For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ ਖੈਬਰ ਪਾਸ ਇਲਾਕੇ ’ਚ ਨਾਜਾਇਜ਼ ਉਸਾਰੀਆਂ ਢਾਹੀਆਂ

06:48 AM Aug 05, 2024 IST
ਦਿੱਲੀ ਦੇ ਖੈਬਰ ਪਾਸ ਇਲਾਕੇ ’ਚ ਨਾਜਾਇਜ਼ ਉਸਾਰੀਆਂ ਢਾਹੀਆਂ
ਦਿੱਲੀ ਦੇ ਖੈਬਰ ਪਾਸ ਇਲਾਕੇ ’ਚ ਨਾਜਾਇਜ਼ ਉਸਾਰੀਆਂ ਢਾਹੁੰਦੇ ਹੋਏ ਕਰਮਚਾਰੀ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਦਿਓਲ
ਨਵੀਂ ਦਿੱਲੀ, 4 ਅਗਸਤ
ਪ੍ਰਸ਼ਾਸਨ ਨੇ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਚਲਾਈ ਹੈ। ਸਿਵਲ ਲਾਈਨ ਦੇ ਖੈਬਰ ਦਰੇ ਨੇੜੇ 300 ਤੋਂ ਵੱਧ ਘਰਾਂ ਵਿੱਚੋਂ ਕਰੀਬ ਢਾਈ ਸੌ ਮਕਾਨਾਂ ਨੂੰ ਢਾਹੁਣ ਦੇ ਹੁਕਮ ਜਾਰੀ ਹੋਏ ਸਨ। ਇਸ ਤਹਿਤ ਅੱਜ ਸਵੇਰੇ ਵੱਡੀ ਗਿਣਤੀ ਵਿੱਚ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਬੁਲਡੋਜ਼ਰ ਲੈ ਕੇ ਪੁੱਜੇ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਭੂਮੀ ਅਤੇ ਵਿਕਾਸ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਜ਼ਮੀਨ ਉਸ ਦੀ ਜਾਇਦਾਦ ਹੈ। ਬੀਤੇ ਦਿਨ ਅਥਾਰਿਟੀ ਵੱਲੋਂ ਲੋਕਾਂ ਨੂੰ ਇੱਕ ਦਿਨ ਵਿੱਚ ਮਕਾਨ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਇੱਕ ਟੀਮ ਭਾਰੀ ਸਰੁੱਖਿਆ ਬਲਾਂ ਸਣੇ ਕਬਜ਼ੇ ਢਾਹੁਣ ਲਈ ਪੁੱਜੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਥੇ 50-60 ਸਾਲਾਂ ਤੋਂ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਮਕਾਨਾਂ ਨੂੰ ਨਾਜਾਇਜ਼ ਦੱਸ ਕੇ ਉਨ੍ਹਾਂ ਨੂੰ ਬੇਦਖਲ ਕੀਤਾ ਜਾ ਰਿਹਾ ਹੈ। ਰੌਂਦੀ ਹੋਈ ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਨੀ ਛੇਤੀ ਕਿਰਾਏ ’ਤੇ ਮਕਾਨ ਨਹੀਂ ਮਿਲ ਰਿਹਾ ਤੇ ਮਕਾਨਾਂ ਦੇ ਕਿਰਾਏ ਵੀ ਬਹੁਤ ਵੱਧ ਗਏ ਹਨ। ਇੱਥੇ ਕਰੀਬ ਇੱਕ ਹਜ਼ਾਰ ਪਰਿਵਾਰ ਰਹਿੰਦੇ ਸਨ, ਜਿਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਦਰਵਾਜ਼ੇ ਵੀ ਖੜਕਾਏ ਸਨ ਪਰ ਫ਼ੈਸਲਾ ਉਨ੍ਹਾਂ ਦੇ ਖ਼ਿਲਾਫ਼ ਗਿਆ ਜਿਸ ਕਰ ਕੇ ਬੀਤੇ ਦਿਨ ਜ਼ਮੀਨ ਮਹਿਕਮੇ ਵੱਲੋਂ ਮਕਾਨ ਖਾਲੀ ਕਰਨ ਲਈ ਹੁਕਮ ਦਿੱਤਾ ਗਿਆ ਸੀ। ਲੋਕ ਰਾਤ ਵੇਲੇ ਹੀ ਘਰਾਂ ਦੇ ਟੁੱਟਣ ਤੋਂ ਨਿਰਾਸ਼ ਸੜਕਾਂ ਉੱਪਰ ਰਹੇ। ਇਸੇ ਦੌਰਾਨ ਭੂਮੀ ਅਤੇ ਵਿਕਾਸ ਅਥਾਰਟੀ ਨੇ ਸਾਬਕਾ ਓਲੰਪੀਅਨ ਤੇ ਪੈਰਿਸ ਓਲੰਪਿਕ ’ਚ ਕਾਂਸੀ ਤਗਮੇ ਜੇਤੂ ਮਨੂ ਭਾਕਰ ਦੇ ਮੌਜੂਦਾ ਕੋਚ ਸਮਰੇਸ਼ ਜੰਗ ਦੇ ਮਕਾਨ ਨੂੰ ਫ਼ਿਲਹਾਲ ਨਾ ਤੋੜਨ ਦਾ ਫ਼ੈਸਲਾ ਕੀਤਾ ਗਿਆ ਹੈ। ਸਮਰੇਸ਼ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 5 ਅਗਸਤ ਨੂੰ ਹੋਵੇਗੀ। ਸਮਰੇਸ਼ ਨੇ ਮਕਾਨ ਖਾਲੀ ਕਰਨ ਲਈ ਦੋ ਮਹੀਨੇ ਦਾ ਸਮਾਂ ਮੰਗਿਆ ਹੈ ਤੇ ਤਰਕ ਦਿੱਤਾ ਕਿ ਦਿੱਲੀ ਵਿੱਚ ਉਸ ਕੋਲ ਹੋਰ ਮਕਾਨ ਨਹੀਂ ਹੈ। ਹਾਈਕੋਰਟ ਵੱਲੋਂ 112 ਮਕਾਨਾਂ ਨੂੰ ਰਾਹਤ ਦਿੱਤੀ ਹੈ। ਫੌਜ ਦੀ ਪ੍ਰੈੱਸ ਵਾਲੀ ਥਾਂ ਨੂੰ ਵੀ ਫਿਲਹਾਲ ਰਾਹਤ ਮਿਲੀ ਹੈ।

Advertisement

Advertisement
Advertisement
Author Image

Advertisement