ਨਵੀਂ ਦਿੱਲੀ, 6 ਦਸੰਬਰਉੱਘੇ ਸਿਆਸਤਦਾਨ ਅਤੇ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਫਾਰੁੂਕ ਅਬਦੁੱਲਾ ਨੇ ਬੁੱਧਵਾਰ ਨੂੰ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਨਾ ਭਾਜਪਾ ਦੀ ਫਿਤਰਤ ਹੈ। ਨੈਸ਼ਨਲ ਕਾਨਫਰੰਸ (ਐੱਨਸੀ) ਦੇ ਪ੍ਰਧਾਨ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ‘‘ਭਾਜਪਾ ਦੇ ਨਹਿਰੂ ਨਾਲ ਹਮੇਸ਼ਾ ਮਤਭੇਦ ਰਹੇ ਹਨ ਅਤੇ ਉਹ ਕਦੇ ਵੀ ਉਨ੍ਹਾਂ ਦੇ ਕੰਮ ਨੂੰ ਸਵੀਕਾਰ ਨਹੀਂ ਕਰਨਗੇ, ਇਹ ਰਾਜਨੀਤੀ ਹੈ।" ਉਨ੍ਹਾਂ ਦੀ ਇਹ ਟਿੱਪਣੀ ਉਸ ਦਿਨ ਆਈ ਜਦੋਂ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ, ਲੋਕ ਸਭਾ ਵਿੱਚ ਪਾਸ ਕੀਤਾ ਗਿਆ। ਨਹਿਰੂ ਵੱਲੋਂ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ’ਚ ਲਿਜਾਣ ਬਾਰੇ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਉਸ ਸਮੇਂ ਸਥਿਤੀ ਵੱਖਰੀ ਸੀ। ਉਨ੍ਹਾਂ ਦੱਸਿਆ ਕਿ ਫੌਜ ਨੂੰ ਪੁਣਛ ਅਤੇ ਰਾਜੌਰੀ ਵਿਚ ਭੇਜਣਾ ਪਿਆ ਕਿਉਂਕਿ ਹਮਲਾਵਰਾਂ ਨੇ ਅਫਰਾ-ਤਫਰੀ ਮਚਾਈ ਹੋਈ ਸੀ। ਉਨ੍ਹਾਂ ਕਿਹਾ ਕਿ ਮੁਜ਼ੱਫਰਾਬਾਦ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ) ਵੱਲ ਵਧਣ ਦੀ ਬਜਾਏ, ਫੌਜਾਂ ਨੂੰ ਪੁਣਛ ਅਤੇ ਰਾਜੌਰੀ ਵੱਲ ਮੋੜਨ ਦਾ ਫੈਸਲਾ ਕੀਤਾ ਗਿਆ ਸੀ। ਇਸ ਫੈਸਲੇ ਦੇ ਨਤੀਜੇ ਵਜੋਂ ਇਹ ਖੇਤਰ ਹੁਣ ਭਾਰਤ ਕੋਲ ਹਨ। -ਪੀਟੀਆਈ