For the best experience, open
https://m.punjabitribuneonline.com
on your mobile browser.
Advertisement

ਭਾਰ ਜ਼ਿਆਦਾ ਹੋ ਜੂ...

08:21 AM May 27, 2024 IST
ਭਾਰ ਜ਼ਿਆਦਾ ਹੋ ਜੂ
Advertisement

ਪ੍ਰੋ. ਕੇ ਸੀ ਸ਼ਰਮਾ

ਪੰਜਾਹਵਿਆਂ ਦੇ ਸ਼ੁਰੂ ਵਿਚ ਮਾਲਵੇ ਦੇ ਆਮ ਜਿਹੇ ਪਿੰਡ ਵਿਚ ਜਨਮ ਹੋਇਆ। ਬਾਪੂ ਦੇ ਜਲਦੀ ਤੁਰ ਜਾਣ ਕਰ ਕੇ ਸਾਡੇ ਪਾਲਣ-ਪੋਸ਼ਣ ਦਾ ਜ਼ਿੰਮਾ ਬੇਬੇ ਨੇ ਚੁੱਕ ਲਿਆ। ਬਚਪਨ ਗਰੀਬੀ, ਬਰਸਾਤਾਂ ਵਿਚ ਚੋਂਦੇ ਕੱਚੇ ਕੋਠਿਆਂ ਵਿਚ ਬੀਤਿਆ। ਉਂਝ ਉਸ ਵੇਲੇ ਰਹਿਣ-ਸਹਿਣ ਦਾ ਪੱਧਰ ਸਾਰੇ ਸਮਾਜ ਵਿਚ ਹੀ ਹਲਕਾ ਹੁੰਦਾ ਸੀ। ਸਰਦੇ ਪੁੱਜਦੇ ਘਰ ਵੀ ਦੁਪਹਿਰੇ ਰੋਟੀ ਚਟਣੀ ਨਾਲ ਖਾਂਦੇ ਸਨ। ਮਠਿਆਈ ਕੋਈ ਬਾਹਰੋਂ ਆਇਆ ਰਿਸ਼ਤੇਦਾਰ ਹੀ ਲਿਆਉਂਦਾ ਸੀ ਜਾਂ ਵਿਆਹ ਸ਼ਾਦੀਆਂ ਵੇਲੇ ਮਿਲਦੀ ਸੀ। ਮੇਰੇ ਲਈ ਕਦੇ ਕਦਾਈਂ ਮਾਹਲਾ ਰਾਮ ਦੀ ਦੁਕਾਨ ਤੋਂ ਚੁਆਨੀ ਦੇ ਲਾਲ ਬੱਤੇ ’ਚ ਬਰਫ ਪਾ ਕੇ ਪੀਣਾ ਨਿਆਮਤ ਹੁੰਦਾ ਸੀ ਪਰ ਚੁਆਨੀ ਜੋੜਨ ਲਈ ਕਈ ਝੂਠ-ਤੂਫਾਨ ਮਾਰਨੇ ਅਤੇ ਕਾਪੀ ਕਿਤਾਬਾਂ ਦੇ ਖਰਚੇ ਵਿਚੋਂ ਚੋਰੀ ਕਰਨੇ ਪੈਂਦੇ ਸਨ। ਟੈਗੋਰ ਦੇ ਲੇਖ ‘ਮਾਈ ਚਾਈਲਡਹੁੱਡ’ ਵਾਂਗ ਗਰੀਬੀ ਦਾ ਕਦੇ ਅਹਿਸਾਸ ਨਹੀਂ ਸੀ ਹੋਇਆ।
ਕਿਵੇਂ ਨਾ ਕਿਵੇਂ ਆਸ-ਪਾਸ ਦੇ ਸਰਕਾਰੀ ਸਕੂਲਾਂ ਤੋਂ ਦਸਵੀਂ ਹੋ ਗਈ। ਨੇੜੇ ਖੁੱਲ੍ਹੇ ਨਵੇਂ ਪੇਂਡੂ ਕਾਲਜ ਤੋਂ (ਪਜਾਮਾ ਪਾ ਕੇ) ਚੰਗੇ ਨੰਬਰਾਂ ਵਿਚ ਬੀਏ ਪਾਸ ਕਰ ਲਿਆ। ਫਿਰ ਕੁਝ ਜ਼ਮੀਨ ਗਹਿਣੇ ਕਰ ਕੇ ਚੰਡੀਗੜ੍ਹ ਤੋਂ ਉੱਚ ਸਿੱਖਿਆ ਹਾਸਲ ਕੀਤੀ। ਛੇਤੀ ਹੀ ਸਰਕਾਰੀ ਬੈਂਕ ਵਿਚ ਅਫਸਰ ਦੀ ਨੌਕਰੀ ਮਿਲ ਗਈ। ਵਿਆਹ ਹੋ ਗਿਆ; ਇਕ ਧੀ ਅਤੇ ਦੋ ਪੁੱਤਰ ਘਰ ਆ ਗਏ। ਬੱਚਿਆਂ ਦੀ ਮਾਂ ਵੀ ਨੌਕਰੀ ਕਰਦੀ ਸੀ। ਬੱਚੇ ਹੁਸ਼ਿਆਰ ਸਨ ਅਤੇ ਉਨ੍ਹਾਂ ਨੂੰ ਵੱਖ-ਵੱਖ ਕੋਰਸਾਂ ਲਈ ਦਿੱਲੀ ਦੇ ਮਸ਼ਹੂਰ ਕਾਲਜਾਂ ਵਿਚ ਦਾਖਲਾ ਮਿਲ ਗਿਆ। ਉਨ੍ਹਾਂ ਨੂੰ ਹੋਸਟਲ ਰੱਖਣ ਦੀ ਥਾਂ ਅਸੀਂ ਦੋਵਾਂ ਨੇ ਦਿੱਲੀ ਦੀ ਬਦਲੀ ਕਰਾ ਲਈ। ਭਲੇ ਵੇਲੇ ਗੁੜਗਾਵਾਂ ਵਿਚ ਬਾਰਾਂ ਮਰਲੇ ਦੇ ਪਲਾਟ ਵਿਚ ਹੌਲੀ-ਹੌਲੀ ਦੋ ਮੰਜ਼ਿਲਾ ਮਕਾਨ ਬਣਾ ਲਿਆ। ਮੇਰੇ ਕੋਲ ਰਹਿ ਕੇ ਛੋਟੇ ਭਰਾ ਤੇ ਭੈਣ ਦੇ ਬੱਚੇ ਵੀ ਪੜ੍ਹਦੇ ਰਹੇ। ਬੇਬੇ ਹੁਣ ਅੱਸੀਆਂ ਤੋਂ ਉਪਰ ਹੋ ਚੱਲੀ ਸੀ ਪਰ ਸਿਹਤ ਬਿਲਕੁਲ ਠੀਕ, ਵਾਲ ਕੋਈ-ਕੋਈ ਚਿੱਟਾ ਅਤੇ ਐਨਕ ਦੀ ਲੋੜ ਨਹੀਂ। ਹਾਂ, ਕੱਦ ਲੰਮਾ ਹੋਣ ਕਰ ਕੇ ਥੋੜ੍ਹਾ ਕੁੱਬ ਪੈ ਗਿਆ ਸੀ ਅਤੇ ਸੋਟੀ ਫੜਨੀ ਪਈ।
ਛੋਟਾ ਭਰਾ ਪਿੰਡ ਹੀ ਰਿਹਾ। ਉਸ ਦੇ ਬੱਚੇ ਵੀ ਪੜ੍ਹ ਲਿਖ ਕੇ ਵਿਦੇਸ਼ਾਂ ਅਤੇ ਸ਼ਹਿਰਾਂ ਵਿਚ ਜਾ ਵਸੇ। ਵੱਡਾ ਪੁੱਤਰ ਉਸ ਕੋਲ ਹੀ ਰਿਹਾ ਅਤੇ ਨਾਲ ਦੀ ਮੰਡੀ ਵਿਚ ਆੜ੍ਹਤ ਦੀ ਦੁਕਾਨ ਖੋਲ੍ਹ ਲਈ। ਵਿਚੋ-ਵਿਚ ਅਸੀਂ ਪਿੰਡ ਵੀ ਮਕਾਨ ਬਣਾ ਲਿਆ ਸੀ। ਸਾਡੇ ਦੋਹਾਂ ਭਰਾਵਾਂ ਅਤੇ ਛੋਟੀ ਭੈਣ ਦੇ ਵਿਆਹ ਇਸੇ ਘਰ ਵਿਚ ਹੋਏ। ਮੇਰੇ ਦਿੱਲੀ ਜਾਣ ਵੇਲੇ ਇਹ ਮਕਾਨ ਛੋਟੇ ਦੇ ਹਿੱਸੇ ਆ ਗਿਆ। ਗੁੜਗਾਵਾਂ ਵਾਲੇ ਮਕਾਨ ਵਿਚ ਕੂਲਰ, ਗੱਦੇਦਾਰ ਦੀਵਾਨ, ਛੋਟਾ ਸੋਫਾ, ਅਲਮਾਰੀ, ਮੰਦਰ ਵਾਲਾ ਕਮਰਾ ਬੇਬੇ ਲਈ ਬਣਾਇਆ ਪਰ ਬੇਬੇ ਸਾਡੇ ਕੋਲ ਮੁਸ਼ਕਿਲ ਨਾਲ ਸਾਲ ਵਿੱਚ ਦੋ ਕੁ ਮਹੀਨੇ ਰਹਿੰਦੀ ਸੀ। ਇਥੇ ਉਸ ਦਾ ਜੀਅ ਘੱਟ ਹੀ ਲਗਦਾ ਸੀ। ਪਿੰਡ ਵਿਚ ਉਹ ਸਭ ਨੂੰ ਜਾਣਦੀ ਸੀ। ਹਰ ਛੋਟਾ-ਵੱਡਾ ਉਸ ਦੇ ਪੈਰੀਂ ਹੱਥ ਲਾ ਕੇ ਅਸੀਸ ਲੈਂਦਾ। ਔਰਤਾਂ ਉਸ ਤੋਂ ਸਮਾਜਕ, ਧਾਰਮਿਕ, ਵਿਆਹ ਸ਼ਾਦੀ ਦੇ ਰਸਮਾਂ ਰਿਵਾਜ਼ਾਂ ਬਾਰੇ ਰਾਏ ਲੈਂਦੀਆਂ। ਬੇਬੇ ਹਰ ਸੰਗਰਾਂਦ ਅਤੇ ਪੁੰਨਆ ਗੁਰਦੁਆਰੇ ਜਾਂਦੀ। ਖੰਘ-ਖੁਲਕੀ ਵੇਲੇ ਮਹੰਤ ਤੋਂ ਦੇਸੀ ਪੁੜੀਆਂ ਵੀ ਲੈਂਦੀ।
ਘਰ ਵਿਚ ਪਹਿਲੇ ਬੱਚੇ ਦੀ ਆਮਦ ਵੇਲੇ ਬੇਬੇ ਸਾਡੇ ਕੋਲ ਤਿੰਨ ਮਹੀਨੇ ਰਹੀ। ਘਰ ਵਿਚ ਧੀ ਆ ਗਈ। ਬੇਬੇ ਨੂੰ ਭਾਵੇਂ ਕੁੜੀ ਦਾ ਹੋਣਾ ਚੰਗਾ ਨਹੀਂ ਲੱਗਾ ਪਰ ਉਹ ਕੁਝ ਬੋਲੀ ਨਹੀਂ। ਅਸੀਂ ਧੀ ਦਾ ਨਾਂ ਅੰਕਿਤਾ ਰੱਖਿਆ। ਬੇਬੇ ਨੂੰਹ ਨੂੰ ਬੋਲੀ, “ਨੀ ਫੋਟ! ਮੈਨੂੰ ਇਹ ਨਾਂ ਲੈਣਾ ਨਹੀਂ ਆਉਂਦਾ। ਇਹ ਤਾਂ ਮੇਰੇ ਅੱਕੋਅ ਹੈ।” ਜਲਦੀ ਹੀ ਅੰਕਿਤਾ ਬੇਬੇ ਦੀ ਸਭ ਤੋਂ ਵੱਧ ਦੁਲਾਰੀ ਬਣ ਗਈ। ਸਮਾਂ ਲੰਘਿਆ, ਅਮਰੀਕਾ ਵਸੇ ਲੁਧਿਆਣੇ ਦੇ ਇਕ ਲੜਕੇ ਨਾਲ ਅੰਕਿਤਾ ਦੀ ਸ਼ਾਦੀ ਹੋ ਗਈ। ਵਿਆਹ ਵੇਲੇ ਬੇਬੇ ਨੇ ਸ਼ਗਨਾਂ ਦੀ ਢੋਲਕੀ ਅਤੇ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ। ਹੁਣ ਅੰਕਿਤਾ ਦੋ-ਤਿੰਨ ਸਾਲਾਂ ਬਾਅਦ ਹੀ ਭਾਰਤ ਆਉਂਦੀ ਸੀ। ਉਂਝ ਭਤੀਜਾ, ਦਾਦੀ ਪੋਤੀ ਦੀ ਸੁੱਖ-ਸਾਂਦ ਦੀ ਗੱਲ ਕਰਾਉਂਦਾ ਰਹਿੰਦਾ ਸੀ। ਬੇਬੇ ਦਾ ਇਕੋ ਹੀ ਘਿਣਾ ਹੁੰਦਾ, “ਧੀਏ ਆਪਣੀ ਅੰਬੋ ਨੂੰ ਮਿਲ ਜਾ। ਕੰਧੀ ਉੱਤੇ ਰੁਖੜੇ ਦਾ ਕੀ ਵਿਸਾਹ...।” ਮੇਰੇ ਨਾਲ ਗੱਲ ਵਿਚ ਵੀ ਬੇਬੇ ਦਾ ਅੰਕਿਤਾ ਨੂੰ ਮਿਲਣ ਦੀ ਚਾਹ ਉੱਤੇ ਜ਼ੋਰ ਹੁੰਦਾ।
ਕੁਝ ਸਮੇਂ ਬਾਅਦ ਅੰਕਿਤਾ ਦਾ ਜਨਵਰੀ ਵਿਚ ਇਕ ਮਹੀਨੇ ਲਈ ਭਾਰਤ ਆਉਣ ਦਾ ਪ੍ਰੋਗਰਾਮ ਬਣ ਗਿਆ। ਸਹੁਰੇ ਪੱਖ ਦਾ ਧਿਆਨ ਰੱਖਦੇ ਹੋਏ ਉਸ ਨੇ ਸਾਨੂੰ ਗਿਆਰਾਂ ਦਿਨ ਦੇ ਦਿੱਤੇ। ਅਸੀਂ ਅੱਗੇ ਦੋ ਰਾਤਾਂ ਪਿੰਡ ਦਾ ਪ੍ਰੋਗਰਾਮ ਬਣਾ ਲਿਆ। ਜਿਉਂ ਹੀ ਬੇਬੇ ਨੂੰ ਪਤਾ ਲੱਗਾ, ਉਸ ਵਿਚ ਕਹਿਰਾਂ ਦਾ ਜੋਸ਼ ਭਰ ਗਿਆ। ਉਹ ਆਪਣੀ ਲਾਡੋ ਦੇ ਗੇੜੇ ਨੂੰ ਬੇਮਿਸਾਲ ਬਣਾਉਣ ਵਿਚ ਜੁਟ ਗਈ।
ਪਿੰਡ ਦੇ ਰੋਡਵੇਜ਼ ਦੇ ਡਰਾਈਵਰ ਮੁੰਡੇ ਤੋਂ ਪਹਾੜੀ ਮਿੱਠੀ ਮੱਕੀ ਦਾ ਪੰਜ ਕਿਲੋ ਆਟਾ ਮੰਗਾਇਆ। ਘਲਾੜੀ ’ਤੇ ਜਾ ਕੇ ਸੌਂਫ, ਖੋਪਾ, ਘਿਓ ਪਾ ਕੇ ਦੋ ਤਿੰਨ ਕਿਲੋ ਗੁੜ ਅਤੇ ਸ਼ੱਕਰ ਬਣਵਾਏ। ਗਾੜ੍ਹੇ ਦੁੱਧ ਵਿਚ ਚਾਰ ਕਿਲੋ ਗਾਜਰ ਪਾਅ ਬਣਵਾਇਆ। ਜੁਲਾਈ ਵਿਚ ਘਰੇ ਪਾਏ ਅੰਬਾਂ ਦੇ ਆਚਾਰ ਦਾ ਮਰਤਬਾਨ ਸੀਲ ਕੀਤਾ। ਦੇਸੀ ਖੰਡ ਦੀ ਪੰਜੀਰੀ ਦਾ ਡਾਲਡੇ ਦਾ ਚਾਰ ਕਿਲੋ ਡੱਬਾ ਭਰ ਕੇ ਤਿਆਰ ਕੀਤਾ। ਜੇ ਕੋਈ ਨੂੰਹ ਟੋਕਦੀ ਤਾਂ ਫਟਕਾਰ ਪੈਂਦੀ, “ਨੀ ਕੰਮ ਚੋਰਨੀਓਂ! ਮੇਰੀ ਕੁੜੀ ਆ ਰਹੀ ਐ। ਮੈਂ ਉਹਨੂੰ ਗੁੜਤੀ ਦਿੱਤੀ ਸੀ। ਗੋਰਿਆਂ ਦੇ ਦੇਸ਼ਾਂ ਵਿਚ ਇਹ ਸ਼ੁੱਧ ਚੀਜ਼ਾਂ ਨਹੀਂ ਮਿਲਦੀਆਂ।” ਖਰ-ਕਰਾ ਕੇ ਦਸੂਤੀ ਦਾ ਥੈਲਾ ਸਿਉਂ ਕੇ ਪੰਦਰਾਂ ਕੁ ਕਿਲੋ ਸਾਮਾਨ ਪੈਕ ਕਰ ਦਿੱਤਾ। ਸਾਡੇ ਆਉਣ ਵਾਲੇ ਦਿਨ ਦੇਸੀ ਸਰੋਂ ਦਾ ਸਾਗ, ਗਾੜ੍ਹੀ ਖੀਰ ਅਤੇ ਗੁੜ ਦੇ ਤਵੇ ਵਾਲੇ ਪੂੜੇ ਤਿਆਰ ਕਰ ਲਏ।
ਕੈਲੋਰੀ ਬਾਰੇ ਚੇਤੰਨ ਅੰਕਿਤਾ ਨੇ ਤਾਂ ਖੀਰ ਪੂੜੇ ਸੁੰਘੇ ਹੀ ਪਰ ਮੱਕੀ ਦੀ ਰੋਟੀ ਅਤੇ ਸਾਗ ਖੂਬ ਸੁਆਦ ਨਾਲ ਖਾਧੇ। ਅਗਲੇ ਦੋ ਦਿਨ ਖਾਣ ਪੀਣ, ਹਾ-ਹਾ ਹੀ-ਹੀ ਦੀ ਮਸਤੀ ਨਾਲ ਘਰ ਵਿਚ ਵਿਆਹ ਜੈਸਾ ਰੰਗ ਬੱਝਿਆ ਰਿਹਾ। ਤੁਰਨ ਵੇਲੇ ਬੇਬੇ ਨੇ ਮੁਚੜੇ ਹੋਏ ਦਸ-ਦਸ ਦੇ ਦਸ ਅਤੇ ਇਕ ਦੇ ਨੋਟ ਨਾਲ ਥੈਲਾ ਅੰਕਿਤਾ ਨੂੰ ਭੇਂਟ ਕਰ ਦਿੱਤਾ। ਅੰਕਿਤਾ ਨੇ “ਭਾਰ ਜ਼ਿਆਦਾ ਹੋ ਜਾਊ” ਕਹਿ ਕੇ ਸਾਮਾਨ ਨੂੰ ਨਾਂਹ ਕਰ ਦਿੱਤੀ। ਬੇਬੇ ਨੇ ਨਿਰਾਸ਼ਤਾ ਨਾਲ ਕਿਹਾ, “ਨੀ, ਨਾਂਹ ਫਨਾਹ ਦੀਏ ਮਾਰੀਏ, ਤੂੰ ਭਾਰ ਸਿਰ ’ਤੇ ਲਿਜਾਣੈ। ਆਪੇ ਮੁੰਡੇ ਚੜ੍ਹਾ ਦੇਣਗੇ।” ਅੰਕਿਤਾ ਸਮਾਨ ਪਿੱਛੇ ਮਾਂ ਦੇ ਪਿਆਰ ਦੇ ਭਾਵ ਨਹੀਂ ਸਮਝ ਰਹੀ ਸੀ। ਮੈਂ ਬੇਬੇ ਦੇ ਜਜ਼ਬਾਤ ਅਤੇ ਜਹਾਜ਼ ਵਿਚ ਵਾਧੂ ਸਮਾਨ ਦੀ ਅਸਲੀਅਤ ਵਿਚ ਕਸੂਤਾ ਫਸ ਗਿਆ। ਖ਼ੈਰ! ਹਾਲਤ ਨੂੰ ਸੰਭਾਲਦੇ ਹੋਏ ਪਸੇਰੀ ਕੁ ਦਾ ਝੂਠ ਬੋਲ ਦਿੱਤਾ, “ਬੇਬੇ ਤੂੰ ਚਿੰਤਾ ਨਾ ਕਰ, ਬੱਚੀ ਐ, ਮੈਂ ਸਮਝਾ ਦੂੰਗਾ।” ਬੇਬੇ ਤੋਂ ਚੋਰੀ ਕੁਝ ਸਮਾਨ ਮੈਂ ਕਾਰ ਵਿਚ ਰੱਖ ਲਿਆ। ਬਾਕੀ ਨੂੰ ਭਤੀਜੇ ਨੂੰ ਸਾਂਭਣ ਦਾ ਇਸ਼ਾਰਾ ਕੀਤਾ। ਬੇਬੇ ਪਾਠ ਕਰਦੀ ਹੋਈ ਆਪਣੇ ਆਪ ਨਾਲ ਹੀ ਬੁਦ-ਬੁਦਾ ਰਹੀ ਸੀ, “ਚੱਲ ਧੀ ਧਿਆਣੀ ਚਾਰ ਦਿਨ ਦੇਸੀ ਤਾਕਤ ਵਾਲੀਆਂ ਚੀਜ਼ਾਂ ਖਾਊ। ਸਹੁਰੇ ਘਰ ਵੀ ਮਾਣ ਵਧੂ।... ਰੱਬ ਹੁਣ ਜਲਦੀ ਉਸ ਦੇ ਘਰ ਬੂਟਾ ਲਾ ਦੇਵੇ...।” ਉਸ ਨੂੰ ਕੀ ਪਤਾ ਕਿ ਉਸ ਦੇ ਸਮਾਨ ਦਾ ਅਸੀਂ ਦਸ ਦਿਨ ਭੋਗ ਲਗਾਇਆ!
ਹਾਂ, ਦੋ ਸਾਲਾਂ ਬਾਅਦ ਬੇਬੇ ਦੀ ਅਸੀਸ ਫਲ ਗਈ। ਸਾਡੇ ਘਰ ਦੋਹਤਵਾਨ ਆ ਗਿਆ ਪਰ ਅਸੀਸ ਦੇਣ ਵਾਲੀ ਦੇਵੀ ਬਹੁਤ ਪਹਿਲਾਂ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਚੁੱਕੀ ਸੀ।

Advertisement

ਸੰਪਰਕ: 95824-28184

Advertisement
Author Image

sukhwinder singh

View all posts

Advertisement
Advertisement
×