ਗ਼ੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ: ਅਣਮਨੁੱਖੀ ਤਸ਼ੱਦਦ ਮਾਮਲੇ ’ਚ ਸੱਤ ਖ਼ਿਲਾਫ਼ ਕੇਸ ਦਰਜ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੁਲਾਈ
ਇਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ਵਿੱਚ ਚੱਲ ਰਹੇ ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜ਼ਾਂ ਉੱਤੇ ਅਣਮਨੁੱਖੀ ਤਸ਼ੱਦਦ ਮਾਮਲੇ ’ਚ ਕੇਂਦਰ ਸੰਚਾਲਕ ਸਣੇ 7 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ਵਿੱਚ ਨਿਹਾਲ ਸਿੰਘ ਵਾਲਾ ਦੇ ਇੱਕ ਯੂ-ਟਿਊੁਬਰ ਪੱਤਰਕਾਰ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਇੱਕ ਮਰੀਜ਼ ਦੇ ਬਿਆਨ ’ਤੇ ਕੇਂਦਰ ਸੰਚਾਲਕ ਗੈਰੀ ਅਰੋੜਾ ਵਾਸੀ ਮੋਗਾ, ਕਰਤਾਰ ਸਿੰਘ, ਅਜੇ ਕੁਮਾਰ, ਦੋਵੇਂ ਪਿੰਡ ਸ਼ਾਮਗੜ੍ਹ (ਸਮਰਾਲਾ), ਰਾਜਾ ਵਾਸੀ ਸਮਰਾਲਾ, ਹਰਮਨ ਸਿੰਘ ਵਾਸੀ ਜਗਰਾਓਂ, ਜੋਤ ਵਾਸੀ ਰਾਏਕੋਟ, ਅਰਸ਼ ਵਾਸੀ ਬਾਘਾਪੁਰਾਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮਰੀਜ਼ ਵੱਲੋਂ ਆਪਣੇ ਬਿਆਨ ਵਿੱਚ ਤਿੰਨ ਨੌਜਵਾਨਾਂ ਦੀ ਕੇਂਦਰ ’ਚ ਹੋਈ ਮੌਤ ਅਤੇ ਯੂ-ਟਿਊੁਬਰ ਪੱਤਰਕਾਰ ’ਤੇ ਲਗਾਏ ਗਏ ਦੋਸ਼ਾਂ ਬਾਰੇ ਜਾਂਚ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਮਰੀਜ਼ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਨਸ਼ਾ ਮੁਕਤੀ ਕੇਂਦਰ ਪ੍ਰਬੰਧਕਾਂ ’ਤੇ ਨਸ਼ਾ ਵੇਚਣ ਵਰਗੇ ਗੰਭੀਰ ਦੋਸ਼ ਵੀ ਲਗਾਏ ਹਨ। ਇੱਥੋਂ ਨਸ਼ਾ ਵੇਚਣ ਲਈ ਵਰਤਿਆ ਜਾਂਦਾ ਡਿਜੀਟਲ ਕੰਡਾ ਵੀ ਮਿਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੁੰ ਡਰਾ ਧਮਕਾ ਕੇ ਰੱਖਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਜੇ ਕਿਸੇ ਨੇ ਮੀਡੀਆ ਸਾਹਮਣੇ ਕੇਂਦਰ ਬਾਰੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਨਾਲ ਬਹੁਤ ਭੈੜਾ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਥੇ ਮਰੀਜ਼ਾਂ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾ ਰਿਹਾ ਸੀ। ਮਰੀਜ਼ ਵੱਲੋਂ ਜਿਨ੍ਹਾਂ ਤਿੰਨ ਨੌਜਵਾਨਾਂ ਦੀ ਕੇਂਦਰ ’ਚ ਮੌਤ ਦੀ ਗੱਲ ਆਖੀ ਹੈ, ਉਨ੍ਹਾਂ ਵਿੱਚੋਂ ਇੱਕ ਨੌਜਵਾਨ ’ਤੇ ਕੇਂਦਰ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਦਾ ਸ਼ੱਕ ਕੀਤਾ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਛਾਪਾ ਮਾਰ ਕੇ ਬੰਦੀ ਬਣਾਏ 60 ਮਰੀਜ਼ਾਂ ਨੂੰ ਰਿਹਾਅ ਕਰਵਾਇਆ ਗਿਆ ਸੀ। ਮਗਰੋਂ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਸ ਕੇਂਦਰ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ।