For the best experience, open
https://m.punjabitribuneonline.com
on your mobile browser.
Advertisement

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

11:45 AM Apr 01, 2024 IST
ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੁਲਜ਼ਮ।
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 31 ਮਾਰਚ
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸਐੱਸਓਸੀ) ਮੁਹਾਲੀ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਮਨਜੋਤ ਸਿੰਘ ਵਾਸੀ ਚਕਰ, (ਲੁਧਿਆਣਾ), ਕੁਲਦੀਪ ਸਿੰਘ ਉਰਫ਼ ਮਾਣਕ ਵਾਸੀ ਪਿੰਡ ਲਹਿਰਾ, (ਲੁਧਿਆਣਾ), ਸੁਖਚੈਨ ਸਿੰਘ ਵਾਸੀ ਪਿੰਡ ਮੂਮ, ਬਰਨਾਲਾ ਅਤੇ ਸੰਦੀਪ ਸਿੰਘ ਵਾਸੀ ਪਿੰਡ ਭੈਣੀ ਗੁੱਜਰਾਂ (ਲੁਧਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 32 ਬੋਰ ਦੇ ਨੌਂ ਦੇਸੀ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਮੁਹਾਲੀ ਸਥਿਤ ਐੱਸਐੱਸਓਸੀ ਥਾਣੇ ਵਿੱਚ ਅਸਲਾ ਐਕਟ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਉਰਫ਼ ਮਾਣਕ ਅਤੇ ਗੁਰਮਨਜੋਤ ਸਿੰਘ ਸਾਲ 2016 ਵਿੱਚ ਲੁਧਿਆਣਾ ਜੇਲ੍ਹ ਵਿੱਚ ਇੱਕ-ਦੂਜੇ ਨੂੰ ਮਿਲੇ ਸਨ। ਦੋਵੇਂ ਅਪਰਾਧਿਕ ਪਿਛੋਕੜ ਵਾਲੇ ਹਨ। ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ ਦੀ ਕੋਸ਼ਿਸ਼, ਅਸਲਾ ਐਕਟ, ਲੁੱਟ-ਖੋਹ, ਚੋਰੀ ਵਰਗੇ ਕਈ ਪਰਚੇ ਦਰਜ ਹਨ ਅਤੇ ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਏ ਹੋਏ ਸਨ। ਮੁਲਜ਼ਮ ਗੁਰਮਨਜੋਤ ਸਾਲ 2022 ਦੌਰਾਨ ਲੁਧਿਆਣਾ ਜੇਲ੍ਹ ਵਿੱਚ ਮੱਧ ਪ੍ਰਦੇਸ਼ ਆਧਾਰਿਤ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਆਇਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸਐੱਸਓਸੀ) ਮੁਹਾਲੀ ਦੀਆਂ ਟੀਮਾਂ ਨੇ ਪਟਿਆਲਾ ਦੇ ਪਾਤੜਾਂ-ਖਨੌਰੀ ਰੋਡ ’ਤੇ ਨਾਕਾ ਲਾਇਆ।
ਇਸ ਦੌਰਾਨ ਪੁਲੀਸ ਨੇ ਚਿੱਟੇ ਰੰਗ ਦੀ ਸਵਿੱਫਟ ਕਾਰ ਵਿੱਚ ਸਵਾਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਨੌਂ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ। ਇਨ੍ਹਾਂ ਹਥਿਆਰਾਂ ਉੱਤੇ ‘ਸਟਾਰ’ ਦਾ ਨਿਸ਼ਾਨ ਬਣਿਆ ਹੋਇਆ ਸੀ।
ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵੀ ਜ਼ਬਤ ਕਰ ਲਈ ਹੈ। ਡੀਜੀਪੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਪੰਜਾਬ ਸਣੇ ਗੁਆਂਢੀ ਸੂਬਿਆਂ ਵਿੱਚ ਅਪਰਾਧਿਕ ਗਰੋਹਾਂ ਨੂੰ ਹਥਿਆਰ ਸਪਲਾਈ ਕਰਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਡੀਆਈਜੀ (ਕਾਉਂਟਰ ਇੰਟੈਲੀਜੈਂਸ) ਜੇ ਏਲੈਂਚੇਜ਼ੀਅਨ ਨੇ ਦੱਸਿਆ ਕਿ ਇਸ ਮਾਡਿਊਲ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਮੱਧ ਪ੍ਰਦੇਸ਼-ਆਧਾਰਿਤ ਹਥਿਆਰਾਂ ਦੇ ਤਸਕਰਾਂ ਦੀ ਪੈੜ ਨੱਪਣ ਲਈ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×