ਆਈਆਈਐੱਮ ਵਿਦਿਆਰਥੀਆਂ ਨੇ ਮੈੱਸ ’ਚ ਸੌਂ ਕੇ ਰੋਸ ਪ੍ਰਗਟਾਇਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਜੂਨ
ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐੱਮ) ਦੇ ਵਿਦਿਆਰਥੀਆਂ ਵੱਲੋਂ ਹੋਸਟਲ ਵਿੱਚ ਏਅਰ ਕੰਡੀਸ਼ਨਰ ਨਾ ਹੋਣ ਦੇ ਰੋਸ ਵਜੋਂ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਹੋਸਟਲ ਵਿੱਚ ਏਅਰ ਕੰਡੀਸ਼ਨਰ ਨਾ ਹੋਣ ਕਾਰਨ ਵਿਦਿਆਰਥੀ ਹੋਸਟਲ ਦੀ ਮੈੱਸ ਵਿੱਚ ਸੁੱਤੇ ਹਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਹੈ।
ਦੱਸਣਯੋਗ ਹੈ ਕਿ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੀ ਇਹ ਇਕੱਲੀ ਸੰਸਥਾ ਪੰਜਾਬ ਵਿੱਚ ਸਿਰਫ਼ ਅੰਮ੍ਰਿਤਸਰ ਵਿੱਚ ਹੈ ਜੋ ਅਕਾਲੀ ਭਾਜਪਾ ਸਰਕਾਰ ਵੇਲੇ ਸਥਾਪਤ ਕੀਤੀ ਗਈ ਸੀ। ਇਸ ਸੰਸਥਾ ਵਿੱਚ ਦੇਸ਼ ਭਰ ਤੋਂ ਵਿਦਿਆਰਥੀ ਮੈਨੇਜਮੈਂਟ ਕੋਰਸ ਕਰਨ ਵਾਸਤੇ ਦਾਖਲਾ ਲੈਂਦੇ ਹਨ। ਅੱਜ-ਕੱਲ੍ਹ ਵੀ 45 ਤੋਂ 48 ਡਿਗਰੀ ਸੈਲਸੀਅਸ ਦੇ ਵਿਚਾਲੇ ਤਾਪਮਾਨ ਚੱਲ ਰਿਹਾ ਹੈ। ਇੰਨੀ ਸਖਤ ਗਰਮੀ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਬੰਧਕਾਂ ਨੇ ਇਸ ਮਾਮਲੇ ਨੂੰ ਲੈ ਕੇ ਤੁਰੰਤ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀਆਂ ਦੀ ਰਿਹਾਇਸ਼ ਵਾਲੇ ਕਮਰਿਆਂ ਵਿੱਚ ਏਅਰ ਕੂਲਰ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹੋਸਟਲ ਵਿੱਚ ਏਅਰ ਕੂਲਰ ਲਵਾਉਣ ਦੀ ਤਜਵੀਜ਼ ਜਲਦੀ ਪੂਰੀ ਹੋਵੇਗੀ: ਅਧਿਕਾਰੀ
ਸੰਸਥਾ ਦੇ ਅਧਿਕਾਰੀ ਡਾ. ਅਸ਼ਵਤੀ ਅਸੋਕਨ ਨੇ ਦੱਸਿਆ ਕਿ ਇਹ ਹੋਸਟਲ ਕਿਰਾਏ ਦੀ ਇਮਾਰਤ ਵਿੱਚ ਲੀਜ਼ ’ਤੇ ਚੱਲ ਰਿਹਾ ਹੈ, ਜਿੱਥੇ 300 ਏਅਰ ਕੰਡੀਸ਼ਨਰ ਲਗਾਉਣਾ ਮਤਲਬ 375 ਕਿਲੋਵਾਟ ਲੋਡ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਸਟਲ ਦੇ ਕਮਰਿਆਂ ਵਿੱਚ ਏਅਰ ਕੂਲਰ ਲਗਵਾਉਣ ਦੀ ਤਜਵੀਜ਼ ਰੱਖੀ ਗਈ ਹੈ ਜੋ ਜਲਦੀ ਹੀ ਪੂਰੀ ਹੋ ਜਾਵੇਗੀ।