ਐੱਨਆਈਆਰਐੱਫ-2023 ਦੀ ਦਰਜਾਬੰਦੀ ’ਚ ਆਈਆਈਟੀ ਮਦਰਾਸ ਨੇ ਲਗਾਤਾਰ 5ਵੇਂ ਸਾਲ ਸਿਖ਼ਰ ’ਤੇ
ਨਵੀਂ ਦਿੱਲੀ, 5 ਜੂਨ
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਮਦਰਾਸ ਨੇ ‘ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ’-2023 ‘ਚ ਲਗਾਤਾਰ ਪੰਜਵੇਂ ਸਾਲ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, (ਆਈਆਈਐੱਸਸੀ) ਬੰਗਲੌਰ ਨੂੰ ਸਭ ਤੋਂ ਵਧੀਆ ਯੂਨੀਵਰਸਿਟੀ ਵਜੋਂ ਚੁਣਿਆ ਗਿਆ ਹੈ। ਸਿੱਖਿਆ ਮੰਤਰਾਲੇ ਨੇ ਦੱਸਿਆ ਕਿ ਆਈਆਈਐੱਸਸੀ ਬੰਗਲੌਰ ਨੂੰ ‘ਸਮੁੱਚੀ’ ਕਾਰਗੁਜ਼ਾਰੀ ਸ਼੍ਰੇਣੀ ਵਿੱਚ ਦੂਜਾ ਸਥਾਨ ਮਿਲਿਆ ਹੈ। ਇਸ ਤੋਂ ਬਾਅਦ ਆਈਆਈਟੀ ਦਿੱਲੀ ਦਾ ਨੰਬਰ ਆਉਂਦਾ ਹੈ। ਆਈਆਈਟੀ ਮਦਰਾਸ ਨੇ ਲਗਾਤਾਰ ਅੱਠਵੇਂ ਸਾਲ ਇੰਜਨੀਅਰਿੰਗ ਇੰਸਟੀਚਿਊਟਸ ਵਿੱਚ ਸਿਖਰ ‘ਤੇ ਹੈ। ਇਸ ਸ਼੍ਰੇਣੀ ਵਿੱਚ ਆਈਆਈਟੀ ਦਿੱਲੀ ਅਤੇ ਆਈਆਈਟੀ ਬੰਬੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਕਾਲਜਾਂ ਵਿੱਚੋਂ ਦਿੱਲੀ ਯੂਨੀਵਰਸਿਟੀ ਦਾ ਮਿਰਾਂਡਾ ਹਾਊਸ ਅਤੇ ਹਿੰਦੂ ਕਾਲਜ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ, ਜਦਕਿ ਪ੍ਰੈਜ਼ੀਡੈਂਸੀ ਕਾਲਜ ਚੇਨਈ ਤੀਜੇ ਸਥਾਨ ‘ਤੇ ਹੈ। ਆਈਆਈਐੱਸੀ ਬੰਗਲੌਰ ਨੂੰ ਖੋਜ ਦੇ ਖੇਤਰ ਵਿੱਚ ਸਰਵੋਤਮ ਸੰਸਥਾ ਵਜੋਂ ਦਰਜਾ ਦਿੱਤਾ ਗਿਆ ਹੈ, ਜਦੋਂ ਕਿ ਆਈਆਈਟੀ ਕਾਨਪੁਰ ਨੂੰ ਨਵੀਨਤਾ ਦੇ ਖੇਤਰ ਵਿੱਚ ਸਭ ਤੋਂ ਵਧੀਆ ਸੰਸਥਾ ਵਜੋਂ ਦਰਜਾ ਦਿੱਤਾ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਮੈਨੇਜਮੈਂਟ ਸੰਸਥਾਵਾਂ ਵਿੱਚੋਂ ਸਭ ਤੋਂ ਉੱਪਰ ਹੈ ਅਤੇ ਇਸ ਤੋਂ ਬਾਅਦ ਬੰਗਲੌਰ ਅਤੇ ਕੋਝੀਕੋਡ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹੈ। ਫਾਰਮੇਸੀ ਦੇ ਖੇਤਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਹੈਦਰਾਬਾਦ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ, ਜਾਮੀਆ ਹਮਦਰਦ ਅਤੇ ਬਿਟਸ ਪਿਲਾਨੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਬੰਗਲੌਰ ਕਾਨੂੰਨ ਦੇ ਖੇਤਰ ਵਿੱਚ ਸਿਖਰ ‘ਤੇ ਹੈ। ਇਸ ਤੋਂ ਬਾਅਦ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਅਤੇ ਐੱਨਏਐੱਲਐੱਸਏਆਰ ਯੂਨੀਵਰਸਿਟੀ ਆਫ਼ ਲਾਅ ਹੈਦਰਾਬਾਦ ਹੈ ਦਾ ਨੰਬਰ ਹੈ।