ਨਿਕਾਰਾਗੂਆ ਦਾਖ਼ਲ ਹੋਣ ’ਤੇ ਬਹੁਤ ਆਸਾਨੀ ਨਾਲ ਦੇ ਦਿੱਤਾ ਜਾਂਦਾ ਹੈ। ਇਹ ਸਾਰਾ ਕੰਮ ਮਨੁੱਖੀ ਤਸਕਰੀ ਕਰਨ ਵਾਲੇ ਏਜੰਟ ਅਤੇ ਅਪਰਾਧੀਆਂ ਦੇ ਗਰੋਹ (ਸਿੰਡੀਕੇਟਜ਼) ਕਰਦੇ ਹਨ। ਅਜਿਹੇ ਪਰਵਾਸ ਨੂੰ ਡੰਕੀ (Donkey) ਜਾਂ ਡੁਨਕੀ ਰਾਹੀਂ ਜਾਣਾ ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਛੂੰਹਦੀ ਹਿੰਦੀ ਫਿਲਮ ‘ਡੰਕੀ’ (Dunki) ਬਣੀ ਹੈ।
ਅਮਰੀਕਾ ਪਹੁੰਚਣ ਦੇ ਇਹ ਚਾਹਵਾਨ ਪਹਿਲਾਂ ਨਿਕਾਰਾਗੂਆ, ਬ੍ਰਾਜ਼ੀਲ, ਵੈਨੇਜ਼ੁਏਲਾ, ਕੋਲੰਬੀਆ, ਇਕੁਆਡਰ, ਪਨਾਮਾ ਆਦਿ ਪਹੁੰਚ ਕੇ ਫਿਰ ਮੈਕਸਿਕੋ ਵਿਚ ਦਾਖ਼ਲ ਹੁੰਦੇ ਹਨ ਅਤੇ ਉੱਥੋਂ ਅਮਰੀਕਾ ਪਹੁੰਚਣ ਦਾ ਯਤਨ ਕਰਦੇ ਹਨ; ਕਈ ਸਮੁੰਦਰੀ ਰਸਤਾ ਵੀ ਅਪਣਾਉਂਦੇ ਹਨ। ਇਹ ਸਫ਼ਰ ਬਹੁਤ ਜੋਖ਼ਮ ਭਰੇ ਹੁੰਦੇ ਹਨ ਅਤੇ ਮਨੁੱਖੀ ਤਸਕਰ ਇਨ੍ਹਾਂ ਮੁਸਾਫ਼ਿਰਾਂ ਨਾਲ ਬਹੁਤ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਅਧਿਕਾਰੀਆਂ ਨੂੰ ਇਸ ਮਾਮਲੇ ਦੀ ਤਹਿ ਤਕ ਜਾਣਾ ਚਾਹੀਦਾ ਹੈ। ਭਾਰਤ ਨੂੰ ਜਿੱਥੇ ਆਪਣੇ ਸ਼ਹਿਰੀਆਂ ਦੇ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਵੱਖ ਵੱਖ ਦੇਸ਼ਾਂ ਦਾ ਸਹਿਯੋਗ ਲੈਣ ਦੀ ਜ਼ਰੂਰਤ ਹੈ ਉੱਥੇ ਇਹ ਪੜਚੋਲ ਵੀ ਹੋਣੀ ਚਾਹੀਦੀ ਹੈ ਕਿ ਏਨੀ ਵੱਡੀ ਗਿਣਤੀ ਵਿਚ ਲੋਕ ਗ਼ੈਰ-ਕਾਨੂੰਨੀ ਤਰੀਕੇ ਅਪਣਾ ਕੇ ਪਰਵਾਸ ਕਿਉਂ ਕਰ ਰਹੇ ਹਨ। ਇਸ ਦੇ ਕਾਰਨ ਸਾਡੇ ਅਰਥਚਾਰੇ ਵਿਚ ਪਏ ਹਨ ਜਿੱਥੇ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ ਅਤੇ ਕਾਮਿਆਂ ਨੂੰ ਸਹੀ ਉਜਰਤ ਨਹੀਂ ਮਿਲਦੀ। ਪਰਵਾਸ ਨੇ ਮਨੁੱਖੀ ਇਤਿਹਾਸ ਵਿਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਮਨੁੱਖ ਹਮੇਸ਼ਾ ਪਰਵਾਸ ਕਰਦਾ ਰਿਹਾ ਹੈ; ਜ਼ਰੂਰਤ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਦੀ ਹੈ ਜਿਸ ਵਿਚ ਮਨੁੱਖੀ ਜਾਨਾਂ ਜੋਖ਼ਮ ਵਿਚ ਪਾਈਆਂ ਜਾਂਦੀਆਂ ਹਨ।