ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ੈਰ-ਕਾਨੂੰਨੀ ਪਰਵਾਸ ਅਤੇ ਭਾਰਤੀ

09:08 AM Sep 14, 2024 IST

ਡਾ. ਕੁਲਵੰਤ ਸਿੰਘ ਫ਼ੁੱਲ

Advertisement

ਭਾਰਤੀਆਂ ਦਾ ਪਰਵਾਸ ਇਤਿਹਾਸ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ। ਵੱਡੀ ਗਿਣਤੀ ਵਿੱਚ ਭਾਰਤੀ ਅਣਇੱਛਤ ਤੌਰ ’ਤੇ, ਅਫਰੀਕਾ, ਕੈਰੇਬੀਅਨ ਅਤੇ ਭਾਰਤੀ ਉਪ ਮਹਾਂਦੀਪ ਦੇ ਵੱਖ ਵੱਖ ਦੇਸ਼ਾਂ ਵਿੱਚ ਪਰਵਾਸ ਕਰ ਉੱਥੋਂ ਦੇ ਪੱਕੇ ਨਾਗਰਿਕ ਬਣ ਕੇ ਰਹਿ ਰਹੇ ਹਨ। 21ਵੀਂ ਸਦੀ ਦੇ ਮੁੱਢਲੇ ਸਾਲਾਂ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਵਧਦੇ ਵਿਸ਼ਵ ਪਰਵਾਸ ਦੇ ਮੱਦੇਨਜ਼ਰ ਜ਼ਿਆਦਾਤਰ ਭਾਰਤੀ ਪਰਵਾਸੀ ਹੁਣ ਫਾਰਸ ਦੀ ਖਾੜੀ, ਉੱਤਰੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਵੱਲ ਆਕਰਸ਼ਿਤ ਹੋ ਰਹੇ ਹਨ। ਦੁਨੀਆ ਭਰ ਦੇ ਹਰੇਕ 20 ਪਰਵਾਸੀਆਂ ਵਿੱਚੋਂ ਇੱਕ ਭਾਰਤ ਵਿੱਚ ਪੈਦਾ ਹੋਇਆ ਹੋਣ ਕਰਕੇ ਦੇਸ਼ ਵਿਸ਼ਵਵਿਆਪੀ ਪਰਵਾਸ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ‘ਵਿਸ਼ਵ ਪਰਵਾਸ ਰਿਪੋਰਟ 2024’ ਮੁਤਾਬਿਕ ਸਾਲ 2022 ਤੱਕ ਭਾਰਤ ਵਿੱਚ ਪੈਦਾ ਹੋਏ ਲਗਭਗ 1.80 ਕਰੋੜ ਲੋਕ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਹਨ। ਸਾਲ 1990 ਤੋਂ ਸੰਯੁਕਤ ਰਾਸ਼ਟਰ ਨੇ ਪਰਵਾਸੀ ਮੂਲ ਦਾ ਪਤਾ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਵਿੱਚ ਭਾਰਤ ਲਗਾਤਾਰ ਵਿਸ਼ਵ ਦੇ ਪ੍ਰਮੁੱਖ ਮੂਲ ਪਰਵਾਸੀ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਪਿਛਲੇ 25 ਸਾਲਾਂ ਦੌਰਾਨ ਪਰਵਾਸੀ ਭਾਰਤੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵਧ ਗਈ ਹੈ, ਜੋ ਵਿਸ਼ਵ ਦੇ ਕੁੱਲ ਪਰਵਾਸੀਆਂ ਨਾਲੋਂ ਦੁੱਗਣੀ ਤੇਜ਼ੀ ਨਾਲ ਵਧ ਰਹੀ ਹੈ। ਜ਼ਿਆਦਾਤਰ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਸਾਊਦੀ ਅਰਬ ਵਿੱਚ ਰਹਿ ਰਹੇ ਹਨ। ਇਸ ਸਮੇਂ ਸਭ ਤੋਂ ਵੱਧ ਲਗਭਗ 35 ਲੱਖ ਪਰਵਾਸੀ ਭਾਰਤੀ ਸੰਯੁਕਤ ਅਰਬ ਅਮੀਰਾਤ ਵਿੱਚ ਜ਼ਿਆਦਾਤਰ ਮਜ਼ਦੂਰਾਂ ਵਜੋਂ ਕਾਰਜਸ਼ੀਲ ਹਨ। ਇਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ ਵਿੱਚ ਕ੍ਰਮਵਾਰ ਲਗਭਗ 27 ਅਤੇ 25 ਲੱਖ ਪਰਵਾਸੀ ਭਾਰਤੀ ਰਹਿੰਦੇ ਹਨ। ਭਾਰਤੀ-ਅਮਰੀਕੀਆਂ ਵਿੱਚ ਤਕਰੀਬਨ ਹਰੇਕ ਦਸ ਵਿੱਚੋਂ ਨੌਂ ਭਾਰਤ ਵਿੱਚ ਪੈਦਾ ਹੋਏ ਪਰਵਾਸੀ ਰਹਿੰਦੇ ਹਨ। ਇੱਕ ਭਾਈਚਾਰੇ ਦੇ ਤੌਰ ’ਤੇ ਇੰਡੋ-ਅਮਰੀਕਨ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਅਮਰੀਕਾ ਵਿੱਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਅਤੇ ਨਸਲੀ ਸਮੂਹਾਂ ਵਿੱਚ ਸਭ ਤੋਂ ਵੱਧ ਆਮਦਨੀ ਵਾਲੇ ਲੋਕ ਹਨ।
ਕੋਵਿਡ-2019 ਮਹਾਮਾਰੀ ਤੋਂ ਬਾਅਦ ਤਾਂ ਬਿਹਤਰ ਆਰਥਿਕ ਮੌਕਿਆਂ, ਵਿੱਤੀ ਸੁਰੱਖਿਆ ਅਤੇ ਸਥਿਰਤਾ ਦੀ ਭਾਲ ਵਿੱਚ ਲੋਕਾਂ ਦੇ ਵਿਸ਼ਵਵਿਆਪੀ ਪਰਵਾਸ ਵਿੱਚ ਸਮੁੱਚੇ ਤੌਰ ’ਤੇ ਵਾਧਾ ਹੋ ਰਿਹਾ ਹੈ ਅਤੇ ਭਾਰਤ ਵੀ ਇਸ ਦਾ ਅਪਵਾਦ ਨਹੀਂ ਰਿਹਾ। ਬਹੁਤ ਸਾਰੇ ਭਾਰਤੀ, ਖ਼ਾਸਕਰ ਵਧੇਰੇ ਉਤਸ਼ਾਹੀ ਨੌਜਵਾਨ ਬਿਹਤਰ ਆਰਥਿਕ ਸੰਭਾਵਨਾਵਾਂ ਲਈ ਨਿੱਤ ਵਿਦੇਸ਼ਾਂ ਵਿੱਚ ਪਰਵਾਸ ਕਰ ਰਹੇ ਹਨ। ਭਾਰਤ ਵਿੱਚ ਧਰਮ, ਜਾਤ, ਨਸਲ ਜਾਂ ਰਾਜਨੀਤੀ ਦੇ ਆਧਾਰ ’ਤੇ ਘੱਟਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੇ ਵੀ ਕਈਆਂ ਨੂੰ ਆਪਣੇ ਵਤਨ ਤੋਂ ਜਾਣ ਲਈ ਮਜਬੂਰ ਕੀਤਾ ਹੈ। ਪਰ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਵੱਲ ਪਰਵਾਸ ਕਰਨ ਦਾ ਰੁਝਾਨ ਕੁਝ ਖ਼ਾਸ ਕਾਰਨਾਂ ਕਰਕੇ ਜ਼ਿਆਦਾ ਹੈ ਜਿਵੇਂ ਕਿ, ਅਮਰੀਕਾ ਲਈ ਕਾਨੂੰਨੀ ਇਮੀਗ੍ਰੇਸ਼ਨ ਚੈਨਲਾਂ ਨੂੰ ਅਕਸਰ ਮਹੱਤਵਪੂਰਨ ਬੈਕਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ। ਨਤੀਜਨ, ਵਿਜ਼ਟਰ ਵੀਜ਼ਾ ਜਾਂ ਪਰਿਵਾਰ ਦੁਆਰਾ ਸਪਾਂਸਰ ਕੀਤੇ ਵੀਜ਼ਿਆਂ ਲਈ ਲੰਮੀ ਉਡੀਕ ਸਮੇਂ ਕਾਰਨ ਵੀ ਕਈਆਂ ਨੂੰ ਬਦਲਵੇਂ ਅਣਅਧਿਕਾਰਤ ਗ਼ੈਰ-ਕਾਨੂੰਨੀ ਰਸਤੇ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅਣਅਧਿਕਾਰਤ ਏਜੰਟ ਜਾਂ ਤਸਕਰ ਵੀ ਪਰਵਾਸ ਦੀ ਸਹੂਲਤ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਆਧੁਨਿਕ ਤਰੀਕੇ ਵਰਤ ਰਹੇ ਹਨ ਅਤੇ ਭਾਰਤ ਤੋਂ ਅਮਰੀਕਾ ਤੱਕ ਪੁੱਜਣ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘਦੇ ਨਵੇਂ ਨਵੇਂ ਰਸਤੇ ਅਪਣਾਉਦੇਂ ਰਹਿੰਦੇ ਹਨ। ਅਮਰੀਕਾ ਦੀ ਮੈਕਸਿਕੋ ਨਾਲ ਲੱਗਦੀ ਦੱਖਣ-ਪੱਛਮੀ ਸਰਹੱਦ ਤਾਂ ਇਸ ਸਮੇਂ ਦੁਨੀਆ ਭਰ ਦੇ ਪਰਵਾਸੀਆਂ ਲਈ ਇੱਕ ਖ਼ਾਸ ਮੰਚ ਬਣੀ ਹੋਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਗਏ ਹਨ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ 1 ਜਨਵਰੀ 2022 ਤੱਕ ਲਗਭਗ 1.10 ਕਰੋੜ ਅਣਅਧਿਕਾਰਤ ਪਰਵਾਸੀ ਅਮਰੀਕਾ ਵਿੱਚ ਰਹਿ ਰਹੇ ਸਨ ਜੋ ਕਿ 2010 ਵਿੱਚ 1.16 ਕਰੋੜ ਅਣਅਧਿਕਾਰਤ ਪਰਵਾਸੀਆਂ ਦੇ ਮੁਕਾਬਲੇ ਘਟੇ ਹਨ ਪਰ ਜਨਵਰੀ 2020 ਵਿੱਚ 1.05 ਕਰੋੜ ਅਣਅਧਿਕਾਰਤ ਪਰਵਾਸੀਆਂ ਨਾਲੋਂ ਵਧੇਰੇ ਹਨ। ਮੈਕਸਿਕੋ ਅਤੇ ਅਲ-ਸਲਵਾਡੋਰ ਤੋਂ ਬਾਅਦ ਅਮਰੀਕਾ ਵਿੱਚ ਲਗਭਗ 7,25,000 ਅਣਅਧਿਕਾਰਤ ਪਰਵਾਸੀ ਭਾਰਤੀ, ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹਨ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਮੁਤਾਬਿਕ ਵਿੱਤੀ ਸਾਲ 2021-22 ਦੌਰਾਨ ਅਮਰੀਕੀ ਅਧਿਕਾਰੀਆਂ ਦਾ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਏ 63,927 ਭਾਰਤੀਆਂ ਨਾਲ ਸਾਹਮਣਾ ਹੋਇਆ, ਜਿਹੜੇ ਕਿ ਪਿਛਲੇ ਵਿੱਤੀ ਸਾਲ ਨਾਲੋਂ ਜ਼ਿਆਦਾ ਸਨ। ਅਮਰੀਕਾ ਦੀਆਂ ਸਰਹੱਦਾਂ ਪੈਦਲ ਪਾਰ ਕਰਨ ਵਾਲੇ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦੀ ਗਿਣਤੀ ਵਿੱਚ ਕਮਾਲ ਦਾ ਵਾਧਾ ਰਿਹਾ ਹੈ। ਇਸ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਰਿਕਾਰਡ ਗਿਣਤੀ ਵਿੱਚ 96,917 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ 2019 ਤੋਂ 2020 ਦੀ ਇਸੇ ਮਿਆਦ ਦੇ ਮੁਕਾਬਲੇ ਪੰਜ ਗੁਣਾ ਵਧੇਰੇ ਹਨ। ਹਰ ਮਹੀਨੇ ਔਸਤਨ 8000 ਭਾਰਤੀ ਗ੍ਰਿਫ਼ਤਾਰ ਕੀਤੇ ਜਾ ਰਹੇ ਸਨ ਅਤੇ ਅਪਰੈਲ 2023 ਵਿੱਚ ਸਭ ਤੋਂ ਵੱਧ 12,537 ਗ੍ਰਿਫ਼ਤਾਰੀਆਂ ਦਰਜ ਕੀਤੀਆਂ ਗਈਆਂ। ਇਸ ਰਿਕਾਰਡ ਗਿਣਤੀ ਦੇ ਬਾਵਜੂਦ, ਅਮਰੀਕੀ ਸਰਹੱਦਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਗ਼ੈਰ-ਕਾਨੂੰਨੀ ਢੰਗ ਨਾਲ ਪੁੱਜੇ ਭਾਰਤੀਆਂ ਦੇ ਅੰਕੜੇ ਹੋਰ ਦੇਸ਼ਾਂ, ਖ਼ਾਸਕਰ ਲਾਤੀਨੀ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹਨ। ਉਦਾਹਰਣ ਵਜੋਂ, ਇਸੇ ਸਮੇਂ ਦੌਰਾਨ 7.35 ਲੱਖ ਮੈਕਸਿਕਨ ਅਤੇ 2.16 ਲੱਖ ਹਾਂਡੂਰਾਸ ਦੇ ਵਿਅਕਤੀ ਫੜੇ ਗਏ ਸਨ।
ਅਸਾਧਾਰਨ ਮੂਲ ਦੇਸ਼ਾਂ ਤੋਂ ਵਧ ਰਹੀ ਗ਼ੈਰ-ਕਾਨੂੰਨੀ ਆਮਦ ਕਰਕੇ ਅਮਰੀਕਾ ਵਿੱਚ ਅਣਅਧਿਕਾਰਤ ਪਰਵਾਸ ਇੱਕ ਨਿਰੰਤਰ ਚੁਣੌਤੀ ਅਤੇ ਪ੍ਰਮੁੱਖ ਮੁੱਦਾ ਬਣਿਆ ਰਿਹਾ ਹੈ। ਸਾਲ 2022 ਵਿੱਚ ਅਮਰੀਕਾ-ਮੈਕਸਿਕੋ ਸਰਹੱਦ ’ਤੇ ਸਭ ਤੋਂ ਵੱਧ ਰਿਕਾਰਡ 24 ਲੱਖ ਮੁਕਾਬਲੇ ਹੋਏ। ਇਨ੍ਹਾਂ ਵਿੱਚ ਬਹੁਤ ਸਾਰੇ ਪਰਵਾਸੀ ਅਜਿਹੇ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਈ ਵਾਰ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਕਈ ਸਾਲਾਂ ਤੋਂ ਜ਼ਿਆਦਾਤਰ ਅਜਿਹੇ ਅਨਿਯਮਿਤ ਪਰਵਾਸੀ ਲਾਤੀਨੀ-ਅਮਰੀਕੀ ਦੇਸ਼ਾਂ ਮੈਕਸਿਕੋ, ਗੁਆਟੇਮਾਲਾ, ਅਲ-ਸਲਵਾਡੋਰ ਅਤੇ ਹਾਂਡੂਰਸ ਵਰਗੇ ਦੇਸ਼ਾਂ ਤੋਂ ਆ ਰਹੇ ਸਨ। ਪਰ ਸਾਲ 2022 ਵਿੱਚ ਪਹਿਲੀ ਵਾਰ ਵੈਨੇਜ਼ੁਏਲਾ, ਕਿਊਬਾ ਅਤੇ ਨਿਕਾਰਾਗੁਆ ਦੇ ਬੋਲੀਵਾਰੀਅਨ ਗਣਰਾਜ ਦੇ ਪਰਵਾਸੀਆਂ ਨਾਲ ਵਧੇਰੇ ਮੁਕਾਬਲੇ ਹੋਏ ਸਨ। ਹੈਤੀ, ਬ੍ਰਾਜ਼ੀਲ ਅਤੇ ਇਸ ਖੇਤਰ ਤੋਂ ਬਾਹਰਲੇ ਦੇਸ਼ਾਂ ਜਿਵੇਂ ਕਿ ਭਾਰਤ ਅਤੇ ਯੂਕਰੇਨ ਤੋਂ ਵੀ ਬਹੁਤ ਸਾਰੇ ਪਰਵਾਸੀ ਆ ਰਹੇ ਸਨ।
ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਹਾਲ ਹੀ ਵਿੱਚ ਅਮਰੀਕਾ ਅਤੇ ਸਲਵਾਡੋਰ ਦੇ ਅਧਿਕਾਰੀਆਂ ਨੇ ਅਲ-ਸਲਵਾਡੋਰ ਵਿੱਚ ਚਾਰਟਰ ਜਹਾਜ਼ਾਂ ਦੀ ਲੈਂਡਿੰਗ ਦਾ ਇੱਕ ਅਸਾਧਾਰਨ ਰੁਝਾਨ ਦੇਖਿਆ ਹੈ, ਜਿਸ ਵਿੱਚ ਮੁੱਖ ਤੌਰ ’ਤੇ ਭਾਰਤੀ ਨਾਗਰਿਕ ਸਵਾਰ ਸਨ। ਇਹ ਹਵਾਈ ਜਹਾਜ਼ ਯਾਤਰੀਆਂ ਨਾਲ ਭਰੇ ਆਉਂਦੇ ਹਨ ਪਰ ਖਾਲੀ ਵਾਪਸ ਰਵਾਨਾ ਹੁੰਦੇ ਹਨ। ਇੱਥੋਂ ਤੱਕ ਕਿ ਕਈ ਵਿਅਕਤੀ ਹਫ਼ਤਿਆਂ ਬੱਧੀ- ਲੰਮੀ ਯਾਤਰਾ ਵਾਸਤੇ ਸਿਰਫ਼ ਇੱਕ ਬੈਕਪੈਕ ਨਾਲ ਲੈ ਕੇ ਜਾਣ ਦੇ ਬਾਵਜੂਦ ਸੈਲਾਨੀ ਹੋਣ ਦਾ ਦਾਅਵਾ ਕਰਦੇ ਹਨ। ਬਾਅਦ ਦੀ ਜਾਂਚ ਤੋਂ ਪਤਾ ਲੱਗਾ ਕਿ ਇਹ ਚਾਰਟਰ ਯਾਤਰੀਆਂ ਵਿੱਚੋਂ ਲਗਭਗ ਸਾਰੇ ਅਲ-ਸਲਵਾਡੋਰ ਵਿੱਚ ਉਤਰਨ ਤੋਂ ਬਾਅਦ ਸਰਹੱਦ ਪਾਰ ਕਰ ਕੇ ਅਮਰੀਕਾ ਵਿੱਚ ਜਾ ਰਹੇ ਸਨ। ਇਹ ਵਰਤਾਰਾ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਆਵਾਸ ਦੇ ਇੱਕ ਨਵੇਂ ਮਾਰਗ ਨੂੰ ਦਰਸਾਉਂਦਾ ਹੈ। ਲਾਤੀਨੀ ਅਮਰੀਕਾ ਤੋਂ ਬਾਹਰਲੇ ਖੇਤਰਾਂ ਦੇ ਆ ਰਹੇ ਜ਼ਿਆਦਾਤਰ ਪਰਵਾਸੀ ਯਾਤਰਾ ਪੈਕੇਜਾਂ ਲਈ ਤਸਕਰਾਂ ਦੇ ਨੈੱਟਵਰਕ ਨੂੰ ਮੋਟੀ ਰਕਮ ਅਦਾ ਕਰ ਰਹੇ ਹਨ ਜਿਸ ਵਿੱਚ ਮੱਧ ਅਮਰੀਕਾ ਲਈ ਹਵਾਈ ਉਡਾਣਾਂ ਵਾਸਤੇ ਏਅਰਲਾਈਨ ਟਿਕਟਾਂ ਦੇ ਨਾਲ-ਨਾਲ ਅਮਰੀਕਾ-ਮੈਕਸਿਕੋ ਸਰਹੱਦ ਦੇ ਰਸਤੇ ਵਿੱਚ ਬੱਸਾਂ ਅਤੇ ਹੋਟਲਾਂ ਵਿੱਚ ਰਿਹਾਇਸ਼ ਦੇ ਖਰਚੇ ਵਗੈਰਾ ਸ਼ਾਮਲ ਹਨ। ਇੱਥੋਂ ਤੱਕ ਕਿ ਕੁਝ ਚਾਰਟਰ ਟਰਾਂਸਪੋਰਟੇਸ਼ਨ ਕੰਪਨੀਆਂ ਵੀ ਬਹੁਤ ਜ਼ਿਆਦਾ ਕੀਮਤਾਂ ਵਸੂਲ ਕਰਕੇ ਅਮਰੀਕਾ ਵਿੱਚ ਅਨਿਯਮਿਤ ਪਰਵਾਸ ਦੀ ਸਹੂਲਤ ਦੇ ਕੇ ਕਮਜ਼ੋਰ ਪਰਵਾਸੀਆਂ ਦਾ ਸੋਸ਼ਣ ਕਰ ਰਹੀਆਂ ਹਨ।
ਨਤੀਜਨ, ਦੱਖਣ-ਪੱਛਮੀ ਅਮਰੀਕੀ ਸਰਹੱਦ ’ਤੇ ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਗਿਣਤੀ ਤਾਂ ਪਿਛਲੇ ਵਿੱਤੀ ਸਾਲ ਦੇ ਰਿਕਾਰਡ ਉੱਚ ਪੱਧਰ ਦੋ ਮਿਲੀਅਨ ਤੋਂ ਵੀ ਵੱਧ ’ਤੇ ਪਹੁੰਚ ਗਈ ਹੈ। ਇਹ ਆਗਾਮੀ ਨਵੰਬਰ ਵਿੱਚ ਹੋਣ ਜਾ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਇੱਕ ਮਹੱਤਵਪੂਰਨ ਵਿਸ਼ਾ ਬਣਿਆ ਹੋਇਆ ਹੈ। ਯੂਐੱਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਅਨੁਸਾਰ ਵਿੱਤੀ ਸਾਲ 2023 ਵਿੱਚ ਲਗਭਗ 1,88,000 ਵਿਅਕਤੀਆਂ ਭਾਵ ਨੌ ਫ਼ੀਸਦੀ ਅਨਿਯਮਿਤ ਦਾਖ਼ਲਿਆਂ ਵਿੱਚ ਗ਼ੈਰ-ਲਾਤੀਨੀ ਅਮਰੀਕੀ ਪਰਵਾਸੀ ਸ਼ਾਮਲ ਸਨ ਜਦੋਂਕਿ ਇੱਕ ਦਹਾਕਾ ਪਹਿਲਾਂ ਗ਼ੈਰ-ਲਾਤੀਨੀ ਅਮਰੀਕੀ ਪਰਵਾਸੀਆਂ ਦੀ ਅਨਿਯਮਿਤ ਸਰਹੱਦੀ ਆਮਦ ਦਾ ਸਿਰਫ਼ ਇੱਕ ਫ਼ੀਸਦੀ ਸੀ। ਪਿਛਲੇ ਸਾਲ ਸਰਹੱਦ ’ਤੇ ਸਾਹਮਣਾ ਕਰਨ ਵਾਲੇ ਗ਼ੈਰ-ਅਮਰੀਕੀ ਨਾਗਰਿਕਾਂ ਵਿੱਚੋਂ ਸਭ ਤੋਂ ਵੱਡਾ ਸਮੂਹ ਲਗਭਗ 42,000 ਭਾਰਤੀ ਨਾਗਰਿਕਾਂ ਦਾ ਸੀ। ਇਸ ਤੋਂ ਇਲਾਵਾ 15 ਹੋਰ ਪੱਛਮੀ ਅਫ਼ਰੀਕੀ ਦੇਸ਼ਾਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸੇਨੇਗਲ ਅਤੇ ਮੌਰਟਾਨੀਆ ਸ਼ਾਮਿਲ ਸਨ, ਤੋਂ 39,700 ਹੋਰ ਪਰਵਾਸੀਆਂ ਨੇ ਆਮਦ ਕੀਤੀ।
ਦੂਸਰੇ ਪਾਸੇ, ਅਮਰੀਕੀ ਪ੍ਰਸ਼ਾਸਨ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਆਮਦ ਨਾਲ ਨਜਿੱਠਣ ਲਈ ਖੇਤਰੀ ਸਰਕਾਰਾਂ ਅਤੇ ਟਰੈਵਲ ਕੰਪਨੀਆਂ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਚਾਰਟਰ ਏਅਰਲਾਈਨਾਂ ਤੇ ਹੋਰ ਸ਼ੱਕੀ ਸੰਸਥਾਵਾਂ ਦੇ ਮਾਲਕਾਂ ਅਤੇ ਕਾਰਜਕਾਰੀ ਅਧਿਕਾਰੀਆਂ ਦੇ ਯੂਐੱਸ ਵੀਜ਼ਾ ਰੱਦ ਕਰਨ ਤੱਕ ਵਰਗੇ ਕੁਝ ਸਖ਼ਤ ਕਦਮ ਵੀ ਉਠਾ ਚੁੱਕਾ ਹੈ। ਯੂਐੱਸ ਸਰਕਾਰ ਦੇ ਅੰਕੜਿਆਂ ਮੁਤਾਬਿਕ ਗੁਆਂਢੀ ਮੈਕਸਿਕੋ ਸਰਕਾਰ ਦੁਆਰਾ ਅਮਰੀਕੀ ਸਰਹੱਦ ਵੱਲ ਸਖ਼ਤੀ ਵਰਤਣ ਕਰਕੇ ਦਸੰਬਰ 2023 ਦੇ ਮੁਕਾਬਲੇ ਅਪਰੈਲ 2024 ਵਿੱਚ ਸਰਹੱਦੀ ਆਮਦ ਵਿੱਚ 48 ਫ਼ੀਸਦੀ ਕਮੀ ਆਈ ਹੈ। ਇਸ ਤੋਂ ਇਲਾਵਾ, ਅਲ ਸਲਵਾਡੋਰ ਸਰਕਾਰ ਵੱਲੋਂ ਅਕਤੂਬਰ 2023 ਤੋਂ ਭਾਰਤ ਅਤੇ ਕਈ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਅਤੇ ਟ੍ਰਾਂਜ਼ਿਟ ਫੀਸ 1000 ਅਮਰੀਕੀ ਡਾਲਰ ਵਧਾ ਦਿੱਤੀ, ਜਿਸ ਨਾਲ ਸੈਨ ਸਲਵਾਡੋਰ ਤੋਂ ਲੰਘਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਆਈ ਹੈ। ਫਿਰ ਵੀ ਜਦੋਂ ਕਿਤੇ ਗ਼ੈਰ-ਕਾਨੂੰਨੀ ਪਰਵਾਸ ਲਈ ਕੋਈ ਰਸਤਾ ਰੁਕਦਾ ਹੈ ਤਾਂ ਅਜਿਹੇ ਪਰਵਾਸੀ ਕੋਈ ਹੋਰ ਨਵਾਂ ਰਸਤਾ ਲੱਭ ਲੈਂਦੇ ਹਨ।
ਸੰਪਰਕ: 94637-63331

Advertisement
Advertisement