ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਂਝੀ ਤਾਂ ਮੰਗਦੀ...

11:09 AM Oct 21, 2023 IST

ਜਸਵਿੰਦਰ ਕੌਰ
Advertisement

ਪੰਜਾਬ ਨੂੰ ਰੰਗਲਾ ਪੰਜਾਬ, ਪੰਜ ਪਾਣੀਆਂ ਦੀ ਧਰਤੀ ਦੇ ਨਾਲ-ਨਾਲ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇਨ੍ਹਾਂ ਕਰਕੇ ਇੱਥੋਂ ਦਾ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। ਇਨ੍ਹਾਂ ਮੇਲੇ-ਤਿਉਹਾਰਾਂ ਵਿੱਚੋਂ ਹੀ ਇੱਕ ਤਿਉਹਾਰ ‘ਸਾਂਝੀ ਮਾਈ’ ਦਾ ਹੈ ਜਿਸ ਨੂੰ ਦਸਹਿਰੇ ਤੋਂ ਪਹਿਲਾਂ ਨਰਾਤਿਆਂ ਦਰਮਿਆਨ ਕੁਆਰੀਆਂ ਕੁੜੀਆਂ ਦੁਆਰਾ ਮਨਾਇਆ ਜਾਂਦਾ ਹੈ। ਉਹ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦੀਆਂ ਹਨ। ਦੇਵੀ ਤੋਂ ਵੀਰ ਦੀ ਮੰਗ ਕਰਨ ਦੇ ਨਾਲ-ਨਾਲ, ਪਰਿਵਾਰਕ ਸੁੱਖ-ਸ਼ਾਂਤੀ ਅਤੇ ਅਨਾਜ ਦੀ ਭਰਪੂਰ ਉਤਪਤੀ ਦੀ ਕਾਮਨਾ ਕਰਦੀਆਂ ਹਨ।
ਪ੍ਰਸਿੱਧ ਲੋਕਧਾਰਾ ਸ਼ਾਸਤਰੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਸਾਂਝੀ ਮਾਈ ਦੇ ਇਤਿਹਾਸ ਬਾਰੇ ਲਿਖਦੇ ਹਨ ਕਿ, ‘ਸਾਂਝੀ ਮਾਈ ਦੁਰਗਾ ਦੇਵੀ ਦਾ ਹੀ ਇੱਕ ਰੂਪ ਹੈ। ਸਾਂਝੀ ਸ਼ਬਦ ਨਾਲ ਕਈ ਧਾਰਨਾਵਾਂ ਪ੍ਰਚੱਲਿਤ ਹਨ। ਇੱਕ ਵਿਚਾਰ ਅਨੁਸਾਰ ‘ਸਾਂਝੀ’ ਸ਼ਬਦ ਸੰਝ ਤੋਂ ਬਣਿਆ ਹੈ, ਜਿਸ ਦਾ ਅਰਥ ਸ਼ਾਮ ਹੈ। ਇਸ ਦੇਵੀ ਦੀ ਪੂਜਾ ਸੰਝ ਵੇਲੇ ਕੀਤੀ ਜਾਂਦੀ ਹੈ ਜਿਸ ਤੋਂ ਇਸ ਦਾ ਨਾਂ ਸਾਂਝੀ ਪ੍ਰਚੱਲਿਤ ਹੋ ਗਿਆ। ਇੱਕ ਹੋਰ ਵਿਚਾਰ ਅਨੁਸਾਰ ਰਾਜਸਥਾਨ ਵਿੱਚ ਇਸ ਪੁਰਬ ਨੂੰ ‘ਸੰਭਯਾ’ ਤੇ ਉੱਤਰ ਪ੍ਰਦੇਸ਼ ਵਿੱਚ ‘ਝਾਂਝੀ’ ਕਹਿੰਦੇ ਹਨ। ਇਹੋ ਨਾਂ ਵਿਗੜ ਕੇ ਪੰਜਾਬ ਵਿੱਚ ਸਾਂਝੀ ਬਣ ਗਿਆ’। ਇਸ ਤਰ੍ਹਾਂ ਸਾਂਝੀ ਮਾਈ ਦੇ ਤਿਉਹਾਰਾਂ ਨੂੰ ਪੰਜਾਬ ਤੋਂ ਬਿਨਾ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਮਨਾਇਆ ਜਾਂਦਾ ਹੈ।
ਸਾਂਝੀ ਮਾਈ ਨੂੰ ਕੰਧ ਉੱਤੇ ਇੱਕ ਬਰੋਟੇ ਦੇ ਆਕਾਰ ਵਿੱਚ ਬਣਾਇਆ ਜਾਂਦਾ ਹੈ ਜਿਸ ਕਰਕੇ ਉਸ ਨੂੰ ਸਾਂਝੀ ਮਾਈ ਦਾ ਬਰੋਟਾ ਕਹਿੰਦੇ ਹਨ। ਸਾਂਝੀ ਮਾਈ ਦੇ ਅੰਗਾਂ ਨੂੰ ਬਣਾਉਣ ਲਈ ਪਹਿਲਾਂ ਮਿੱਟੀ ਨੂੰ ਰੂੰ ਪਾ ਕੇ ਗੁੰਨ੍ਹਿਆ ਜਾਂਦਾ ਹੈ, ਪਰ ਕਈ ਥਾਵਾਂ ’ਤੇ ਇਕੱਲੀ ਮਿੱਟੀ ਨੂੰ ਹੀ ਗੁੰਨ੍ਹਿਆ ਜਾਂਦਾ ਹੈ। ਮਿੱਟੀ ਨੂੰ ਰੂੰ ਵਿੱਚ ਗੁੰਨ੍ਹਣ ਦਾ ਵਿਸ਼ੇਸ਼ ਕਾਰਨ ਇਹ ਹੁੰਦਾ ਹੈ ਕਿ ਸਾਂਝੀ ਮਾਈ ਦੀ ਮੂਰਤੀ ਵਿੱਚ ਤਰੇੜਾਂ ਨਾ ਪੈ ਜਾਣ। ਇਸ ਗਾਰੇ ਨਾਲ ਸਾਂਝੀ ਮਾਈ ਦੇ ਸਾਰੇ ਅੰਗ, ਗਹਿਣੇ, ਚੰਦ, ਸੂਰਜ ਅਤੇ ਤਾਰਿਆਂ ਤੋਂ ਇਲਾਵਾ ਡੂੰਮਣੀ ਤੇ ਚੋਰ ਦੀ ਮੂਰਤੀ ਵੀ ਬਣਾਈ ਜਾਂਦੀ ਹੈ। ਇਨ੍ਹਾਂ ਸਾਰੀਆਂ ਮੂਰਤੀਆਂ ਨੂੰ ਧੁੱਪ ਵਿੱਚ ਸੁਕਾ ਕੇ ਭਿਉਂਤੇ ਹੋਏ ਚਾਵਲਾ ਤੋਂ ਕੁੱਟ ਕੇ ਬਣਾਏ ਗਏ ਰੰਗ ਨਾਲ ਸਫ਼ੈਦ ਕਰ ਲਿਆ ਜਾਂਦਾ ਹੈ ਅਤੇ ਫਿਰ ਇਨ੍ਹਾਂ ਦੀ ਸਜਾਵਟ ਕਰਨ ਲਈ ਵੱਖੋਂ-ਵੱਖਰੇ ਰੰਗਾਂ ਨੂੰ ਵਰਤਿਆ ਜਾਂਦਾ ਹੈ।
ਸਾਂਝੀ ਮਾਈ ਨੂੰ ਕੰਧ ਉੱਤੇ ਲਗਾਉਣ ਦਾ ਤਰੀਕਾ
ਵੀ ਵੱਖਰਾ ਹੈ। ਪਹਿਲੇ ਨਰਾਤੇ ਦੀ ਸਵੇਰ ਨੂੰ ਕੰਧ
ਉੱਤੇ ਪਹਿਲਾਂ ਗੋਹੇ ਨਾਲ ਬਰੋਟੇ ਦਾ ਆਕਾਰ ਬਣਾ ਲਿਆ ਜਾਂਦਾ ਹੈ ਅਤੇ ਫਿਰ ਉਸ ਉੱਤੇ ਸਾਂਝੀ ਮਾਈ ਦੇ ਸਾਰੇ ਅੰਗਾਂ ਨੂੰ ਚਿਪਕਾ ਦਿੱਤਾ ਜਾਂਦਾ ਹੈ। ਮੂਰਤੀ ਦੇ ਹੇਠਾਂ ਕੋਰੇ ਕੁੱਜੇ ਜਾਂ ਧਰਤੀ ਉੱਤੇ ਹੀ ਕੱਕਾ ਰੇਤਾ ਜਾਂ ਬਰੇਤੀ ਵਿਛਾ ਕੇ ਮਿੱਟੀ ਦੀ ਕਿਆਰੀ ਬਣਾ ਲਈ ਜਾਂਦੀ ਹੈ ਜਿਸ ਵਿੱਚ ਜੌਂ ਬੀਜੇ ਜਾਂਦੇ ਹਨ। ਇਨ੍ਹਾਂ ਜੌਂਆਂ ਦੀ ਵਰਤੋਂ ਦੁਸਹਿਰੇ ਵਾਲੇ ਦਿਨ ਕੁੜੀਆਂ ਦੁਆਰਾ ਪਰਿਵਾਰਕ ਮੈਂਬਰਾਂ ਦੇ ਕੰਨਾਂ ਉੱਤੇ ਟੰਗਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਜੌਂਆਂ ਦੇ ਵਧਣ-ਫੁੱਲਣ ਅਤੇ ਸੰਘਣਤਾ ਨੂੰ ਫ਼ਸਲਾਂ ਤੇ ਪਰਿਵਾਰ ਦੀ ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ। ਨਵੇਂ ਯੁੱਗ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਬੇਸ਼ੱਕ ਇਹ ਸਭ ਨਹੀਂ ਕੀਤਾ ਜਾਂਦਾ। ਇਹ ਸਭ ਬਾਜ਼ਾਰੋ ਜਾਂ ਕਿਸੇ ਫੇਰੀ ਵਾਲੇ ਤੋਂ ਬਣਿਆ-ਬਣਾਇਆ ਮਿਲ ਜਾਂਦਾ ਹੈ ਤੇ ਉਸੇ ਦੀ ਪੂਜਾ ਕਰ ਲਈ ਜਾਂਦੀ ਹੈ, ਪਰ ਆਪਣੇ ਹੱਥੀਂ ਕੀਤੇ ਇਸ ਕਾਰਜ ਵਿੱਚੋਂ ਔਰਤਾਂ ਸਕੂਨ ਲੈਂਦੀਆਂ ਸਨ।
ਸਾਂਝੀ ਮਾਈ ਦੀ ਸ਼ਾਮ ਨੂੰ ਆਰਤੀ ਕੀਤੀ ਜਾਂਦੀ ਹੈ। ਇਸ ਆਰਤੀ ਲਈ ਕੜਾਹ ਜਾਂ ਪੰਜੀਰੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਬਾਅਦ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਤੇ ਆਂਢੀਆਂ-ਗੁਆਂਢੀਆਂ ਨੂੰ ਵੰਡਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸਾਂਝੀ ਮਾਈ ਨੂੰ ਗਹਿਣਿਆਂ ਦਾ ਸ਼ੌਕ ਸੀ ਜਿਸ ਕਰਕੇ ਉਸ ਦੇ ਗਹਿਣਿਆਂ ਦੀ ਪੂਰਤੀ ਲਈ ਆਰਤੀ ਦੌਰਾਨ ਗਾਇਆ ਜਾਂਦਾ ਹੈ:
ਸਾਂਝੀ ਤਾਂ ਮੰਗਦੀ ਛੱਜ ਭਰ ਗਹਿਣੇ
ਕਿੱਥੋਂ ਲਿਆਵਾਂ ਨੀਂ ਮੈਂ ਛੱਜ ਭਰ ਗਹਿਣੇ
ਵੀਰ ਮੇਰਾ ਸੁਨਿਆਰੇ ਦਾ ਸਾਥੀ
ਉੱਥੋਂ ਲਿਆਵਾਂ ਨੀਂ ਮੈਂ ਛੱਜ ਭਰ ਗਹਿਣੇ।
ਇੱਕ ਤਰ੍ਹਾਂ ਨਾਲ ਸਾਂਝੀ ਮਾਈ ਬਣਾਉਣ ਵਾਲੀਆਂ ਔਰਤਾਂ ਆਪਣੇ ਮਨ ਦੀਆਂ ਇੱਛਾਵਾਂ ਨੂੰ ਵੀ ਇਨ੍ਹਾਂ ਗੀਤਾਂ ਰਾਹੀਂ ਜ਼ਾਹਰ ਕਰ ਦਿੰਦੀਆਂ ਹਨ। ਉਹ ਵੀਰ, ਚੰਗਾ ਪਤੀ, ਸੋਹਣੇ ਪਰਿਵਾਰ ਦੀ ਮੰਗ ਕਰਦੀਆਂ ਹਨ। ਨਰਾਤਿਆਂ ਦੌਰਾਨ ਇਹ ਵਿਹਾਰ ਰੋਜ਼ਾਨਾ ਕੀਤਾ ਜਾਂਦਾ ਹੈ। ਨੌਵੇਂ ਨਰਾਤੇ ਦੀ ਸ਼ਾਮ ਨੂੰ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਸਾਂਝੀ ਮਾਈ ਨੂੰ ਕੰਧ ਤੋਂ ਉਤਾਰ ਕੇ ਤੂਤ ਦੀਆਂ ਛਟੀਆਂ ਦੇ ਬਣੇ ਟੋਕਰੇ ਵਿੱਚ ਰੱਖ ਕੇ ਨਜ਼ਦੀਕੀ ਨਹਿਰ, ਸੂਏ ਜਾਂ ਟੋਭੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ। ਇਸ ਟੋਕਰੇ ਵਿੱਚ ਉਸ ਨਾਲ ਇੱਕ ਕੱਪੜੇ ਵਿੱਚ ਰੋਟੀ ਤੇ ਗੁੜ ਵੀ ਰੱਖਿਆ ਜਾਂਦਾ ਹੈ ਤਾਂ ਜੋ ਉਹ ਭੁੱਖੀ ਨਾ ਰਹੇ। ਸਾਂਝੀ ਮਾਈ ਨੂੰ ਲੈ ਕੇ ਜਾਂਦਿਆ ਔਰਤਾਂ ਰਾਹ ਵਿੱਚ ਮਿਲੇ ਕੀੜਿਆਂ ਦੇ ਭੌਣ ᾽ਤੇ ਤਿਲ-ਚੌਲੀ ਬਿਖੇਰਦੀਆਂ ਜਾਂਦੀਆਂ ਹਨ। ਇਸ ਨੂੰ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ। ਸਾਂਝੀ ਮਾਈ ਨੂੰ ਜਲ ਪ੍ਰਵਾਹ ਕਰਨ ਸਮੇਂ ਕਿਹਾ ਜਾਂਦਾ ਹੈ:
ਨਾਈ ਸਾਂਝੀ
ਪੋਈ ਸਾਂਝੀ
ਰੋਈ ਨਾ
ਤੈਨੂੰ ਵਰ੍ਹੇ ਦਿਨਾਂ ਨੂੰ ਫੇਰ ਲਿਆਵਾਂਗੇ।
ਇਸ ਤਰ੍ਹਾਂ ਸਾਂਝੀ ਮਾਈ ਨੂੰ ਪਾਣੀ ਵਿੱਚ ਪ੍ਰਵਾਹ ਕਰਨ ਤੋਂ ਬਾਅਦ ਉਸ ਟੋਕਰੇ ਦੇ ਇੱਕ ਕੋਨੇ ਨੂੰ ਪਾਣੀ ਨਾਲ ਗਿੱਲਾ ਕਰ ਲਿਆ ਜਾਂਦਾ ਹੈ। ਵਿਚਾਰ ਕੀਤਾ ਜਾਂਦਾ ਹੈ ਕਿ ਉਸ ਟੋਕਰੇ ਨੂੰ ਵਾਪਸੀ ਸਮੇਂ ਸੁੱਕਾ ਨਹੀਂ ਲਿਆਉਣਾ ਹੁੰਦਾ। ਸਾਂਝੀ ਮਾਈ ਦਾ ਇਹ ਤਿਉਹਾਰ ਪੰਜਾਬ ਦੇ ਲਗਭਗ ਹਰ ਖਿੱਤੇ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਜਿਸ ਵਿੱਚ ਸਾਂਝੀ ਮਾਈ ਨੂੰ ਪੂਜਿਆ ਜਾਂਦਾ ਹੈ ਅਤੇ ਇਸ ਪੂਜਾ ਦਾ ਅੱਸੂ ਦੇ ਨਰਾਤਿਆਂ ਵਿੱਚ ਵਧੇਰੇ ਮਹੱਤਵ ਮੰਨਿਆ ਜਾਂਦਾ ਹੈ।

*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 87279-56059

Advertisement

Advertisement