ਚੀਮਾ ਚੌਕ ਫਲਾਈਓਵਰ ਹੇਠ ਨਾਜਾਇਜ਼ ਕਬਜ਼ੇ ਹਟਾਏ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਦਸੰਬਰ
ਸਰਕਾਰੀ ਜ਼ਮੀਨਾਂ ’ਤੇ ਕਬਜ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਨਗਰ ਨਿਗਮ ਨੇ ਅੱਜ ਚੀਮਾ ਚੌਕ ਹੇਠ ਸਥਾਪਤ ਸਟਾਲਾਂ ਤੇ ਖੋਖਿਆਂ ਦੇ ਰੂਪ ਵਿੱਚ ਇੱਕ ਦਰਜਨ ਤੋਂ ਵੱਧ ਕਬਜ਼ਿਆਂ ਨੂੰ ਹਟਾ ਦਿੱਤਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਿਛਲੇ ਸਮੇਂ ਵਿੱਚ ਪੁਲ ਦੇ ਹੇਠਾਂ ਸਟਾਲ, ਖੋਖੇ ਅਲਾਟ ਕੀਤੇ ਗਏ ਸਨ ਪਰ ਕਈ ਖੋਖਿਆਂ ਦੀਆਂ ਥਾਵਾਂ ਹਾਲੇ ਅਲਾਟ ਕੀਤੀਆਂ ਜਾਣੀਆਂ ਹਨ।
ਇਨ੍ਹਾਂ ਦੁਕਾਨਦਾਰਾਂ ਤੇ ਹੋਰਨਾਂ ਲੋਕਾਂ ਨੇ ਇਨ੍ਹਾਂ ਥਾਵਾਂ ’ਤੇ ਕਬਜ਼ਾ ਕਰ ਲਿਆ ਸੀ। ਜ਼ੋਨਲ ਕਮਿਸ਼ਨਰ (ਜ਼ੋਨ ਬੀ) ਨੀਰਜ ਜੈਨ ਅਤੇ ਸੁਪਰਡੈਂਟ ਰਾਜੀਵ ਭਾਰਦਵਾਜ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿਛਲੇ ਹਫ਼ਤੇ ਵੀ ਦਰਜਨ ਦੇ ਕਰੀਬ ਕਬਜ਼ਿਆਂ ਨੂੰ ਢਾਹਿਆ ਗਿਆ ਸੀ।
ਕੁਝ ਕਬਜ਼ਾਕਾਰ ਮੁੜ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਹੁਣ ਕਬਜ਼ਿਆਂ ਨੂੰ ਹਟਾਉਣ ਲਈ ਇਲਾਕੇ ਵਿਚ ਲਗਾਤਾਰ ਮੁਹਿੰਮ ਚਲਾਈਆਂ ਜਾ ਰਹੀਆਂ ਹਨ। ਕਬਜ਼ੇਕਾਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਦੁਬਾਰਾ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।