ਜ਼ੀਰਕਪੁਰ ’ਚ ਨਾਜਾਇਜ਼ ਉਸਾਰੀਆਂ ਢਾਹੀਆਂ
ਹਰਜੀਤ ਸਿੰਘ
ਜ਼ੀਰਕਪੁਰ, 1 ਅਗਸਤ
ਹਾਈ ਕੋਰਟ ਦੇ ਹੁਕਮਾਂ ’ਤੇ ਜ਼ੀਰਕਪੁਰ ਵਿੱਚ ਇਕ ਹਫ਼ਤੇ ਵਿੱਚ ਦੂਜੀ ਵਾਰ ਪੀਲਾ ਪੰਜਾ ਚੱਲਿਆ ਹੈ। ਨਗਰ ਕੌਂਸਲ ਵੱਲੋਂ ਅੱਜ ਭਬਾਤ ਖੇਤਰ ਵਿੱਚ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ਵਿੱਚ 10 ਨਾਜਾਇਜ਼ ਉਸਾਰੀਆਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਨਗਰ ਕੌਂਸਲ ਵੱਲੋਂ ਚਲਾਈ ਮੁਹਿੰਮ ਦੀ ਅਗਵਾਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਢੋਟ ਵੱਲੋਂ ਕੀਤੀ ਗਈ ਜਦਕਿ ਕਾਨੂੰਨ-ਵਵਿਸਥਾ ਬਣਾਏ ਰੱਖਣ ਲਈ ਮੌਕੇ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।
ਨਗਰ ਕੌਂਸਲ ਵੱਲੋਂ ਹਾਈ ਕੋਰਟ ਦੇ ਹੁਕਮਾਂ ’ਤੇ ਇਸ ਖੇਤਰ ਵਿੱਚ ਸਰਵੇਖਣ ਕਰ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਘੇਰੇ ਵਿੱਚ ਆਉਣ ਵਾਲੀ ਨਾਜਾਇਜ਼ ਉਸਾਰੀ ਦਾ ਸਰਵੇਖਣ ਕਰ 314 ਪ੍ਰਾਪਰਟੀਆਂ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਅੱਜ ਦਸ ਉਸਾਰੀਆਂ ਨੂੰ ਤੋੜ ਦਿੱਤਾ ਗਿਆ ਜਿਨ੍ਹਾਂ ਵਿੱਚ ਗੁਦਾਮ ਅਤੇ ਦੁਕਾਨਾਂ ਸ਼ਾਮਲ ਸਨ। ਨਗਰ ਕੌਂਸਲ ਦੀ ਇਸ ਕਾਰਵਾਈ ਦਾ ਭਬਾਤ ਵਾਸੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ 100 ਮੀਟਰ ਦੇ ਘੇਰੇ ਵਿੱਚ ਮਾਲ ਮਹਿਕਮੇ ਵੱਲੋਂ ਰਜਿਸਟਰੀਆਂ ਕੀਤੀਆਂ ਗਈਆਂ ਸਨ, ਨਗਰ ਕੌਂਸਲ ਵੱਲੋਂ ਨਕਸ਼ੇ ਪਾਸ ਕੀਤੇ ਗਏ, ਪਾਵਰਕੌਮ ਵੱਲੋਂ ਬਿਜਲੀ ਦੇ ਕੁਨੈਕਸ਼ਨ ਦਿੱਤੇ ਗਏ ਜਿਸ ਮਗਰੋਂ ਉਨ੍ਹਾਂ ਵੱਲੋਂ ਉਸਾਰੀ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਇਨ੍ਹਾਂ ਨੂੰ ਨਾਜਾਇਜ਼ ਦੱਸਦੇ ਹੋਏ ਢਾਹ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਜਦ ਸਾਰੀ ਮਨਜ਼ੂਰੀ ਵੱਖ-ਵੱਖ ਵਿਭਾਗਾਂ ਨੇ ਦਿੱਤੀ ਹੈ ਤਾਂ ਇਹ ਉਸਾਰੀਆਂ ਨਾਜਾਇਜ਼ ਕਵਿੇਂ ਹੋ ਸਕਦੀ ਹੈ।
ਏਅਰਫੋਰਸ ਸਟੇਸ਼ਨ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਰਵਾਈ: ਕਾਰਜ ਸਾਧਕ ਅਫਸਰ
ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਕਿਹਾ ਕਿ ਸਰਵੇ ਦੌਰਾਨ 314 ਉਸਾਰੀਆਂ ਵਿੱਚੋਂ 231 ਉਸਾਰੀਆਂ 2011 ਤੋਂ ਪਹਿਲਾਂ ਅਤੇ 83 ਉਸਾਰੀ 2011 ਤੋਂ ਬਾਅਦ ਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਏਅਰ ਫੋਰਸ ਸਟੇਸ਼ਨ ਦੀ ਸੁਰੱਖਿਆ ਨੂੰ ਦੇਖਦਿਆਂ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੌਂਸਲ ਵੱਲੋਂ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਹੁਕਮਾਂ ’ਤੇ ਪੁਰਾਣੀ ਕਾਲਕਾ ਰੋਡ ’ਤੇ ਮੁਹਿੰਮ ਚਲਾ ਕੇ 31 ਉਸਾਰੀਆਂ ਤੋੜੀਆਂ ਗਈਆਂ ਹਨ।