ਨਾਜਾਇਜ਼ ਉਸਾਰੀਆਂ: ਨਿਗਮ ਕਮਿਸ਼ਨਰ ਤੇ ਵਿਧਾਇਕਾ ਛੀਨਾ ਵੱਲੋਂ ਚੈਕਿੰਗ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਸਫ਼ਾਈ ਯਕੀਨੀ ਬਣਾਉਣ ਅਤੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਲੁਧਿਆਣਾ ਦੱਖਣੀ ਦੀ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਨਾਲ ਅੱਜ ਫੀਲਡ ਵਿੱਚ ਜਾ ਕੇ ਅਚਨਚੇਤ ਨਿਰੀਖਣ ਕੀਤਾ। ਨਗਰ ਨਿਗਮ ਦੇ ਜ਼ੋਨ ਬੀ ਅਤੇ ਸੀ ਅਧੀਨ ਆਉਂਦੇ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਸਫ਼ਾਈ ਯਕੀਨੀ ਬਣਾਉਣ ਅਤੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ। ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਕਰੀਬ ਚਾਰ ਘੰਟੇ ਫੀਲਡ ਵਿੱਚ ਰਹਿ ਕੇ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਅਤੇ ਵਿਧਾਇਕ ਛੀਨਾ ਨੇ ਸ਼ੇਰਪੁਰ ਕਲਾਂ, ਭਗਤ ਸਿੰਘ ਨਗਰ, ਰੇਲਵੇ ਕਲੋਨੀ, ਗੁਰੂ ਨਾਨਕ ਨਗਰ, 100 ਫੁੱਟੀ ਰੋਡ, ਕੰਗਣਵਾਲ, ਪਿੰਡ ਲੋਹਾਰਾ ਅਤੇ ਢੰਡਾਰੀ ਫਲਾਈਓਵਰ ਸਮੇਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ।
ਸ੍ਰੀ ਡੇਚਲਵਾਲ ਨੇ ਦੱਸਿਆ ਕਿ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਨਿਯਮਿਤ ਕਾਰਵਾਈ ਕਰਨ ਅਤੇ ਸਫ਼ਾਈ ਯਕੀਨੀ ਬਣਾਉਣ ਤੋਂ ਇਲਾਵਾ ਸਬੰਧਤ ਸਟਾਫ਼ ਨੂੰ ਕੰਪੈਕਟਰ ਸਾਈਟਾਂ ਤੋਂ ਕੂੜਾ ਚੁੱਕਣ ਅਤੇ ਸੜਕਾਂ ਦੇ ਡਿਵਾਈਡਰਾਂ ਦੀ ਢੁਕਵੀਂ ਸਾਂਭ-ਸੰਭਾਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਣਗੇ ਅਤੇ ਵਧੀਕ ਕਮਿਸ਼ਨਰ, ਜ਼ੋਨਲ ਕਮਿਸ਼ਨਰਾਂ ਆਦਿ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਵੀ ਆਪੋ-ਆਪਣੇ ਇਲਾਕਿਆਂ ’ਚ ਸਥਿਤੀ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੱਤ ਨਾਜਾਇਜ਼ ਇਮਾਰਤਾਂ ਅਤੇ ਇੱਕ ਗੈਰ-ਕਾਨੂੰਨੀ ਕਲੋਨੀ ਢਾਹੀ
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰੀਖਣ ਤੋਂ ਬਾਅਦ ਆਖ਼ਰ ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬ੍ਰਾਂਚ ਨੇ ਸੋਮਵਾਰ ਨੂੰ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਅਤੇ ਸੱਤ ਨਾਜਾਇਜ਼ ਇਮਾਰਤਾਂ ਅਤੇ ਇੱਕ ਨਾਜਾਇਜ਼ ਕਲੋਨੀ ਨੂੰ ਢਾਹ ਦਿੱਤਾ। ਸਹਾਇਕ ਟਾਊਨ ਪਲਾਨਰ (ਏ.ਟੀ.ਪੀ.) ਜਗਦੀਪ ਸਿੰਘ ਨੇ ਦੱਸਿਆ ਕਿ ਇਹ ਨਾਜਾਇਜ਼ ਇਮਾਰਤਾਂ ਅਤੇ ਕਲੋਨੀ ਕੰਗਣਵਾਲ ਅਤੇ ਢੰਡਾਰੀ ਇਲਾਕੇ ਵਿੱਚ ਬਣ ਰਹੀਆਂ ਸਨ।