ਗ਼ੈਰਕਾਨੂੰਨੀ ਉਸਾਰੀਆਂ ’ਤੇ ਰੋਕ ਲਾਈ ਜਾਵੇ: ਮੁੰਡੀਆਂ
ਗਗਨਦੀਪ ਅਰੋੜਾ
ਲੁਧਿਆਣਾ, 4 ਨਵੰਬਰ
ਜ਼ਿਲ੍ਹਾ ਲੁਧਿਆਣਾ ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੇ ਅਧਿਕਾਰੀਆਂ ਨਾਲ ਅੱਜ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਥਾਨਕ ਗਲਾਡਾ ਦਫ਼ਤਰ ਵਿੱਚ ਪਲੇਠੀ ਫੇਰੀ ਦੌਰਾਨ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਫ਼ ਤੌਰ ’ਤੇ ਗਲਾਡਾ ਅਧਿਕਾਰੀਆਂ ਨੂੰ ਗ਼ੈਰਕਾਨੂੰਨੀ ਉਸਾਰੀਆਂ ਤੇ ਗ਼ੈਰਕਾਨੂੰਨੀ ਕਲੋਨੀਆਂ ’ਤੇ ਜਲਦ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ। ਨਾਲ ਹੀ ਉਨ੍ਹਾਂ ਨੇ ਸਾਫ਼ ਤੌਰ ’ਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜੋ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਮੁੱਖ ਪ੍ਰਸ਼ਾਸਕ ਗਲਾਡਾ ਹਰਪ੍ਰੀਤ ਸਿੰਘ, ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਮਨ ਗੁਪਤਾ, ਵਨੀਤ ਕੁਮਾਰ ਆਦਿ ਮੌਜੂਦ ਸਨ।
ਕੈਬਨਿਟ ਮੰਤਰੀ ਮੁੰਡੀਆਂ ਨੇ ਮੀਟਿੰਗ ਦੌਰਾਨ ਗਲਾਡਾ ਦੇ ਵੱਖ-ਵੱਖ ਕਾਰਜਾਂ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਗਲਾਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਗਲਾਡਾ ਦੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਲੁਧਿਆਣਾ ਵਿੱਚ ਗਲਾਡਾ ਦੀ ਹਦੂਦ ਅੰਦਰ ਜੋ ਵੀ ਗ਼ੈਰਕਾਨੂੰਨੀ ਉਸਾਰੀਆਂ ਅਤੇ ਗ਼ੈਰਕਾਨੂੰਨੀ ਕਲੋਨੀਆਂ ਦੀ ਉਸਾਰੀ ਹੋ ਰਹੀ ਹੈ, ਉਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਨਾਜਾਇਜ਼ ਉਸਾਰੀਕਰਤਾ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਲੋਨਾਈਜ਼ਰਾਂ ਨੂੰ ਲਾਇਸੈਂਸ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਲੋਕਾਂ ਦਾ ਰੁਝਾਨ ਗ਼ੈਰਕਾਨੂੰਨੀ ਤੇ ਅਣ-ਅਧਿਕਾਰਤ ਕਲੋਨੀਆਂ ਤੋਂ ਹਟ ਕੇ ਅਧਿਕਾਰਿਤ ਕਲੋਨੀਆਂ ਵੱਲ ਵਧ ਸਕੇ।
ਇਸ ਤੋਂ ਇਲਾਵਾ ਇੰਜਨੀਅਰਿੰਗ ਬ੍ਰਾਂਚ ਨੂੰ ਹਦਾਇਤ ਕੀਤੀ ਗਈ ਕਿ ਗਲਾਡਾ ਵੱਲੋਂ ਸਥਾਪਿਤ ਕੀਤੀਆਂ ਸਾਈਟਾਂ ਵਿੱਚ ਪੈਂਦੇ ਪਾਰਕਾਂ ਦਾ ਨਿਰੰਤਰ ਰੱਖ ਰਖਾਅ ਕੀਤਾ ਜਾਵੇ ਤਾਂ ਜੋ ਲੋਕ ਇਨ੍ਹਾਂ ਪਾਰਕਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਗਲਾਡਾ ਦੀਆਂ ਖਾਲੀ ਸਾਈਟਾਂ ਦੀ ਡਿਵੈਲਪਮੈਂਟ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਤਾਂ ਜੋ ਉਨ੍ਹਾਂ ਦੀ ਨਿਲਾਮੀ ਕਰ ਕੇ ਸਰਕਾਰ ਦਾ ਮਾਲੀਆ ਵਧਾਇਆ ਜਾ ਸਕੇ।