ਨਰਕਾਤਾਰੀ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜਨਵਰੀ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈਵੇਨਿਊ ਅਸਟੇਟ ਪਿੰਡ ਨਰਕਾਤਾਰੀ ਵਿਚ ਨਾਜਾਇਜ਼ ਕਾਲੋਨੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਜ਼ਿਲ੍ਹਾ ਟਾਊਨ ਪਲਾਨਿੰਗ ਅਧਿਕਾਰੀ ਵਿਕਰਮ ਕੁਮਾਰ ਨੇ ਦੱਸਿਆ ਕਿ ਮਾਲ ਅਸਟੇਟ ਪਿੰਡ ਨਰਕਾਤਾਰੀ ਵਿਚ ਬਣੀ ਨਾਜਾਇਜ਼ ਕਾਲੋਨੀ ਵਿਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਾਜਾਇਜ਼ ਉਸਾਰੀ ਢਾਹੁਣ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪੁਲੀਸ ਦੀ ਮਦਦ ਨਾਲ ਮਾਲ ਅਸਟੇਟ ਪਿੰਡ ਨਰਕਾਤਾਰੀ ਵਿਚ 3.5 ਏਕੜ ਵਿਚ ਬਣ ਰਹੀ ਨਾਜਾਇਜ਼ ਕਲੋਨੀ ਵਿੱਚ ਕੱਚੇ ਰਸਤੇ, ਡੀਪੀਸੀ ਤੇ ਨਿਰਮਾਣ ਨੂੰ ਹਟਾਇਆ ਦਿੱਤਾ। ਵਿਭਾਗ ਨੂੰ ਮਾਲ ਅਸਟੇਟ ਪਿੰਡ ਨਰਕਾਤਾਰੀ ਵਿਚ ਗੈਰ-ਕਾਨੂੰਨੀ ਕਲੋਨੀ ਬਣਾਏ ਸਬੰਧੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਵਿਭਾਗ ਨੇ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਐੱਚਡੀਆਰ ਐਕਟ 1975 ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੇ ਨਾਂ ਤਾਂ ਨਾਜਾਇਜ਼ ਕਲੋਨੀ ਵਿਚ ਹੋ ਰਹੀ ਉਸਾਰੀ ਨੂੰ ਰੋਕਿਆ ਤੇ ਨਾ ਹੀ ਵਿਭਾਗ ਤੋਂ ਮਨਜ਼ੂਰੀ ਲਈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿਹਾ ਕਿ ਉਹ ਡੀਲਰਾਂ ਦੇ ਝਾਂਸੇ ਵਿਚ ਆ ਕੇ ਪਲਾਟ ਨਾ ਖ਼ਰੀਦਣ ਤੇ ਨਾ ਹੀ ਕਿਸੇ ਕਿਸਮ ਦੀ ਉਸਾਰੀ ਕਰਨ। ਜ਼ਮੀਨ ਖਰੀਦਣ ਤੋਂ ਪਹਿਲਾਂ ਉਹ ਡੀਟੀਪੀ ਦਫ਼ਤਰ ਤੋਂ ਕਲੋਨੀ ਦੀ ਮਨਜ਼ੂਰੀ ਸਬੰਧੀ ਜਾਣਕਾਰੀ ਜ਼ਰੂਰ ਹਾਸਲ ਕਰਨ। ਉਨ੍ਹਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗੈਰ -ਕਾਨੂੰਨੀ ਕਲੋਨੀ ਵਿਚ ਪਲਾਟ ਖ਼ਰੀਦਦਾ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ
ਰਤੀਆ (ਕੇਕੇ ਬਾਂਸਲ): ਐੱਸਡੀਐੱਮ ਜਗਦੀਸ਼ ਚੰਦਰ ਦੇ ਆਦੇਸ਼ ਅਤੇ ਸਕੱਤਰ ਸ਼ੁਭਮ ਕੁਮਾਰ ਦੇ ਮਾਰਗ ਦਰਸ਼ਨ ਵਿੱਚ ਗਠਿਤ ਨਗਰ ਕੌਂਸਲ ਦੀ ਟੀਮ ਨੇ ਸ਼ਹਿਰ ਦੇ ਮੁੱਖ ਮੇਨ ਬਾਜ਼ਾਰ ਤੋਂ ਇਲਾਵਾ ਪਾਲਿਕਾ ਬਾਜ਼ਾਰ ਅਤੇ ਹੋਰ ਮਾਰਕੀਟ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਨਗਰ ਕੌਂਸਲ ਦੀ ਟੀਮ ਨੇ ਕਈ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਜ਼ਬਤ ਕੀਤਾ ਅਤੇ ਵੀਡੀਓਗ੍ਰਾਫੀ ਵੀ ਬਣਾਈ। ਉਨ੍ਹਾਂ ਦੁਕਾਨਦਾਰਾਂ ਨੂੰ ਭਵਿੱਖ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਿਤਾਵਨੀ ਦਿੱਤੀ। ਸਕੱਤਰ ਸ਼ੁਭਮ ਕੁਮਾਰ ਵਲੋਂ ਸਫਾਈ ਇੰਚਾਰਜ ਓਂਕਾਰ ਸਿੰਘ, ਦਰੋਗਾ ਮੁਕੇਸ਼ ਕੁਮਾਰ, ਭੂਪ ਸਿੰਘ ਆਦਿ ਦੀ ਅਗਵਾਈ ਵਿਚ ਗਠਿਤ ਟੀਮ ਨੇ ਸ਼ਹਿਰ ਦੇ ਭਗਤ ਸਿੰਘ ਚੌਕ ਤੋਂ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦਾ ਪਤਾ ਚੱਲਦਿਆਂ ਉਨ੍ਹਾਂ ਦੁਕਾਨਦਾਰਾਂ ਨੂੰ ਭਾਜੜ ਪੈ ਗਈ ਜ। ਕਈ ਦੁਕਾਨਦਾਰਾਂ ਨੇ ਨਗਰ ਕੌਂਸਲ ਦੀ ਟੀਮ ਨੂੰ ਦੇਖਦਿਆਂ ਹੀ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਅੰਦਰ ਕਰ ਲਿਆ।