ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਪੱਤਰ ਪ੍ਰੇਰਕ
ਪਠਾਨਕੋਟ, 7 ਜੁਲਾਈ
ਪਠਾਨਕੋਟ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ’ਤੇ ਕਬਜ਼ਾ ਕਰ ਕੇ ਲਗਾਏ ਗਏ ਸਾਮਾਨ ਨੂੰ ਹਟਾਉਣ ਲਈ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਖੁਦ ‘ਨਾਜਾਇਜ਼ ਕਬਜ਼ੇ ਹਟਾਉਣ’ ਦੀ ਮੁਹਿੰਮ ਦੀ ਅਗਵਾਈ ਕੀਤੀ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਸਾਮਾਨ ਕਬਜ਼ੇ ਵਿੱਚ ਲੈ ਕੇ ਫੁਟਪਾਥਾਂ ਨੂੰ ਖਾਲੀ ਕਰਵਾਇਆ। ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਜੀਤ ਸਿੰਘ, ਸੈਨੇਟਰੀ ਚੀਫ ਡਾ. ਐੱਨ ਕੇ ਸਿੰਘ, ਸਫਾਈ ਕਰਮਚਾਰੀਆਂ ਦੇ ਪ੍ਰਧਾਨ ਰਮੇਸ਼ ਕੱਟੋ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਏਪੀਕੇ ਰੋਡ ਤੋਂ ਪੈਦਲ ਹੀ ਘੁੰਮਦੇ ਹੋਏ ਡਾਕਖਾਨਾ ਚੌਕ, ਗਾਂਧੀ ਚੌਕ, ਵਾਲਮੀਕ ਚੌਕ, ਲਾਈਟਾਂ ਵਾਲੇ ਚੌਕ ਆਦਿ ਕਰੀਬ ਤਿੰਨ ਕਿਲੋਮੀਟਰ ਤੱਕ ਫੁਟਪਾਥਾਂ ’ਤੇ ਲਗਾਏ ਗਏ ਸਾਮਾਨ ਨੂੰ ਕਬਜ਼ੇ ਵਿੱਚ ਲਿਆ ਗਿਆ।
ਨਾਜਾਇਜ਼ ਉਸਾਰੀਆਂ ਢਾਹੀਆਂ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਨਗਰ ਯੋਜਨਾਕਾਰ ਦੇ ਰੈਗੂਲੇਟਰੀ ਸਟਾਫ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਅਗਵਾਈ ਹੇਠ ਨਗਰ ਨਿਗਮ ਹੁਸ਼ਿਆਰਪੁਰ ਦੀ ਹੱਦ ਤੋਂ ਬਾਹਰ ਪੰਜ ਅਣ-ਅਧਿਕਾਰਤ ਕਲੋਨੀਆਂ ਨੂੰ ਢਾਹ ਦਿੱਤਾ ਗਿਆ। ਜ਼ਿਲ੍ਹਾ ਯੋਜਨਾਕਾਰ ਨਵਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਵਿਭਾਗ ਵਲੋਂ ਕਾਰਵਾਈ ਕਰਦਿਆਂ ਅੱਜ ਪਿੰਡ ਚੌਹਾਲ ’ਚ ਦੋ, ਪਿੰਡ ਸਟਿਆਣਾ, ਮੱਛਰੀਵਾਲ, ਬੂਰੇ ਜੱਟਾਂ ਤੇ ਚੌਹਾਲ ’ਚ ਇਕ-ਇਕ ਅਣ-ਅਧਿਕਾਰਤ ਕਲੋਨੀ ਢਾਹ ਦਿੱਤੀ ਗਈ ਹੈ। ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣ-ਅਧਿਕਾਰਤ ਕਲੋਨੀਆਂ ਵਿਚ ਪਲਾਟ ਨਾ ਖਰੀਦਣ।