ਨਾ ਸਮਝੇ ਤਾਂ
ਕੇਵਲ ਸਿੰਘ ਰੱਤੜਾ
ਹੁਣ ਤੱਕ ਕਹਿੰਦੇ ਆਏ ਹਾਂ ਕਿ ਸਾਡਾ ਇੱਥੇ ਰਾਜ ਹੁੰਦਾ ਸੀ,
ਨਹੀਂ ਸਮਝੇ ਤਾਂ ਕਹਿਣਾ ਪੈਣਾ, ਸਾਡਾ ਵੀ ਪੰਜਾਬ ਹੁੰਦਾ ਸੀ।
ਲਾਲਚਵੱਸ ਜ਼ਹਿਰਾਂ ਵੰਡਦੇ ਹਾਂ, ਮਾਂ ਬਾਪੂ ਵੀ ਲੱਗਣ ਪਰਾਏ,
ਫ਼ਸਲਾਂ ਨਸਲ ਖ਼ਾਤਮੇ ਕੰਢੇ, ਜੋ ਦਾਦੀ ਦਾ ਖ੍ਵਾਬ ਹੁੰਦਾ ਸੀ।
ਸੱਭਿਆਚਾਰ, ਸੰਗੀਤ ’ਚ ਵੱਸਦੀ, ਰੂਹ ਸਦੀਆਂ ਤੋਂ ਏਕੇ ਦੀ,
ਵਾਹਗਾ ਲੱਭਦਾ ਨਿੱਘ ਜੋ ਕਹਿਕੇ, ਸਤਿ ਸ੍ਰੀ ਅਕਾਲ, ਆਦਾਬ ਹੁੰਦਾ ਸੀ।
ਜੱਗੇ, ਜਿਊਣੇ, ਦੁੱਲੇ, ਮਿਰਜ਼ੇ, ਜਦ ਤੱਕ ਹੀਰੋ ਬਣੇ ਰਹਿਣਗੇ,
ਯਾਦ ਕਰੂ ਕੋਈ ਕਾਹਤੋਂ ਨਲੂਆ ਤੇ ਸ਼ੇਰ-ਏ-ਪੰਜਾਬ ਹੁੰਦਾ ਸੀ।
ਸੰਤ ਸਿਪਾਹੀ ਨੇ ਹਥਿਆਰਾਂ ਨੂੰ, ਸੀ ਚੁੱਕਿਆ ਜੰਗ ਦੇ ਵੇਲੇ,
ਬਾਬੇ ਨਾਨਕ ਦੇ ਵੇਲੇ ਤੋਂ, ਸ਼ੁਰੂਆਤੀ ਸੰਵਾਦ ਹੁੰਦਾ ਸੀ।
ਬੁੱਧੀਜੀਵੀ ਸਮਝਣ ਜਿਹੜੇ, ਆਮ ਲੋਕਾਂ ਤੋਂ ਦੂਰ ਹੋ ਗਏ,
ਗੂੜ੍ਹੇ ਰਿਸ਼ਤੇ, ਸਾਂਝਾਂ ਭੁੱਲੇ, ਬਾਣੀ ਨਾਲ ਰਬਾਬ ਹੁੰਦਾ ਸੀ।
ਕਰਜ਼ਾ ਲੈ ਕੇ ਡੌਂਕੀ ਲਾ ਕੇ, ਵਿੱਚ ਪਰਦੇਸਾਂ ਪੁੱਤਰ ਵੜਦਾ,
ਡਾਲਰਾਂ ਬਿਨ, ਬਣ ਲਾਸ਼ ਪਰਤਿਆ, ਜਿਨ੍ਹਾਂ ਲਈ ਬੇਤਾਬ ਹੁੰਦਾ ਸੀ।
ਲਾਰੇ ਸ਼ਰਧਾ, ਦਾਨ, ਰਿਉੜੀਆਂ, ਫੁਕਰੀ ਅਤੇ ਦਿਖਾਵੇ ‘ਰੱਤੜਾ’
ਡਰ ਦੇ ਸਾਏ ਗਲੀਆਂ ਵਿੱਚ, ਨਹੀਂ ਐਨਾ ਵਕਤ ਖ਼ਰਾਬ ਹੁੰਦਾ ਸੀ।
ਸੰਪਰਕ: 82838-30599
* * *
ਨਜ਼ਮ
ਮਨਦੀਪ ਕੁੰਦੀ ਤਖਤੂਪੁਰਾ
ਕਰਦਾ ਤੂੰ ਜੋ ਲੁਕ-ਲੁਕ ਕਾਰੇ।
ਨਸ਼ਰ ਹੋਣਗੇ ਇੱਕ ਦਿਨ ਸਾਰੇ।
ਕੋਮਲ ਨੇ ਇਹ ਫੁੱਲਾਂ ਜਿਹੀਆਂ,
ਨਾ ਸਮਝੋ ਕੁੜੀਆਂ ਪੱਥਰ ਭਾਰੇ।
ਇਨ੍ਹਾਂ ਤੋਂ ਕੋਈ ਆਸ ਨਾ ਰੱਖੋ,
ਲੀਡਰਾਂ ਕੋਲ ਤਾਂ ਹੁੰਦੇ ਲਾਰੇ।
ਸ਼ਹਾਦਤ ਸਿੱਖੋ ਸਦਾ ਉਨ੍ਹਾਂ ਕੋਲੋਂ,
ਸਿਰ ’ਤੇ ਜਿਨ੍ਹਾਂ ਦੇ ਚੱਲੇ ਆਰੇ।
ਮੰਜ਼ਿਲ ’ਤੇ ਉਹ ਪਹੁੰਚ ਹੀ ਜਾਂਦੇ,
ਹੌਸਲੇ ਜਿਨ੍ਹਾਂ ਕਦੇ ਨਹੀਂ ਹਾਰੇ।
ਸੌਖੀ ਨਹੀਂ ‘ਕੁੰਦੀ’ ਕੌਮ ਦੀ ਸੇਵਾ,
ਇਸ ਲਈ ਜਾਂਦੇ ਸਿਰ ਵੀ ਵਾਰੇ।
ਸੰਪਰਕ: 88470-48089
* * *
ਹੱਥ ਜੋੜਦੇ
ਕਰਨੈਲ ਅਟਵਾਲ
ਆਪਣੇ ਦੇਸ਼ ਦੇ ਨੇ ਬੜੇ ਮਹਾਨ ਨੇਤਾ,
ਗਿਰਗਿਟ ਵਾਂਗੂੰ ਬਦਲਦੇ ਰੰਗ ਬਾਬਾ।
ਧਰਮਾਂ ਦੇ ਨਾਂ ’ਤੇ ਭੇਸ ਨੇ ਬਦਲ ਲੈਂਦੇ,
ਵੱਖੋ-ਵੱਖਰੇ ਵਰਤਦੇ ਹੈਨ ਢੰਗ ਬਾਬਾ।
ਤਸਵੀਰਾਂ ਦੇ ਵਿੱਚ ਤਾਂ ਹੱਥ ਜੋੜਦੇ ਨੇ,
ਹੱਕ ਮੰਗਣ ’ਤੇ ਮਾਰਦੇ ਨੇ ਡੰਗ ਬਾਬਾ।
ਪਰਜਾ ਦੀ ਪਰਵਾਹ ਇਹ ‘ਬਹੁਤ’ ਕਰਨ,
ਕੁਰਸੀ ਨੂੰ ਕਰਦੇ ਡਾਢਾ ਪਸੰਦ ਬਾਬਾ।
ਖਾਣ-ਪੀਣ ਨੇ ਆਪਣਾ ਚੰਗੇਰਾ ਰੱਖਦੇ,
ਤਾਹੀਓਂ ਪਏ ਹੁੰਦੇ ਨੇ ਲਾਲ-ਝਰੰਗ ਬਾਬਾ।
‘ਅਟਵਾਲ’ ਵੋਟਾਂ ਆਉਂਦੀਆਂ ਵੇਖ ਨੇੜੇ,
ਪਹੁੰਚ ਜਾਂਦੇ ਜਿਵੇਂ ਚਿੱਠੀ ਬੇਰੰਗ ਬਾਬਾ।
ਸੰਪਰਕ: 75082-75052
* * *
ਮੰਜ਼ਰ
ਹਰਮੀਤ ਸਿਵੀਆਂ
ਕੀ ਦੱਸਾਂ ਕਿ ਕਿਹੋ ਜਿਹੇ ਮੈਂ ਮੰਜ਼ਰ ਦੇਖੇ ਨੇ।
ਆਪਣਿਆਂ ਦੇ ਹੱਥਾਂ ਵਿੱਚ ਖ਼ੰਜਰ ਦੇਖੇ ਨੇ।
ਇਸ ਮਿਆਰ ਤੋਂ ਨੀਵੇਂ ਕੀ ਰਿਸ਼ਤੇ ਹੋਵਣਗੇ,
ਧੀ ਦੇ ਰੇਪ ’ਚ ਪਿਉ ਜੇਲ੍ਹਾਂ ਦੇ ਅੰਦਰ ਦੇਖੇ ਨੇ।
ਕੰਢੇ ਖੜ੍ਹੀਆਂ ਕਿਸ਼ਤੀਆਂ ਰੋੜ ਕੇ ਲੈ ਜਾਂਦੇ,
ਲਹਿਰਾਂ ਨਾਲ ਰਲੇ ਹੋਏ ਸੁਮੰਦਰ ਦੇਖੇ ਨੇ।
ਆਪਣਿਆਂ ਨੂੰ ਭੁੱਖੇ ਦੇਖ ਕੇ ਖ਼ੁਸ਼ੀ ਮਨਾਉਂਦੇ,
ਓਹੀ ਲਾਉਂਦੇ ਗੈਰਾਂ ਲਈ ਲੰਗਰ ਦੇਖੇ ਨੇ।
ਗੁਆਏ ਸਰੋਕਾਰ ਸਗੋਂ ਸੰਚਾਰ ਸਾਧਨਾਂ ਨੇ,
ਇਨਸਾਨ ਤੋਂ ਵੱਧ ਵਫ਼ਾਦਾਰ ਡੰਗਰ ਦੇਖੇ ਨੇ।
ਖੂਹ ਦੀ ਇੱਟ ਚੁਬਾਰੇ ਕਹਿੰਦੇ ਲੱਗਦੀ ਨਾ,
ਇੱਟਾਂ ਦੀ ਥਾਂ ਲੱਗਦੇ ਹੋਏ ਖੰਗਰ ਦੇਖੇ ਨੇ।
ਕਾਲ ਪਾਵੇ ਬੰਨ੍ਹ ਕੇ ਵੀ ਤੁਰ ਗਿਆ ਰਾਵਣ,
ਖਾਲੀ ਹੱਥ ‘ਸਿਵੀਆਂ’ ਜਾਣ ਸਿਕੰਦਰ ਦੇਖੇ ਨੇ।
ਸੰਪਰਕ: 80547-57806
* * *
ਗ਼ਜ਼ਲ
ਗੁਰਜਿੰਦਰ ਸਿੰਘ ਰਸੀਆ
ਸਾਨੂੰ ਪਤਾ ਹੈ ਮੌਸਮ, ਇਖਲਾਕਹੀਣ ਹੋਇਆ।
ਹੈ ਦਾਗ਼ ਜੋ ਮੱਥੇ ’ਤੇ, ਜਾਣਾ ਨਹੀਂ ਲੁਕੋਇਆ।
ਇਹ ਹੋਰ ਹੀ ਹਵਾ ਹੈ, ਇਹ ਦੌਰ ਹੀ ਨਵਾਂ ਹੈ।
ਉਨ੍ਹਾਂ ਜੋ ਦਰਦ ਦਿੱਤਾ, ਜਾਣਾ ਨਹੀਂ ਸਮੋਇਆ।
ਹੱਸ ਹੱਸ ਕੇ ਰਾਤ ਕਾਲੀ, ਸਾਨੂੰ ਡਰਾਵੇ ਆਕੇ।
ਨ੍ਹੇਰੇ ਦੇ ਨਾਲ ਰਲ਼ਕੇ, ਸੂਰਜ ਨੂੰ ਹੈ ਲੁਕੋਇਆ।
ਮੱਚੇਗੀ ਕੂੜ ਨਗਰੀ, ਲਟ-ਲਟ ਆਕਾਸ਼ ਬਲਣਾ।
ਸਮਝੀਂ ਤੂੰ ਤੇਰੇ ਸਿਰ ’ਤੇ, ਸੱਚ ਦਾ ਖੜਾਕ ਹੋਇਆ।
ਇਹ ਤਾਜ ਤਖ਼ਤ ਕੀ ਹੈ, ਤੇਰਾ ਗੁਮਾਨ ਜਾਣੀ।
ਤੈਨੂੰ ਖ਼ਿਆਲ ਨਹੀਂ ਹੈ, ਕਿੱਡਾ ਹੈ ਕਹਿਰ ਹੋਇਆ।
ਹੱਸ-ਹੱਸਕੇ ਤੂੰ ਕੀ ਦੇਖੇਂ, ਸੱਚ ਦਾ ਇਉਂ ਖਿੱਲਰ ਜਾਣਾ।
ਤੇਰੇ ਹੀ ਸਿਰ ’ਤੇ ਚੜ੍ਹਨਾ, ਜਾਣਾ ਨਹੀਂ ਬੋਝ ਢੋਹਿਆ।
ਚੁੰਮੇ ਕੋਈ ਮੈਨੂੰ ਆਕੇ, ਮਿੱਟੀ ਹੈ ਮੰਗ ਕਰਦੀ।
ਦੇਖੇ ਨਜ਼ਰ ਉਠਾ ਕੇ, ਮੇਰਾ ਜੋ ਹਸ਼ਰ ਹੋਇਆ।
ਹੈ ਸਮੇਂ ਨੇ ਬਦਲ ਜਾਣਾ, ਇਹੀ ਪੈਗਾਮ ਉਸਦਾ।
ਬੁੱਲ੍ਹਾਂ ਨੂੰ ਲਾ ਪਿਆਲਾ, ਸੁਕਰਾਤ ਜਦ ਹੈ ਮੋਇਆ।
ਸੰਪਰਕ: 98787-57904
* * *
ਗ਼ਜ਼ਲ
ਰਣਜੀਤ ਆਜ਼ਾਦ ਕਾਂਝਲਾ
ਵੇਖ ਵੇਖ ਮੈਂ ਸੱਜਣਾ ਵਕਤ ਟਪਾਇਆ ਹੈ।
ਅਪਣੇ ਮਨ ਨੂੰ ਬੜੀ ਦੇਰ ਸਮਝਾਇਆ ਹੈ।
ਹਰ ਬੰਦਾ,ਬੰਦੇ ਦਾ ਦੋਖੀ ਕਿਉਂ ਬਣਿਆ,
ਇੱਕ ਅੰਮੀ ਦੇ ਜਾਏ ਕੌਣ ਪਰਾਇਆ ਹੈ।
ਪੜ੍ਹੇ ਲਿਖੇ ਵੀ ਆਪਾ ਅਨਰਥ ਬਣਾਉਂਦੇ ਨੇ,
ਅਨਪੜ੍ਹਾਂ ਤੋਂ ਵਧ ਕੇ ਢੌਂਗ ਰਚਾਇਆ ਹੈ।
ਚੰਦ ਕੁ ਬੰਦੇ ਚੌਧਰ ਖਾਤਰ ਕੀ ਪਏ ਨੇ ਕਰਦੇ,
ਇਨ੍ਹਾਂ ਘੜੰਮ ਚੌਧਰੀਆਂ ਦਿਨੇ ਹਨੇਰ ਪਾਇਆ ਹੈ।
ਮਤਲਬ ਖਾਤਰ ਗਧੇ ਨੂੰ ਬਾਪੂ ਕਹਿੰਦੇ ਇਹ,
ਗਧੇ ਦੇ ਪੁੱਤਰਾਂ ਨੇ ਦਿਨੇ ਹਨੇਰ ਪਾਇਆ ਹੈ।
ਮੁੱਲ ਵਿਕਦਾ ਹੈ ਪਿਆਰ ਦੋਸਤੋ ਮੁੱਲ ਵਿਕਦੈ,
ਪਿਆਰ ਦੀ ਖਾਤਰ ਯਾਰ ਨੂੰ ਬਲੀ ਚੜ੍ਹਾਇਆ ਹੈ।
ਈਮਾਨ ਧਰਮ ਨੂੰ ਉੱਕਾ ਹੀ ਮਾਰ ਮੁਕਾ ਕੇ ਤੇ,
ਗਿਰਗਿਟ ਵਾਂਗੂੰ ਲੋਕਾਂ ਰੰਗ ਵਟਾਇਆ ਹੈ।
ਸੱਚ ਲਈ ‘ਆਜ਼ਾਦ’ ਹਮੇਸ਼ਾ ਲਿਖਦਾ ਰਹਿ,
ਕਲਮ ਤੇਰੀ ਨੂੰ ਟੱਕ ਤੇਗ ਦਾ ਲਾਇਆ ਹੈ।
ਸੰਪਰਕ: 94646-97781
* * *
ਗ਼ਜ਼ਲ
ਮਹਿੰਦਰ ਸਿੰਘ ਮਾਨ
ਜਦ ਖੀਸੇ ’ਚੋਂ ਪੈਸੇ ਮੁੱਕ ਜਾਂਦੇ ਨੇ,
ਯਾਰ ਪਤਾ ਨਹੀਂ ਕਿੱਥੇ ਲੁਕ ਜਾਂਦੇ ਨੇ।
ਪੰਛੀ ਉਨ੍ਹਾਂ ਨੂੰ ਛੱਡ ਕੇ ਉੱਡ ਜਾਵਣ,
ਜਦ ਨਦੀਆਂ ’ਚੋਂ ਪਾਣੀ ਸੁੱਕ ਜਾਂਦੇ ਨੇ।
ਇਹ ਇਨ੍ਹਾਂ ਲਈ ਬੇਹੱਦ ਜ਼ਰੂਰੀ ਹੈ,
ਮਾਲੀ ਬਾਝੋਂ ਬੂਟੇ ਸੁੱਕ ਜਾਂਦੇ ਨੇ।
ਉਹ ਹੋਰਾਂ ਲਈ ਰਹਿਬਰ ਬਣ ਜਾਂਦੇ ਨੇ,
ਜਿਹੜੇ ਰਾਹ ’ਚੋਂ ਕੰਡੇ ਚੁੱਕ ਜਾਂਦੇ ਨੇ।
ਪੱਕੇ ਫਲ ਪੰਛੀ ਤੱਕ ਵੀ ਨਹੀਂ ਸਕਦੇ,
ਤਾਂ ਹੀ ਇਹ ਕੱਚੇ ਫਲ ਟੁੱਕ ਜਾਂਦੇ ਨੇ।
ਤੇਜ਼ ਹਨੇਰੀ ਵਿੱਚ ਉਹ ਹੀ ਬਚਦੇ ਨੇ,
ਜਿਹੜੇ ਹਰੇ ਘਾਹ ਵਾਂਗਰ ਝੁਕ ਜਾਂਦੇ ਨੇ।
ਉਨ੍ਹਾਂ ਨੂੰ ਮੰਜ਼ਲ ਨਹੀਂ ਮਿਲਦੀ ਯਾਰੋ,
ਜਿਹੜੇ ਰਾਹਵਾਂ ਦੇ ਵਿੱਚ ਰੁਕ ਜਾਂਦੇ ਨੇ।
ਸੰਪਰਕ: 99158-03554
* * *
ਮਦਾਰੀ ਤੇ ਜਮੂਰਾ
ਹਰਪ੍ਰੀਤ ਪੱਤੋ
ਇੱਕ ਦਿਨ ਇੱਕ ਮਦਾਰੀ ਸੀ ਸਾਡੇ
ਪਿੰਡ ਵਿੱਚ ਆਇਆ,
ਨਾਲ ਉਸ ਦੇ ਸੀ ਜਮੂਰਾ
ਰਲ ਕੇ ਖੇਡਾ ਪਾਇਆ।
ਮਦਾਰੀ ਆਖੇ ਦੱਸ ਜਮੂਰੇ
ਕਿੱਥੇ ਸੈਰ ਨੂੰ ਜਾਣਾ,
ਉਹੀ ਤੈਨੂੰ ਖਾਣਾ ਖਵਾਦੀਏ
ਜੋ ਵੀ ਹੈ ਤੂੰ ਖਾਣਾ।
ਜਮੂਰਾ ਕਿਹੜਾ ਘੱਟ ਸੀ ਅੱਗੋਂ
ਝੱਟ ਸਵਾਲ ਸੁਣਾਇਆ,
ਮਦਾਰੀ ਸੁਣ ਹੈਰਾਨ ਰਹਿ ਗਿਆ
ਕੋਈ ਜਵਾਬ ਨਾ ਆਇਆ।
ਉਸ ਨੇ ਆਖਿਆ ਦੇਸ਼ ਮੇਰੇ ’ਚੋਂ
ਭ੍ਰਿਸ਼ਟਾਚਾਰ ਮੁਕਾ ਦੇ,
ਬੇਰੁਜ਼ਗਾਰੀ ਦੂਰ ਕਰ ਦੇ
ਕਈ ਫੈਕਟਰੀਆਂ ਲਾ ਦੇ।
ਸੁਣ ਮਦਾਰੀ ਹੋਰ ਆਪਾਂ ਨੇ
ਇਹ ਕਰਨੀਆਂ ਖੇਲਾਂ,
ਨਸ਼ੇ ਦੇ ਸੌਦਾਗਰ ਫੜ ਫੜ ਕੇ
ਬੰਦ ਕਰਨੇ ਵਿੱਚ ਜੇਲ੍ਹਾਂ।
ਢੀਚਕ ਝੁਰਲੂ ਜੇ ਤੂੰ ਕਰਨਾ
ਐਸਾ ਕਰ ਦੇ ਜਾਦੂ,
ਦੇਸ਼ ਮੇਰੇ ਵਿੱਚ ਆਰਥਿਕਤਾ ਦਾ
ਪਹੀਆ ਚੱਲੇ ਵਾਧੂ।
ਕੋਈ ਇੱਥੇ ਭੁੱਖਾ ਨਾ ਸੌਵੇਂ
ਇਨਸਾਫ਼ ਸਭ ਨਾਲ ਹੋਵੇ,
ਸਾਰੇ ਰਲ ਮਿਲ ਹੱਸਣ ਖੇਡਣ
ਨਾ ਅੱਖ ਕਿਸੇ ਦੀ ਰੋਵੇ।
ਸੁਣ ਮਦਾਰੀ ਹੱਥ ਜੋੜਦਾ ਇਹ
ਗੱਲ ਵੱਸੋਂ ਬਾਹਰੀ,
ਨਾ ਤਾਂ ਇੱਥੇ ਨਸ਼ਾ ਰੁਕਣਾ
ਨਾ ਹੀ ਭ੍ਰਿਸ਼ਟਾਚਾਰੀ।
ਇਹ ਸਭ ਕੁਝ ਲੀਡਰ ਕਰਦੇ
ਮੇਰੇ ਵੱਸ ਨਾ ਭਾਈ,
ਮਦਾਰੀ ਆਖੇ
ਮੈਥੋਂ ਵੀ ਮੰਗਦੇ ਟੈਕਸ,
ਪੱਤੋ ਨੇ ਗੱਲ ਸੁਣਾਈ।
ਸੰਪਰਕ: 94658-21417