ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਨਾ ਸਰਕਾਰ ਨੂੰ ਮਹਿੰਗਾ ਪਿਆ: ਚਹਿਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਭਿੰਦਰ ਸਿੰਘ ਚਹਿਲ ਦੀ ਅਗਵਾਈ ਹੇਠਾਂ ਹੋਈ। ਇਸ ਦੌਰਾਨ ਬੁਲਾਰਿਆਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਖਾਮਿਆਜ਼ਾ ਪੰਜਾਬ ਸਰਕਾਰ ਨੂੰ ਲੋਕ ਸਭਾ ਚੋੋਣਾਂ ਵਿੱਚ ਭੁਗਤਣਾ ਪਿਆ ਹੈ। ਤਰਕ ਸੀ ਕਿ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀਆਂ ਮੰਗਾਂ ਪ੍ਰਤੀ ਅਣਦੇਖੀ ਤੇ ਟਾਲਮਟੋਲ ਦੀ ਨੀਤੀ ਅਪਣਾਉਣ ਕਰਕੇ ਹੀ ਇਹ ਵਰਗ ਸਰਕਾਰ ਵਿਰੁੱਧ ਭੁਗਤਿਆ। ਇਸ ਮੌਕੇ ’ਤੇ ਬੁਲਾਰਿਆਂ ਨੇ ਕਿਹਾ ਕਿ ਅਜੇ ਵੀ ਮੌਕਾ ਹੈ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਗੱਲਬਾਤ ਰਾਹੀਂ ਪਹਿਲ ਤੇ ਆਧਾਰ ’ਤੇ ਹੱਲ ਕਰੇ। ਜੇਕਰ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਅਜੇ ਵੀ ਸਬਕ ਨਹੀਂ ਸਿੱਖਦੀ ਤਾਂ ਜ਼ਿਮਨੀ ਚੋਣਾਂ ਤੇ ਲੋਕਲ ਬਾਡੀ ਦੀਆਂ ਚੋਣਾਂ ਸਮੇਤ ਵਿਧਾਨ ਸਭਾ ਚੋਣਾਂ ਵਿੱਚ ਵੀ ਮੁੱਲ ਤਾਰਨਾ ਪਵੇਗਾ।
ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਲੋਕ ਸਭਾ ਚੋਣਾਂ ਦੀ ਸਮੀਖਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਆਗੂਆਂ ਵੱਲੋਂ ਯੂਨੀਅਨ ਦਫਤਰ ਰਾਜਪੁਰਾ ਕਲੋਨੀ ਵਿੱਚ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਦੌਰਾਨ 2022 ਵਿੱਚ ਮੁਲਾਜ਼ਮਾਂ, ਮਜ਼ਦੂਰਾਂ, ਕਿਰਤੀਆਂ, ਪੈਨਸ਼ਨਰਾਂ ਤੇ ਮੁਲਾਜ਼ਮਾਂ ਵੱਲੋਂ ਬਦਲਾਅ ਦੇ ਨਾਮ ’ਤੇ ਵਧ ਚੜ੍ਹ ਕੇ ਯੋਗਦਾਨ ਪਾਇਆ ਤੇ ਇਨ੍ਹਾਂ ਚੋਣਾਂ ਵਿੱਚ ਕਿਹੜੇ ਮੁੱਦਿਆਂ ਕਰਕੇ ਆਪਣਾ ਹੱਥ ਪਿੱਛੇ ਖਿੱਚ ਲਿਆ ਗਿਆ ਉਸ ਤੋਂ ‘ਆਪ’ ਸਰਕਾਰ ਨੂੰ ਸਬਕ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਵੀ ਮੋਦੀ ਸਰਕਾਰ 400 ਦਾ ਅੰਕੜਾ ਪਾਰ ਕਰਨ ਦਾ ਦਾਅਵਾ ਕਰਨ ਤੋਂ ਇਸ ਵਾਰ ਪੱਛੜ ਗਈ ਹੈ। ਇਹ ਸ਼ੀਸ਼ਾ ਦੇਸ਼ ਦੇ ਮਜ਼ਦੂਰਾਂ, ਕਿਰਤੀਆਂ ਅਤੇ ਮੁਲਾਜ਼ਮਾਂ ਨੇ ਦਿਖਾਇਆ ਹੈ। ਇਕੱਤਰਤਾ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਤੇ ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।