ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਜ਼ਰਅੰਦਾਜ਼ ਅੱਧੀ ਵਸੋਂ

07:46 AM Mar 08, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਜੈਵੀਰ ਸਿੰਘ

ਇਸਤਰੀ ਪਰਿਵਾਰ/ਗ੍ਰਹਿਸਥੀ ਜੀਵਨ ਦਾ ਕੇਂਦਰ ਬਿੰਦੂ ਹੈ ਅਤੇ ਸਮੁੱਚੇ ਸਮਾਜ ਦਾ ਧੁਰਾ ਪਰ ਇਸ ਦੇ ਬਾਵਜੂਦ ਉਸ ਨੂੰ ਸਮਾਜ ਵਿੱਚ ਕਿਧਰੇ ਦੇਵਦਾਸੀਆਂ ਦੇ ਰੂਪ ਵਿੱਚ ਹਵਸ ਦਾ ਸਿ਼ਕਾਰ ਬਣਾਇਆ ਗਿਆ, ਕਿਧਰੇ ਰਾਜਿਆਂ ਦੀ ਨੀਤੀ ਤੇ ਨੀਅਤ ਦਾ ਨਿਸ਼ਾਨਾ ਬਣਾਇਆ ਗਿਆ, ਕਿਧਰੇ ਵਿਦੇਸ਼ੀ ਹਮਲਾਵਰਾਂ ਨੇ ਉਸ ਦੀ ਬੇਪਤੀ ਕੀਤੀ। ਕਿਸੇ ਨੇ ਵੀ ਸ਼ੋਸ਼ਣ ਅਤੇ ਤਿਰਸਕਾਰ ਦੀ ਕੋਈ ਕਸਰ ਨਾ ਛੱਡੀ।
ਗੁਰਮਤਿ ਵਿਚਾਰਧਾਰਾ ਨੇ ਵਿਉਂਤਬੱਧ ਅਤੇ ਤਰਕਸ਼ੀਲ ਤਰੀਕੇ ਨਾਲ ਸਮਾਜਿਕ ਜੀਵਨ ਨੂੰ ਉੱਤਮ ਅਤੇ ਪਵਿੱਤਰ ਬਣਾਉਣ ਅਤੇ ਇਸਤਰੀ ਦੀ ਬੰਦ-ਖਲਾਸੀ ਲਈ ਕ੍ਰਾਂਤੀਕਾਰੀ ਕਾਰਜ ਕੀਤਾ। ਗੁਰੂ ਨਾਨਕ ਦੇਵ ਜੀ ਨੇ ਬਾਬਾ ਆਦਮ ਦੀ ਕਥਾ ਨੂੰ ਰੱਦ ਕਰਦੇ ਹੋਏ ਆਖਿਆ ਕਿ ਇਸਤਰੀ ਮਰਦ ਦੀ ਪੱਸਲੀ ਵਿਚੋਂ ਨਹੀਂ ਜਨਮੀ ਸਗੋਂ ਉਹ ਤਾਂ ਆਪ ਜਨਮ ਦੇਣ ਵਾਲੀ ਹੈ। ਮਰਦ ਇਸਤਰੀ ਦੀ ਕੁੱਖ ਤੋਂ ਜਨਮ ਲੈਂਦੇ ਹਨ। ਗੁਰੂ ਜੀ ਦਾ ਫਰਮਾਨ ਹੈ: ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੇ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 473)
ਗੁਰੂ ਅਮਰਦਾਸ ਜੀ ਨੇ ਆਪਣੇ ਦਰਬਾਰ ਵਿੱਚ ਇਸਤਰੀਆਂ ਨੂੰ ਪਰਦਾ ਕਰਨ ਦੀ ਮਨਾਹੀ ਕੀਤੀ ਹੋਈ ਸੀ। ਇਹ ਇਸਲਾਮ ਵਿੱਚ ਇਸਤਰੀ ਦੀ ਸਥਿਤੀ ਤੋਂ ਕਿਤੇ ਅੱਗੇ ਦੀ ਕਾਰਵਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਿਥੇ ਵਿਧਵਾ ਵਿਆਹ ਦੀ ਰੀਤ ਚਲਾਈ ਉਥੇ ਸਤੀ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਪ੍ਰੇਰਿਆ। ਗੁਰੂ ਰਾਮਦਾਸ ਜੀ ਨੇ ਦਾਜ ਦੀ ਪ੍ਰਥਾ ਦਾ ਵਿਰੋਧ ਕੀਤਾ ਅਤੇ ਇਸ ਨੂੰ ਹੰਕਾਰ ਦੀ ਭਾਵਨਾ ਦਾ ਦਿਖਾਵਾ ਮੰਨਿਆ।
ਕਾਨੂੰਨ ਦੀ ਗੱਲ ਕਰੀਏ ਤਾਂ ਪਿਤਰੀ ਸਮਾਜ ਦੇ ਮੁੱਢਲੇ ਸਮੇਂ ਤੋਂ ਹੀ ਮਰਦ ਨੇ ਸਾਰੇ ਨਿੱਗਰ ਅਧਿਕਾਰ ਆਪਣੇ ਹੱਥਾਂ ਵਿੱਚ ਲੈ ਲਏ ਅਤੇ ਇਨ੍ਹਾਂ ਅਧਿਕਾਰਾਂ ਦੇ ਬਲ ਨਾਲ ਹੀ ਉਸ ਨੇ ਔਰਤ ਨੂੰ ਆਪਣੇ ਅਧੀਨ ਰੱਖਿਆ ਹੈ। ਕਾਨੂੰਨ ਦੀਆਂ ਨਿਯਮਾਂਵਲੀਆਂ ਵੀ ਔਰਤ ਦੇ ਵਿਰੁੱਧ ਤਿਆਰ ਕੀਤੀਆਂ ਗਈਆਂ ਜਿਸ ਨੇ ਔਰਤ ਦਾ ਵਖਰੇਵਾਂ ਸਥਾਪਿਤ ਕੀਤਾ। ਇਹ ਵਿਵਸਥਾ ਜਿੱਥੇ ਮਰਦ ਦੇ ਆਰਥਿਕ ਹਿੱਤਾਂ ਦੀ ਸੁਰੱਖਿਆ ਲਈ ਅਨੁਕੂਲ ਸੀ, ਉਥੇ ਮਰਦ ਤੱਤ-ਸ਼ਾਸਤਰ ਅਤੇ ਨੈਤਿਕ ਅਡੰਬਰ ਲਈ ਵੀ ਅਨੁਕੂਲ ਸੀ। ਕਾਨੂੰਨੀ ਵਿਵਸਥਾਵਾਂ ਤੋਂ ਇਲਾਵਾ ਸਮਾਜਿਕ ਚੇਤਨਾ ਜ਼ਰੂਰੀ ਹੈ ਤਾਂ ਜੋ ਇਸ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾ ਸਕੇ। ਦੁਨੀਆ ਵਿੱਚ ਜਿਨ੍ਹਾਂ ਸਮਾਜਾਂ ਵਿੱਚ ਤਬਦੀਲੀ ਆਈ, ਉੱਥੇ ਔਰਤਾਂ ਨੇ ਲਛਮਣ ਰੇਖਾਵਾਂ ਉਲੰਘੀਆਂ, ਸੌੜੇ ਜਹਾਨ ਵਿੱਚੋਂ ਵਿਸ਼ਾਲ ਦਿਸਹੱਦੇ ਦੇਖੇ ਅਤੇ ਆਪਣੀ ਕਰਮਭੂਮੀ ਬਣਾ ਲਿਆ।
ਪੁਰਾਤਨ ਕਾਲ ਵਿੱਚ ਮਰਦ ਨੂੰ ਕਮਾਈ ਲਈ ਕਠੋਰ ਸਰੀਰਕ ਕੰਮ ਕਰਨਾ ਪੈਂਦਾ ਸੀ ਅਤੇ ਆਪਣੇ ਕਬੀਲੇ ਦੀ ਸੁਰੱਖਿਆ ਲਈ ਜੋਖ਼ਮ ਉਠਾਣਾ ਪੈਂਦਾ ਸੀ। ਇਸੇ ਤਰ੍ਹਾਂ ਔਰਤ ਵੀ ਸਖਤ ਮਿਹਨਤ ਵਾਲੇ ਘਰੇਲੂ ਕੰਮ ਕਰਦੀ ਸੀ। ਰੂਸ ਦੇ ਮਹਾਨ ਨੇਤਾ ਲੈਨਿਨ ਅਨੁਸਾਰ, “ਜਦ ਤੱਕ ਇਸਤਰੀ ਨੂੰ ਰਸੋਈ ਦੀ ਗੁਲਾਮੀ ਤੋਂ ਆਜ਼ਾਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦੀ ਆਜ਼ਾਦੀ ਅਧੂਰੀ ਹੈ।” ਇਤਿਹਾਸ ਲਕਸ਼ਮੀ ਬਾਈ, ਮਾਈ ਭਾਗੋ ਵਰਗੀਆਂ ਦਲੇਰ ਔਰਤਾਂ ਦਾ ਗਵਾਹ ਹੈ ਜਿਨ੍ਹਾਂ ਤੋਂ ਕੁੜੀਆਂ ਸੇਧ ਲੈ ਸਕਦੀਆਂ ਹਨ। ਸੁਖਵਿੰਦਰ ਅੰਮ੍ਰਿਤ ਨੇ ਲਿਖਿਆ ਹੈ: ਮੈਂ ਆਪਣੀ ਧੀ ਨੂੰ ਸਮਝਾਇਆ/ਕਦਮ ਕਦਮ ’ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀਂ/ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀਂ/ਤੂੰ ਆਪਣੇ ਰੁਤਬੇ ਨੂੰ ਏਨਾ ਬੁਲੰਦ ਕਰੀਂ/ਕਿ ਹਰ ਹਨੇਰਾ ਤੈਨੂੰ ਵੇਖ ਕੇ ਥਿਰਕ ਜਾਵੇ/ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ।
ਆਓ! ਸਮਾਜ ਦੀ ਅੱਧੀ ਵਸੋਂ ਨੂੰ ਨਜ਼ਰਅੰਦਾਜ਼ ਨਾ ਕਰੀਏ, ਉਸ ਨੂੰ ਮਾਣ ਸਤਿਕਾਰ ਦੇਈਏ। ਖੁਸ਼ਹਾਲ, ਸੁਤੰਤਰ ਅਤੇ ਸੰਤੁਲਿਤ ਸਮਾਜ ਵੱਲ ਇਹੀ ਅਗਾਂਹਵਧੂ ਕਦਮ ਹੋਵੇਗਾ।

Advertisement

ਸੰਪਰਕ: 98889-00846

Advertisement
Advertisement