ਆਇਫਾ: ਸਰਵੋਤਮ ਅਦਾਕਾਰ ਸ਼ਾਹਰੁਖ ਤੇ ਸਰਵੋਤਮ ਅਦਾਕਾਰਾ ਰਾਣੀ ਮੁਖਰਜੀ
ਯਾਸ ਆਈਲੈਂਡ (ਆਬੂ ਧਾਬੀ): ਇੱਥੇ ਕਰਵਾਏ ਗਏ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼-2024 (ਆਇਫਾ) ਵਿੱਚ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰ ਜਦੋਂਕਿ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਬਿਹਤਰੀਨ ਫਿਲਮ ਐਵਾਰਡ ਨਾਲ ਨਵਾਜਿਆ ਗਿਆ। ਸਮਾਗਮ ਦੀ ਮੇਜ਼ਬਾਨੀ ਬੌਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ, ਅਦਾਕਾਰ ਵਿੱਕੀ ਕੌਸ਼ਲ ਤੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਕੀਤੀ। ਸਰਵੋਤਮ ਅਦਾਕਾਰਾ ਦਾ ਖਿਤਾਬ ਰਾਣੀ ਮੁਖਰਜੀ ਨੇ ਜਿੱਤਿਆ। ਉਸ ਨੂੰ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਇਹ ਪੁਰਸਕਾਰ ਦਿੱਤਾ ਗਿਆ। ਪੰਜਾਬੀ ਗਾਇਕ ਭੁਪਿੰਦਰ ਬੱਬਲ ਨੂੰ ਫਿਲਮ ‘ਐਨੀਮਲ’ ਦੇ ਗੀਤ ‘ਅਰਜਨ ਵੈਲੀ’ ਲਈ ਸਰਵੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ ਮਿਲਿਆ। ਇਸ ਦੇ ਨਾਲ ਹੀ ਉਸ ਨੂੰ ‘ਸਤਰੰਗਾ’ ਗੀਤ ਲਈ ਬਿਹਤਰੀਨ ਗੀਤਕਾਰ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਫਿਲਮ ‘ਐਨੀਮਲ’ ਦੇ ਸੰਗੀਤ ਨਿਰਦੇਸ਼ਨ ਲਈ ਭੁਪਿੰਦਰ ਬੱਬਲ, ਪ੍ਰੀਤਮ, ਵਿਸ਼ਾਲ ਮਿਸ਼ਰਾ, ਮਨਨ ਭਾਰਦਵਾਜ, ਸ਼੍ਰੇਅਸ ਪੁਰਾਣਿਕ, ਜਾਨੀ, ਅਸ਼ੀਮ ਕੇਮਸਨ, ਹਰਸ਼ਵਰਧਨ ਰਾਮੇਸ਼ਵਰ ਨੂੰ ਵੀ ਐਵਾਰਡ ਦਿੱਤੇ ਗਏ। ਗਾਇਕਾ ਸ਼ਿਲਪਾ ਰਾਓ ਨੂੰ ਫ਼ਿਲਮ ‘ਜਵਾਨ’ ਦੇ ਗੀਤ ‘ਚਲਿਆ’ ਲਈ ਸਰਬੋਤਮ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਮਿਲਿਆ। ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਉਸ ਦੀ ਫ਼ਿਲਮ ‘12ਵੀਂ ਫੇਲ੍ਹ’ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਐਨੀਮਲ’ ਲਈ ਅਦਾਕਾਰ ਅਨਿਲ ਕਪੂਰ ਨੂੰ ਸਰਵੋਤਮ ਸਹਾਇਕ ਅਦਾਕਾਰ ਅਤੇ ਬੌਬੀ ਦਿਓਲ ਨੂੰ ਸਰਬੋਤਮ ਨਕਾਰਾਤਮਕ ਭੂਮਿਕਾ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਸ਼ਬਾਨਾ ਆਜ਼ਮੀ ਨੂੰ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ। ਭਾਰਤੀ ਸਿਨੇਮਾ ਵਿਚ ਆਊਟਸਟੈਂਡਿੰਗ ਅਚੀਵਮੈਂਟ ਲਈ ਭਾਰਤੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਹੇਮਾ ਮਾਲਨੀ ਨੂੰ ਪੁਰਸਕਾਰ ਦਿੱਤਾ ਗਿਆ।
ਅਲੀਜ਼ੇਹ ਅਗਨੀਹੋਤਰੀ ਨੇ ਇਸ ਸਾਲ ਫ਼ਿਲਮਾਂ ਵਿੱਚ ਸ਼ੁਰੂਆਤ ਕਰਨ ਵਾਲੇ ਸਰਵੋਤਮ ਅਦਾਕਾਰ ਦਾ ਖ਼ਿਤਾਬ ਜਿੱਤਿਆ। ਇਸ ਮੌਕੇ ਸ਼ਾਹਰੁਖ ਖਾਨ ਦੇ ਹਿੱਟ ਗੀਤਾਂ ਤੋਂ ਇਲਾਵਾ ਵਿੱਕੀ ਕੌਸ਼ਲ ਨੇ ਜਦੋਂ ‘ਤੌਬਾ ਤੌਬਾ’ ’ਤੇ ਡਾਂਸ ਕੀਤਾ ਤਾਂ ਹਾਜ਼ਰੀਨ ਨੇ ਖੂਬ ਤਾੜੀਆਂ ਮਾਰੀਆਂ। ਇਸ ਮੌਕੇ ਗਾਇਕ ਕਰਨ ਔਜਲਾ ਤੇ ਰੈਪਰ ਹਨੀ ਸਿੰਘ ਨੇ ਵੀ ਪੇਸ਼ਕਾਰੀ ਦਿੱਤੀ। -ਪੀਟੀਆਈ
ਫਿਲਮ ‘ਜਵਾਨ’ ਦੇ ਨਿਰਮਾਣ ਦੌਰਾਨ ਮੈਂ ਔਖੇ ਦੌਰ ’ਚੋਂ ਲੰਘਿਆ: ਸ਼ਾਹਰੁਖ
ਸ਼ਾਹਰੁਖ ਖਾਨ ਨੇ ਦੱਸਿਆ ਕਿ ਜਦੋਂ ਫ਼ਿਲਮ ‘ਜਵਾਨ’ ਦਾ ਨਿਰਮਾਣ ਚਲ ਰਿਹਾ ਸੀ ਤਾਂ ਉਹ ਤੇ ਉਸ ਦਾ ਪਰਿਵਾਰ ਔਖੇ ਦੌਰ ਵਿੱਚੋਂ ਲੰਘਿਆ ਸੀ ਪਰ ਇਸ ਸਾਲ ਦੇ ਅੰਤ ਵਿੱਚ ਸਰਵੋਤਮ ਅਦਾਕਾਰ ਦੀ ਟਰਾਫੀ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਮਨੀ ਰਤਨਮ ਤੇ ਸੰਗੀਤ ਦੇ ਜਾਦੂਗਰ ਏਆਰ ਰਹਿਮਾਨ ਨੇ ਸ਼ਾਹਰੁਖ ਖਾਨ ਨੂੰ ਸਰਵੋਤਮ ਅਦਾਕਾਰ ਦੀ ਟਰਾਫੀ ਦਿੱਤੀ। ਟਰਾਫੀ ਲੈਣ ਤੋਂ ਪਹਿਲਾਂ ਸ਼ਾਹਰੁਖ ਨੇ ਸਨਮਾਨ ਵਜੋਂ ਮਨੀ ਰਤਨਮ ਦੇ ਪੈਰਾਂ ਨੂੰ ਹੱਥ ਲਾਇਆ।
ਰਾਣੀ ਨੇ ਸਾਰੀਆਂ ਮਾਵਾਂ ਨੂੰ ਸਮਰਪਿਤ ਕੀਤਾ ਪੁਰਸਕਾਰ
ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਹਾਸਲ ਕਰਨ ਵਾਲੀ ਅਦਾਕਾਰਾ ਰਾਣੀ ਮੁਖਰਜੀ ਨੇ ਇਹ ਪੁਰਸਕਾਰ ਸਾਰੀਆਂ ਮਾਵਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਮਾਂ ਦਾ ਪਿਆਰ ਕਿਸੇ ਕਾਨੂੰਨ ਅਤੇ ਤਰਸ ਨੂੰ ਨਹੀਂ ਜਾਣਦਾ ਤੇ ਮਾਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਸਾਰੀਆਂ ਹੱਦਾਂ ਪਾਰ ਕਰ ਸਕਦੀ ਹੈ।