ਰੇਲਵੇ ਸਟੇਸ਼ਨ, ਪੁਤਲੀ ਘਰ ਤੇ ਛੇਹਰਟਾ ਦੇ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਦਸੰਬਰ
ਟਰੈਫਿਕ ਪੁਲੀਸ ਵੱਲੋਂ ਨਜਾਇਜ਼ ਕਬਜ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਪੁਲੀਸ ਨੇ ਰੇਲਵੇ ਸਟੇਸ਼ਨ, ਪੁਤਲੀ ਘਰ ਬਾਜ਼ਾਰ ਅਤੇ ਛੇਹਰਟਾ ਦੇ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਇਸ ਮਾਮਲੇ ਵਿੱਚ ਵਧੀਕ ਉਪ ਪੁਲੀਸ ਕਮਿਸ਼ਨਰ ਅਮਨਦੀਪ ਕੌਰ ਦੀ ਅਗਵਾਈ ਹੇਠ ਟਰੈਫਿਕ ਪੁਲੀਸ ਦੀ ਟੀਮ ਨੇ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਵਿੱਚ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਨਾਜਾਇਜ਼ ਕਬਜ਼ੇ ਖਤਮ ਕੀਤੇ ਜਾਣ। ਇਸ ਦੇ ਤਹਿਤ ਟਰੈਫਿਕ ਪੁਲੀਸ ਵੱਲੋਂ ਨਾਜਾਇਜ਼ ਕਬਜ਼ੇ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਛੇੜੀ ਗਈ ਹੈ। ਇਸ ਸੰਬੰਧ ਵਿੱਚ ਅੱਜ ਰੇਲਵੇ ਸਟੇਸ਼ਨ ਨੇੜੇ ਲਬਿਰਟੀ ਮਾਰਕੀਟ, ਪੁਤਲੀ ਘਰ ਬਾਜ਼ਾਰ ਅਤੇ ਛੇਹਰਟਾ ਬਾਜ਼ਾਰ ਵਿੱਚ ਰੇੜੀ ਫੜ੍ਹੀ ਵਾਲਿਆਂ ਨੂੰ ਅਤੇ ਦੁਕਾਨਦਾਰਾਂ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਹਦਾਇਤ ਕੀਤੀ ਹੈ। ਇਨ੍ਹਾਂ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਵੀ ਗਏ ਹਨ। ਲੋਕਾਂ ਅਤੇ ਖਾਸ ਕਰ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਾਮਾਨ ਸੜਕਾਂ ਦੇ ਬਾਹਰ ਨਾ ਲਗਾਉਣ। ਇਸੇ ਤਰ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਸੜਕਾਂ ’ਤੇ ਨਾ ਖੜੇ ਕਰਨ ਸਗੋਂ ਸੜਕ ’ਤੇ ਵਾਹਨ ਖੜੇ ਕਰਨ ਲਈ ਬਣਾਈ ਗਈ ਵਿਸ਼ੇਸ਼ ਪਾਰਕਿੰਗ ਵਾਲੀ ਥਾਂ ਵਿੱਚ ਹੀ ਵਾਹਨਾਂ ਨੂੰ ਖੜਾ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਟਰੈਫਿਕ ਆਵਾਜਾਈ ਵਿੱਚ ਕੋਈ ਵਿਘਨ ਨਾ ਆਵੇ।